*ਲੁਧਿਆਣਾ 'ਚ ਫਲਸਤੀਨੀ ਝੰਡਾ ਲੈਕੇ ਲੱਖਾਂ ਮੁਸਲਮਾਨਾਂ ਨੇ ਅਦਾ ਕੀਤੀ ਈਦ-ਉਲ-ਫਿਤਰ ਦੀ ਨਮਾਜ.
#ਇਜ਼ਰਾਈਲ ਜੰਗ ਦੇ ਨਾਂ 'ਤੇ ਕਤਲੇਆਮ ਕਰ ਰਿਹਾ ਹੈ, ਇਹ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ : ਸ਼ਾਹੀ ਇਮਾਮ ਪੰਜਾਬ#
ਲੁਧਿਆਣਾ, 11 ਅਪ੍ਰੈਲ (ਇੰਦਰਜੀਤ) - ਪਵਿੱਤਰ ਰਮਜਾਨ ਸ਼ਰੀਫ ਦੇ ਤੀਂਹ ਰੋਜ਼ੇ ਰੱਖਣ ਤੋਂ ਬਾਅਦ ਅੱਜ ਲੁਧਿਆਣਾ ਸ਼ਹਿਰ 'ਚ ਲੱਖਾਂ ਮੁਸਲਮਾਨਾਂ ਨੇ ਈਦ-ਉਲ-ਫਿਤਰ ਦੀ ਨਮਾਜ ਅਦਾ ਕੀਤੀ, ਉੱਥੇ ਹੀ ਇਤਿਹਾਸਿਕ ਜਾਮਾ ਮਸਜਿਦ 'ਚ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀਂ ਨੇ ਸਾਦਗੀ ਨਾਲ ਈਦ ਮਨਾਈ। ਸ਼ਾਹੀ ਇਮਾਮ ਮੌਲਾਨਾ ਮੁੰਹਮਦ ਉਸਮਾਨ ਨੇ ਮੁਸਲਮਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਈਦ ਦੇ ਦਿਨ ਫਲੀਸਤੀਨ ਦੇ ਮਜਲੂਮ ਮੁਸਲਮਾਨਾਂ ਨੂੰ ਭੁਲਾਇਆ ਨਹੀਂ ਜਾ ਸਕਦਾ, ਜਿਨ•ਾਂ ਦਾ ਇਜਰਾਈਲੀ ਅੱਤਵਾਦੀਆਂ ਨੇ ਕਤਲੇਆਮ ਕੀਤਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਫਲੀਸਤੀਨ 'ਚ ਇਜਰਾਈਲ ਦੀ ਗੁੰਡਾਗਰਦੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਜਰਾਈਲ ਦਾ ਹਰ ਇੱਕ ਕਦਮ ਗੈਰ ਇਨਸਾਨੀ ਅਤੇ ਗੈਰ ਕਾਨੂੰਨੀ ਹੈ, ਲੇਕਿਨ ਜੁਲਮ ਦੇ ਖਿਲਾਫ ਸਾਡੀ ਆਵਾਜ ਨੂੰ ਚੁੱਕਣਾ ਸਾਡੀ ਜਿੰਮੇਦਾਰੀ ਹੈ। ਸਾਨੂੰ ਸਾਰੇਆਂ ਨੂੰ ਮਿਲਕੇ ਰਾਜਨੀਤੀਕ ਅਤੇ ਸਮਾਜਿਕ ਤੌਰ 'ਤੇ ਅੱਤਵਾਦ ਦਾ ਵਿਰੋਧ ਕਰਨਾ ਚਾਹੀਦਾ ਹੈ। ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀਂ ਨੇ ਕਿਹਾ ਕਿ ਜੁਲਮ ਦੇ ਖਿਲਾਫ ਚੁੱਪ ਰਹਿਣ ਵਾਲੀਆਂ ਕੌਮਾਂ ਆਪਣਾ ਵਜੂਦ ਗਵਾ ਦਿੰਦੀਆਂ ਹਨ। ਇਸ ਲਈ ਜੇਕਰ ਅਸੀਂ ਜਿੰਦਾ ਹਾਂ ਤਾਂ ਜਿੰਦਾ ਨਜਰ ਆਉਣਾ ਵੀ ਜਰੂਰੀ ਹੈ। ਇਸ ਮੌਕੇ 'ਤੇ ਫਲੀਸਤੀਨ ਦੇ ਲੋਕਾਂ ਦੇ ਨਾਲ ਹਮਦਰਦੀ ਦਿਖਾਉਂਦੇ ਹੋਏ ਜਾਮਾ ਮਸਜਿਦ 'ਤੇ ਫਲੀਸਤੀਨ ਦੇ ਝੰਡੇ ਲਾਏ ਗਏ ਸਨ। ਨਮਾਜ ਅਦਾ ਕਰਨ ਆਏ ਜਿਆਦਾਤਰ ਲੋਕ ਵੀ ਫਲੀਸਤੀਨ ਝੰਡੇ ਲੈਕੇ ਆਏ ਅਤੇ ਸੜਕਾਂ 'ਤੇ ਮੁਸਲਮਾਨ ਹੱਥਾਂ 'ਚ ਵੱਡੇ-ਵੱਡੇ ਬੈਨਰ ਲੈਕੇ ਇਜਰਾਈਲ ਦਾ ਵਿਰੋਧ ਕਰ ਰਹੇ ਸਨ। ਇਸ ਮੌਕੇ 'ਤੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਫਲੀਸਤੀਨ 'ਚ ਲਗਾਤਾਰ ਇਜਰਾਈਲ ਵੱਲੋਂ ਕੀਤੇ ਜਾ ਰਹੇ ਕਤਲੇਆਮ ਦੇ ਕਾਰਨ ਨਾਲ ਲੱਖਾਂ ਫਲੀਸਤੀਨ ਮੁਸਲਮਾਨ ਬੇਘਰ ਹੋ ਗਏ, ਵੱਡੀ ਗਿਣਤੀ 'ਚ ਬੱਚੇ ਹਸਪਤਾਲਾਂ 'ਚ ਜਖ਼ਮੀ ਪਏ ਹਨ, ਫਲੀਸਤੀਨ 'ਚ ਇਸ ਸਮੇਂ ਖਾਦ ਸਮੱਗਰੀ ਦੀ ਵੱਡੀ ਘਾਟ ਹੈ, ਦੀ ਫੌਰੀ ਤੌਰ 'ਤੇ ਮਦਦ ਕੀਤੀ ਜਾਵੇ ਅਤੇ ਫਲੀਸਤੀਨੀ-ਇਜਰਾਈਲ ਮਸਲੇ 'ਚ ਦਖਲ ਦੇ ਕੇ ਇਸ ਜੰਗ ਨੂੰ ਛੇਤੀ ਤੋਂ ਛੇਤੀ ਖਤਮ ਕੀਤਾ ਜਾਵੇ। ਇਸ ਮੌਕੇ ਸ਼ਾਹੀ ਇਮਾਮ ਮੌਲਾਨਾ ਉਸਮਾਨ ਲੁਧਿਆਣਵੀਂ ਨੇ ਫਲੀਸਤੀਨ 'ਚ ਅਮਨ ਅਤੇ ਸ਼ਾਂਤੀ ਲਈ ਵਿਸ਼ੇਸ਼ ਦੁਆ ਵੀ ਕਰਵਾਈ।
ਇਸ ਮੌਕੇ 'ਤੇ ਮੁਸਲਮਾਨਾਂ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹੋਏ ਲੁਧਿਆਣਾ ਹਲਕਾ ਉੱਤਰੀ ਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਅਤੇ ਹਲਕਾ ਸੈਂਟਰਲ ਤੋਂ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਈਦ ਦਾ ਦਿਨ ਸਿਰਫ ਮੁਸਲਮਾਨ ਭਰਾਵਾਂ ਲਈ ਹੀ ਨਹੀਂ ਸਗੋਂ ਸਾਰੇ ਭਾਰਤੀਆਂ ਲਈ ਖੁਸ਼ੀ ਦਾ ਦਿਨ ਹੈ। ਉਨ•ਾਂ ਕਿਹਾ ਕਿ ਅਸੀਂ ਦੁਆ ਕਰਦੇ ਹਾਂ ਕਿ ਇਹ ਖੁਸ਼ੀਆਂ ਭਰੀ ਰੀਤ ਹਮੇਸ਼ਾ ਇੰਜ ਹੀ ਚੱਲਦੀ ਰਹੇ। ਉਨ•ਾਂ ਕਿਹਾ ਕਿ ਇਸ ਤਪਦੀ ਹੋਈ ਗਰਮੀ 'ਚ ਪੂਰਾ ਮਹੀਨਾ ਮੁਸਲਮਾਨ ਰੋਜਾ ਰੱਖਦਾ ਹੈ ਅਤੇ ਆਪਣੇ ਖੁਦਾ ਦੀ ਇਬਾਦਤ ਕਰਦਾ ਹੈ, ਜਿਸਦੇ ਬਦਲੇ 'ਚ ਅੱਲ•ਾ ਤਆਲਾ ਆਪਣੇ ਬੰਦੀਆਂ ਨੂੰ ਈਦ ਦਾ ਪੱਵਿਤਰ ਤਿਉਹਾਰ ਤੋਹਫੇ ਦੇ ਤੌਰ 'ਤੇ ਦਿੰਦੇ ਹਨ। ਓਹਨਾਂ ਕਿਹਾ ਕਿ ਅੱਜ ਦਾ ਦਿਨ ਹਰ ਮੁਸਲਮਾਨ ਆਪਣੇ ਸਾਰੇ ਗਿਲੇ ਸ਼ਿਕਵੇ ਭੁੱਲ ਕੇ ਇੱਕ ਦੂੱਜੇ ਨੂੰ ਗਲੇ ਲਗਾਉਂਦਾ ਹੈ। ਉਹਨਾਂ ਕਿਹਾ ਕਿ ਅੱਜ ਦਾ ਦਿਨ ਸਾਡੇ ਸਭ ਦੇ ਲਈ ਵੱਡੀ ਖੁਸ਼ੀ ਦਾ ਦਿਨ ਹੈ। ਉਹਨਾਂ ਕਿਹਾ ਕਿ ਲੁਧਿਆਣਾ ਸ਼ਹਿਰ ਸਾਰੇ ਧਰਮਾਂ ਦੇ ਲੋਕਾਂ ਦਾ ਇੱਕ ਗੁਲਦਸਤਾ ਹੈ। ਇਸਦੇ ਸਾਰੇ ਫੁਲ ਆਪਣੀ ਖੁਸ਼ਬੂ ਦੇ ਨਾਲ ਮਾਹੌਲ ਨੂੰ ਖੁਸ਼ਗਵਾਰ ਬਣਾ ਕੇ ਰੱਖਦੇ ਹਨ। ਉਹਨਾਂ ਕਿਹਾ ਕਿ ਲੁਧਿਆਣਾ ਦੀ ਇਹ ਇਤੀਹਾਸਿਕ ਜਾਮਾ ਮਸਜਿਦ ਜਿੱਥੇ ਮੁਸਲਮਾਨਾਂ ਦਾ ਮੁੱਖ ਧਾਰਮਿਕ ਕੇਂਦਰ ਹੈ ਉਥੇ ਹੀ ਇਹ ਸਾਰੇ ਧਰਮਾਂ ਦੇ ਲੋਕਾਂ ਲਈ ਅਮਨ ਅਤੇ ਮੁਹੱਬਤ ਦੀ ਨਿਸ਼ਾਨੀ ਵੀ ਹੈ।
ਇਸ ਮੌਕੇ 'ਤੇ ਜਾਮਾ ਮਸਜਿਦ ਲੁਧਿਆਣਾ 'ਚ ਆਪਣੇ ਮੁਸਲਮਾਨ ਭਰਾਵਾਂ ਨੂੰ ਈਦ ਦੀ ਮੁਬਾਰਕਬਾਦ ਦੇਣ ਲਈ ਸਾਬਕਾ ਕੈਬਿਨੇਟ ਮੰਤਰੀ ਹੀਰਾ ਸਿੰਘ ਗਾਬੜੀਆ, ਸਾਬਕਾ ਕੋਂਸਲਰ ਰਾਕੇਸ਼ ਪਰਾਸ਼ਰ, ਪ੍ਰਸਿੱਧ ਸ਼ਾਇਰ ਜਨਾਬ ਗੁਲਾਮ ਹਸਨ ਕੈਸਰ, ਸੀਨੀਅਰ ਅਕਾਲੀ ਨੇਤਾ ਬਲਜੀਤ ਸਿੰਘ ਬਿੰਦਰਾ, ਅਸ਼ੋਕ ਗੁਪਤਾ, ਸ਼ਿੰਗਾਰਾ ਸਿੰਘ ਦਾਦ, ਜਰਨੈਲ ਸਿੰਘ ਤੂਰ, ਗੁਰਪ੍ਰੀਤ ਸਿੰਘ ਵਿੰਕਲ, ਮੁਹੰਮਦ ਮੁਸਤਕੀਮ ਅਹਿਰਾਰੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।