*ਡੀਏਵੀ ਸਕੂਲ ਵਿਖੇ ਵੇਦ ਪ੍ਰਚਾਰ ਮੰਡਲ ਵੱਲੋਂ ਭਾਸ਼ਣ ਮੁਕਾਬਲੇ ਕਰਵਾਏ ਗਏ.

 

ਲੁਧਿਆਣਾ, 25 ਅਪ੍ਰੈਲ (ਇੰਦਰਜੀਤ) - ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਇੱਕ ਗੁਣ ਇੱਕ ਚੰਗਾ ਬੁਲਾਰਾ ਹੋਣ ਦਾ ਵੀ ਹੁੰਦਾ ਹੈ। ਇਸੇ ਗੁਣ ਨੂੰ ਵਿਦਿਆਰਥੀਆਂ ਵਿੱਚ ਵਿਕਸਤ ਕਰਨ ਲਈ ਵੇਦ ਪ੍ਰਚਾਰ ਮੰਡਲ ਵੱਲੋਂ ਕਰਵਾਏ ਗਏ ‘ਵੈਦਿਕ ਭਾਸ਼ਣ ਮੁਕਾਬਲੇ’ ਦਾ ਅੰਤਿਮ ਪੜਾਅ ਡੀ.ਏ.ਵੀ.  ਪਬਲਿਕ ਸਕੂਲ ਪੱਖੋਵਾਲ ਰੋਡ ਲੁਧਿਆਣਾ ਦੇ ਆਡੀਟੋਰੀਅਮ ਵਿੱਚ ਕਰਵਾਇਆ ਗਿਆ।  ਇਸ ਮੁਕਾਬਲੇ ਦਾ ਪਹਿਲਾ ਪੜਾਅ 15 ਅਪ੍ਰੈਲ ਨੂੰ ਹਿੰਦੀ, 18 ਅਪ੍ਰੈਲ ਨੂੰ ਪੰਜਾਬੀ ਅਤੇ 20 ਅਪ੍ਰੈਲ ਨੂੰ ਅੰਗਰੇਜ਼ੀ ਵਿਚ ਕਰਵਾਇਆ ਗਿਆ, ਜਿਸ ਦੇ ਜੇਤੂਆਂ ਨੇ ਅੱਜ ਦੇ ਮੁਕਾਬਲਿਆਂ ਵਿੱਚ ਭਾਗ ਲਿਆ।


 ਇਸ ਮੌਕੇ ਪੰਜਾਬ ਨੈਸ਼ਨਲ ਬੈਂਕ ਲੁਧਿਆਣਾ ਡਵੀਜ਼ਨ ਦੇ ਡਿਵੀਜ਼ਨਲ ਹੈੱਡ ਸ੍ਰੀ ਆਦਿਤਿਆਨਾਥ ਦਾਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।  ਨਮਿਤਾ ਰਾਜ ਸਿੰਘ ਸਾਬਕਾ ਹੈੱਡਮਿਸਟ੍ਰੈਸ ਕੁੰਦਨ ਵਿਦਿਆ ਮੰਦਰ, ਰੋਸ਼ਨ ਲਾਲ ਆਰੀਆ ਸੂਬਾਈ ਜਨਰਲ ਸਕੱਤਰ ਵੇਦ ਪ੍ਰਚਾਰ ਮੰਡਲ ਪੰਜਾਬ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।  

ਮੁੱਖ ਮਹਿਮਾਨ ਆਦਿੱਤਿਆਨਾਥ ਦਾਸ ਨੇ ਸਕੂਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡੀ.ਏ.ਵੀ.  ਸਕੂਲ ਸਿਰਫ਼ ਪੜ੍ਹਾਈ 'ਤੇ ਹੀ ਨਹੀਂ ਬਲਕਿ ਆਪਣੇ ਬੱਚਿਆਂ ਦੇ ਸਰਵਪੱਖੀ ਵਿਕਾਸ 'ਤੇ ਜ਼ੋਰ ਦੇ ਰਿਹਾ ਹੈ।  ਇਸ ਨਾਲ ਬੱਚਿਆਂ ਨੂੰ ਨਾ ਸਿਰਫ ਚੰਗੀ ਨੌਕਰੀ ਮਿਲਣ 'ਚ ਮਦਦ ਮਿਲੇਗੀ ਸਗੋਂ ਉਹਨਾਂ ਨੂੰ ਚੰਗੇ ਇਨਸਾਨ ਬਣਨ 'ਚ ਵੀ ਮਦਦ ਮਿਲੇਗੀ।

 ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸਤਵੰਤ ਕੌਰ ਭੁੱਲਰ ਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਬੱਚੇ ਸਲੇਟ ਵਾਂਗ ਹੁੰਦੇ ਹਨ।  ਉਨ੍ਹਾਂ ਦੇ ਸ਼ੁੱਧ ਮਨ 'ਤੇ ਜੋ ਕੁਝ ਲਿਖਿਆ ਜਾਂਦਾ ਹੈ, ਉਹ ਉਨ੍ਹਾਂ ਦੀ ਸ਼ਖ਼ਸੀਅਤ ਬਣ ਜਾਂਦਾ ਹੈ।  ਇਸ ਲਈ ਆਰੀਆ ਸਮਾਜ ਉਨ੍ਹਾਂ ਨੂੰ ਆਰੀਅਨ ਬਣਾਉਣ ਦਾ ਕੰਮ ਕਰਦਾ ਹੈ।  ਅਜਿਹੇ ਭਾਸ਼ਣ ਮੁਕਾਬਲੇ ਇਸ ਮਕਸਦ ਦੀ ਪੂਰਤੀ ਕਰਦੇ ਹਨ।


 ਨੌਜਵਾਨਾਂ ਵਿੱਚ ਸਕਾਰਾਤਮਕ ਸੋਚ ਨੂੰ ਵਿਕਸਿਤ ਕਰਨ ਲਈ 'ਮਨੁੱਖੀ ਜੀਵਨ ਦਾ ਟੀਚਾ - ਪਰਮਾਤਮਾ ਦੀ ਪ੍ਰਾਪਤੀ', 'ਪਰਮਾਤਮਾ ਦਾ ਨਿੱਜ ਨਾਮ - ਓਮ', ਮਨੁੱਖ ਦੇ ਸੱਚੇ ਮਾਰਗਦਰਸ਼ਕ - ਵੇਦ, ਜੀਵਨ ਵਿਚ ਸੰਸਕਾਰਾਂ ਦਾ ਮਹੱਤਵ ਆਦਿ ਲਗਪਗ 12 ਵਿਸ਼ਿਆਂ ਉਪਰ ਤਿੰਨੋਂ ਭਾਸ਼ਾਵਾਂ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਵਿਚ ਪ੍ਰਤੀਯੋਗਿਤਾ ਕਰਵਾਈ ਗਈ।  ਇਸ ਮੁਕਾਬਲੇ ਵਿੱਚ ਪਹਿਲਾ ਸਥਾਨ : ਅਪੂਰਵੀ ਰਾਣਾ, ਦੂਜਾ ਸਥਾਨ : ਅਗਮਜੋਤ ਕੌਰ, ਤੀਸਰਾ ਸਥਾਨ : ਇਸ਼ਮੀਨ ਕੌਰ, ਪ੍ਰਸ਼ੰਸਾ ਪੁਰਸਕਾਰ : ਹਰਲੀਨ ਕੌਰ, ਅਰਸ਼ਪ੍ਰੀਤ ਕੌਰ, ਫਲਕ ਸ਼ਰਮਾ ਅਤੇ ਰਹਿਤ ਕੌਰ ਵੱਲੋਂ ਪ੍ਰਾਪਤ ਕੀਤਾ ਗਿਆ।  ਇਨਾਮ ਜੇਤੂ ਵਿਦਿਆਰਥੀਆਂ ਨੂੰ ਵੇਦ ਪ੍ਰਚਾਰ ਮੰਡਲ ਦੀ ਤਰਫੋਂ ਮੁੱਖ ਮਹਿਮਾਨ ਸ਼੍ਰੀ ਆਦਿਤਿਆ ਨਾਥ ਦਾਸ ਨੇ ਇਨਾਮ ਵੰਡੇ।