*ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨਿੱਜੀ ਹੱਥਾਂ ਵਿਚ ਸੌਂਪਣ ਵਾਲੀ ਸਰਕਾਰ ਨੂੰ ਸੱਤਾ ਵਿਚ ਬਣੇ ਰਹਿਣ ਦਾ ਨੈਤਿਕ ਅਧਿਕਾਰ ਨਹੀਂ : ਪ੍ਰਵੀਨ ਬਾਂਸਲ.
ਲੁਧਿਆਣਾ, 20 ਅਪ੍ਰੈਲ (ਕੁਨਾਲ ਜੇਤਲੀ) - ਫੋਕਲ ਪੁਆਇੰਟ ਦੀ ਇੱਕ ਸਨਅਤੀ ਸੰਸਥਾ ਵੱਲੋਂ ਵੱਧ ਰਹੇ ਅਪਰਾਧਾਂ ਅਤੇ ਪੁਲਿਸ ਮੁਲਾਜ਼ਮਾਂ ਦੀ ਨਫਰੀ ਦੀ ਘਾਟ ਦਾ ਹਵਾਲਾ ਦਿੰਦਿਆਂ ਨਿੱਜੀ ਸੁਰੱਖਿਆ ਤਾਇਨਾਤ ਕਰਨ ਦਾ ਮਾਮਲਾ ਸਾਹਮਣੇ ਆਉਣ ਨਾਲ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵਿਗੜੀ ਹੋਣ ਦੀ ਪੋਲ ਖੁੱਲ੍ਹ ਗਈ ਹੈ।
ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਜਨਰਲ ਸਕੱਤਰ ਪ੍ਰਵੀਨ ਬਾਂਸਲ ਨੇ ਇਸ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਚਿੰਤਾ ਦੀ ਗੱਲ ਹੈ ਕਿ ਸੂਬਾ ਸਰਕਾਰ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਵਿੱਚ ਨਾਕਾਮ ਹੋ ਗਈ ਹੈ ਅਤੇ ਲੋਕਾਂ ਨੂੰ ਹੁਣ ਆਪਣੀ ਸੁਰੱਖਿਆ ਲਈ ਖੁਦ ਹੀ ਪ੍ਰਬੰਧ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਸ੍ਰੀ ਬਾਂਸਲ ਨੇ ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਅੱਗੇ ਕਿਹਾ ਕਿ ਪੁਲਿਸ ਦੀ ਨਫ਼ਰੀ ਘਟ ਹੋਣ ਦੀ ਗੱਲ ਕਹਿਕੇ ਸਰਕਾਰੀ ਕੰਮਕਾਜ ਨੂੰ ਨਿੱਜੀ ਹੱਥਾਂ ਵਿੱਚ ਸੌਂਪਣਾ ਨਾ ਸਿਰਫ਼ ਸਰਕਾਰ ਅਤੇ ਲੋਕਤੰਤਰ ਲਈ ਸ਼ਰਮ ਵਾਲੀ ਗੱਲ ਹੈ ਸਗੋਂ ਇੱਕ ਘਾਤਕ ਸੰਕੇਤ ਵੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜੇਕਰ ਸੜਕਾਂ ਦੀ ਮੁਰੰਮਤ ਨਾ ਕੀਤੀ ਗਈ ਅਤੇ ਗਲੀਆਂ ਵਿੱਚ ਸਫ਼ਾਈ ਨਾ ਹੋਈ ਤਾਂ ਲੋਕ ਨਗਰ ਨਿਗਮ ਨੂੰ ਟੈਕਸ ਦੇਣਾ ਬੰਦ ਕਰ ਦੇਣਗੇ ਅਤੇ ਕੰਮ ਕਲੱਬਾਂ ਅਤੇ ਐਨ.ਜੀ.ਓਜ਼ ਦੇ ਹਵਾਲੇ ਕਰਨਾ ਸ਼ੁਰੂ ਕਰ ਦੇਣਗੇ। ਅੱਸੀ ਫੀਸਦੀ ਸਿੱਖਿਆ ਅਤੇ ਮੈਡੀਕਲ ਪ੍ਰਬੰਧ ਪਹਿਲਾਂ ਹੀ ਨਿੱਜੀ ਹੱਥਾਂ ਵਿੱਚ ਹਨ। ਸ੍ਰੀ ਬਾਂਸਲ ਨੇ ਕਿਹਾ ਕਿ ਜਿਹੜੀ ਸਰਕਾਰ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਵਿੱਚ ਅਸਫਲ ਰਹਿੰਦੀ ਹੈ ਅਤੇ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਨਹੀਂ ਦੇ ਸਕਦੀ, ਉਸ ਨੂੰ ਸੱਤਾ ਵਿੱਚ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ।