ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਵੱਲੋਂ ਵਿਸਾਖੀ ਦਾ ਮਨਾਇਆ ਗਿਆ ਤਿਉਹਾਰ.
ਲੁਧਿਆਣਾ, 25 ਅਪ੍ਰੈਲ (ਕੁਨਾਲ ਜੇਤਲੀ) : ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਵੱਲੋਂ ਬੀਤੇ ਦਿਨ ਰੋਟਰੀ ਭਵਨ, ਸਰਾਭਾ ਨਗਰ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਪ੍ਰਸਿੱਧ ਉਦਯੋਗਪਤੀ ਸੁਰੇਸ਼ ਮੁੰਜਾਲ ਅਤੇ ਉਨ੍ਹਾਂ ਦੀ ਧਰਮਪਤਨੀ ਰਮਾ ਮੁੰਜਾਲ ਸਨ।
ਸਮਾਗਮ ਦੀ ਪ੍ਰਧਾਨਗੀ ਐਸੋਸੀਏਸ਼ਨ ਦੀ ਪ੍ਰਧਾਨ ਨੀਲਮ ਖੋਸਲਾ ਨੇ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਨੀਲਮ ਖੋਸਲਾ ਨੇ ਦੱਸਿਆ ਕਿ ਐਸੋਸੀਏਸ਼ਨ ਦੀ ਸਥਾਪਨਾ 2010 ਵਿੱਚ ਹੋਈ ਸੀ। ਐਸੋਸੀਏਸ਼ਨ ਦਾ ਮੁੱਖ ਮੰਤਵ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨਾ ਹੈ ਕਿ ਉਹ ਭਾਰਤੀ ਸੱਭਿਆਚਾਰ ਦਾ ਸਤਿਕਾਰ ਕਰਨ ਅਤੇ ਬਜ਼ੁਰਗਾਂ ਨਾਲ ਵੱਧ ਤੋਂ ਵੱਧ ਸਮਾਂ ਬਿਤਾ ਕੇ ਸੇਵਾ ਕਰਨ।
ਇਸ ਸਮਾਗਮ ਵਿੱਚ 150 ਤੋਂ ਵੱਧ ਮੈਂਬਰ ਹਾਜ਼ਰ ਸਨ। ਸਮਾਰੋਹ ਵਿੱਚ ਮੁੱਖ ਤੌਰ 'ਤੇ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਸਟੇਜ 'ਤੇ ਦਿੱਤੇ ਲਾਈਵ ਪ੍ਰਦਰਸ਼ਨ ਸ਼ਾਮਲ ਸਨ। ਨੀਲਮ ਖੋਸਲਾ ਨੇ 'ਤੇਰੀ ਕਨਕ ਦੀ ਰਾਖੀ ਮੁੰਡਿਆ ...' ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।
ਸਮਾਗਮ ਦੇ ਅੰਤ ਵਿੱਚ ਐਸੋਸੀਏਸ਼ਨ ਦੇ ਲਾਈਫ ਪੈਟਰਨ ਐਸਪੀ ਕਰਕਰਾ (ਸੇਵਾਮੁਕਤ ਆਈਏਐਸ), ਚੇਅਰਮੈਨ ਇੰਜਨੀਅਰ ਬਲਬੀਰ ਸਿੰਘ ਅਤੇ ਪ੍ਰਧਾਨ ਨੀਲਮ ਖੋਸਲਾ ਨੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
