ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਵੱਲੋਂ ਸਹਾਇਕ ਖਰਚਾ ਨਿਗਰਾਨਾਂ ਨਾਲ ਮੀਟਿੰਗ.
*- ਚੋਣ ਖਰਚੇ 'ਤੇ ਸਖ਼ਤ ਨਜ਼ਰ ਰੱਖਣ ਦੇ ਵੀ ਦਿੱਤੇ ਨਿਰਦੇਸ਼*
ਲੁਧਿਆਣਾ, 2 ਮਈ (ਕੁਨਾਲ ਜੇਤਲੀ) - ਲੋਕ ਸਭਾ ਚੋਣਾ-2024 ਚੋਣਾਂ ਦੌਰਾਨ ਚੋਣ ਖਰਚੇ 'ਤੇ ਨਜ਼ਰ ਰੱਖਣ ਅਤੇ ਆਦਰਸ਼ ਚੋਣ ਜ਼ਾਬਤੇ ਨੂੰ ਲਾਗੂ ਕਰਨਾ ਯਕੀਨੀ ਬਣਾਉਣ ਲਈ ਗਠਿਤ ਵੱਖ-ਵੱਖ ਨਿਗਰਾਨ ਟੀਮਾਂ ਦੀ ਭੂਮਿਕਾ ਅਤੇ ਜ਼ਿੰਮੇਵਾਰੀ ਬਾਰੇ ਦੱਸਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਆਪਣੇ ਦਫਤਰ ਵਿੱਚ ਸਹਾਇਕ ਖਰਚ ਨਿਗਰਾਨਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਸਹਾਇਕ ਖਰਚਾ ਨਿਗਰਾਨਾਂ ਨੂੰ ਚੋਣ ਖਰਚੇ 'ਤੇ ਸਖ਼ਤ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ।
ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਦੱਸਿਆ ਕਿ ਲੋਕ ਸਭਾ ਚੋਣਾਂ-2024 ਲਈ ਨਾਮਜ਼ਦਗੀਆਂ 7 ਮਈ ਤੋਂ 14 ਮਈ ਤੱਕ ਹੋਣਗੀਆਂ। ਜਨਤਕ ਛੁੱਟੀਆਂ ਕਾਰਨ 11 ਮਈ (ਸ਼ਨੀਵਾਰ) ਅਤੇ 12 ਮਈ (ਐਤਵਾਰ) ਨੂੰ ਨਾਮਜ਼ਦਗੀ ਪੱਤਰ ਸਵੀਕਾਰ ਨਹੀਂ ਕੀਤੇ ਜਾਣਗੇ। ਭਾਰਤੀ ਚੋਣ ਕਮਿਸ਼ਨ ਨੇ 2024 ਦੀਆਂ ਆਮ ਚੋਣਾਂ ਦੌਰਾਨ ਹਰੇਕ ਉਮੀਦਵਾਰ ਲਈ 95 ਲੱਖ ਰੁਪਏ ਖਰਚੇ ਦੀ ਸੀਮਾ ਤੈਅ ਕੀਤੀ ਹੈ। ਇਸ ਲਈ, ਸਾਰੇ ਟੀਮ ਮੈਂਬਰਾਂ ਨੂੰ ਚੋਣ ਖਰਚੇ ਦੀ ਗਣਨਾ ਕਰਨ ਦੀ ਵਿਧੀ ਬਾਰੇ ਜਾਣੂ ਕਰਵਾਉਣਾ ਹੋਵੇਗਾ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਕਿਹਾ ਕਿ ਇਨ੍ਹਾਂ ਟੀਮਾਂ ਨੂੰ ਉਮੀਦਵਾਰਾਂ ਅਤੇ ਪਾਰਟੀਆਂ ਦੇ ਚੋਣ ਖਰਚੇ 'ਤੇ ਨਜ਼ਰ ਰੱਖਣ ਦੀ ਮੁੱਖ ਜ਼ਿੰਮੇਵਾਰੀ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਆਪਣੀ ਡਿਊਟੀ ਨਿਭਾਉਣ ਦੇ ਤਰੀਕਿਆਂ ਬਾਰੇ ਸਿਖਲਾਈ ਦੇਣੀ ਜ਼ਰੂਰੀ ਹੈ। ਇਨ੍ਹਾਂ ਨੂੰ ਸਿਖਲਾਈ ਦੇਣ ਲਈ ਪਹਿਲਾਂ ਵੀ ਸਿਖਲਾਈ ਵਰਕਸ਼ਾਪਾਂ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਟੀਮ ਦੇ ਸਾਰੇ ਮੈਂਬਰਾਂ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਉਨ੍ਹਾਂ ਨੂੰ ਸੌਂਪੀ ਗਈ ਭੂਮਿਕਾ ਅਤੇ ਜ਼ਿੰਮੇਵਾਰੀਆਂ ਬਾਰੇ ਸਮਝਾਇਆ ਗਿਆ ਹੈ।
ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਦੱਸਿਆ ਕਿ ਨਿਗਰਾਨ ਟੀਮਾਂ ਦੀ ਸਹਾਇਤਾ ਲਈ ਪ੍ਰਸ਼ਾਸਨ ਵੱਲੋਂ ਕਈ ਫਲਾਇੰਗ ਸਕੁਐਡ ਟੀਮਾਂ (ਐਫ.ਐਸ.ਟੀ.), ਸਟੈਟਿਕ ਸਰਵੇਲੈਂਸ ਟੀਮ (ਐਸ.ਐਸ.ਟੀ.), ਵੀਡੀਓ ਸਰਵੀਲੈਂਸ ਟੀਮ (ਵੀ.ਐਸ.ਟੀ.) ਅਤੇ ਵੀਡੀਓ ਵਿਊਇੰਗ ਟੀਮਾਂ (ਵੀ.ਵੀ.ਟੀ.) ਬਣਾਈਆਂ ਗਈਆਂ ਹਨ।
ਇਸ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਜ਼ਿਲ੍ਹੇ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਆਪਣੀ ਵਚਨਬੱਧਤਾ ਦੁਹਰਾਈ।