*ਜਦ ਤੱਕ ਆਂਗਣਵਾੜੀ ਕੇਂਦਰਾਂ ਚ ਬੱਚੇ ਵਾਪਸ ਨਹੀਂ ਕੀਤੇ ਜਾਂਦੇ ਆਨਲਾਈਨ Online ਕੰਮ ਕੀਤਾ ਜਾਵੇਗਾ ਬਾਈਕਾਟ, ਡੀ.ਪੀ.ਓ. ਨੂੰ ਸੌਂਪਿਆ ਮੰਗ ਪੱਤਰ.
ਲੁਧਿਆਣਾ (ਇੰਦਰਜੀਤ) - ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੇ ਪੰਜਾਬ ਦੇ ਜਨਰਲ ਸਕੱਤਰ ਜ਼ਿਲ੍ਹਾ ਪ੍ਰਧਾਨ ਸੁਭਾਸ਼ ਰਾਣੀ ਅਤੇ ਬਲਾਕ 1,2, 3, 4, ਰੂਲਰ ਮਾਂਗਟ, ਰਾਏਕੋਟ, ਪੱਖੋਵਾਲ, ਦੋਰਾਹਾ ਪ੍ਰਧਾਨਾਂ ਦੇ ਵਫਦ ਨੇ ਡੀ.ਪੀ.ਓ. ਨਾਲ ਮੀਟਿੰਗ ਕੀਤੀ ਅਤੇ ਆਪਣੀਆਂ ਮੰਗਾਂ ਦਾ ਮੰਗ ਪੱਤਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਦਿੱਤਾ।
ਉਹਨਾਂ ਕਿਹਾ ਕਿ ਜਿੰਨੀ ਦੇਰ 3 ਤੋਂ 6 ਸਾਲ ਦੇ ਬੱਚੇ ਸਾਨੂੰ ਆਂਗਣਵਾੜੀ ਕੇਂਦਰਾਂ ਵਿੱਚ ਵਾਪਿਸ ਨਹੀਂ ਕੀਤੇ ਜਾਂਦੇ ਉਦੋਂ ਤੱਕ ਫੋਨਾਂ ਤੇ ਜਾਂ ਲੈਪਟਾਪ ਤੇ ਕੰਮ ਨਹੀਂ ਕੀਤਾ ਜਾਵੇਗਾ।
ਸਰਕਾਰੀ ਸਮਾਰਟ ਫੋਨਾਂ ਦਾ ਜਦੋਂ ਤੱਕ ਪ੍ਰਬੰਧ ਨਹੀਂ ਹੁੰਦਾ ਪੋਸ਼ਣ ਟਰੈਕ ਦਾ Online ਕੰਮਾਂ ਦਾ ਬਾਈਕਾਟ ਕੀਤਾ ਜਾਵੇਗਾ ਅਤੇ ਨਾ ਹੀ ਆਂਗਣਵਾੜੀ ਸੈਂਟਰ ਦੇ ਵਿੱਚ ਬੈਠੇ ਹੋਏ ਬੱਚਿਆ ਦੀ ਫੋਟੋ ਕੈਪਚਰ ਕੀਤੀ ਜਾਵੇਗੀ। ਆਗੂਆਂ ਨੇ ਅਧਿਕਾਰੀ ਨੂੰ ਜਾਣੂ ਕਰਵਾਇਆ 2018 'ਚ ਗ੍ਰਾਂਟ ਆਈ ਸੀ ਪਰ ਹੁਣ ਤੱਕ ਫੋਨ ਨਹੀਂ ਖਰੀਦੇ ਗਏ। ਪਿਛਲੇ ਸਮੇਂ ਡਾਇਰੈਕਟਰ ਦਫ਼ਤਰ ਵੱਲੋਂ ਨਿੱਜੀ ਫੋਨਾਂ ਲਈ 1000/- ਰੁਪਏ ਦਾ ਰੀਚਾਰਜ ਭੱਤਾ ਦਿੱਤਾ ਗਿਆ ਸੀ। ਹੁਣ ਸਰਕਾਰ ਵੱਲੋਂ ਉਹ ਵੀ ਨਹੀਂ ਦਿੱਤਾ ਜਾ ਰਿਹਾ।
ਆਗੂਆਂ ਨੇ ਗਲਬਾਤ ਦੌਰਾਨ ਦਸਿਆ ਕਿ ਆਂਗਨਵਾੜੀ ਸੈਂਟਰਾਂ ਵਿੱਚ ਨਮਕੀਨ ਦਲੀਆ, ਮਿੱਠਾ ਦਲੀਆ, ਮੁਰਮੁਰੇ, ਪੰਜੀਰੀ, ਖਿਚੜੀ ਦਿੱਤੀ ਜਾਂਦੀ ਹੈ ਜਿਸ ਨੂੰ ਲਾਭਪਾਤਰੀਆਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਦਲੀਆ ਕੌੜਾ, ਪੰਜੀਰੀ ਕੱਚੀ ਅਤੇ ਕੁਝ ਕੁ ਬਲਾਕਾਂ ਵਿੱਚ ਖਿੱਚੜੀ 'ਚ ਸੁੰਡੀਆਂ ਵਰਗੇ ਜੀਅ ਵੀ ਪਾਏ ਗਏ ਹਨ। ਜੇਕਰ ਪੰਜਾਬ ਸਰਕਾਰ ਨੇ ਸਾਰੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਹੋਰ ਤੀਖਾ ਕੀਤਾ ਜਾਵੇਗਾ। ਸੁਭਾਸ਼ ਰਾਣੀ ਨੇ ਡੀ.ਪੀ.ਓ. ਅਫਸਰ ਨੂੰ ਦੱਸਿਆ ਕਿ ਵੱਖ-ਵੱਖ ਬਲਾਕਾਂ ਵੱਲੋਂ 13,14, 15 ਮਈ ਨੂੰ ਆਪਣੇ ਡੀ.ਪੀ.ਓ. ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜਿਆ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਜ਼ਿਲਾ ਕੈਸ਼ੀਅਰ ਸੁਰਜੀਤ ਕੌਰ, ਮੀਤ ਪ੍ਰਧਾਨ ਆਸ਼ਾ ਰਾਣੀ, ਅਰਬਨ-1 ਪ੍ਰਧਾਨ ਵਰਿੰਦਾ, ਅਰਬਨ-2 ਪ੍ਰਧਾਨ ਰਜਨੀ ਬਾਲਾ, ਅਰਬਨ-4 ਅੰਜੂ ਮਹਿਤਾ, ਮਾਂਗਟ ਬਲਾਕ ਇੰਦਰਜੀਤ ਕੌਰ, ਪੱਖੋਵਾਲ ਰਣਜੀਤ, ਦੋਰਾਹਾ ਸੁਨੀਤਾ ਰਾਣੀ ਆਦਿ ਸ਼ਾਮਿਲ ਹੋਏ।
