ਕਵਿਤਾ / ਤੇਰਾ ਹੁਸਨ... / ਸਤਵੰਤ ਕਾਲਕਟ 'ਅਹਿਸਾਸ '.

ਤੇਰਾ ਹੁਸਨ ਜਵਾਨੀ ਵਰਗਾ ਛੇਤੀ ਦਗਾ ਕਮਾਵੇਗਾ


ਸਾਡਾ ਪਿਆਰ ਬੁਢਾਪੇ ਵਰਗਾ ਧੁਰ ਤਕ ਸਾਥ ਨਿਭਾਵੇਗਾ




ਮੈਂ ਸਮਝਾਉਂਦਾ ਰਿਹਾ ਬਥੇਰਾ ਪਰ ਹੁਣ ਵੱਸ ਰਿਹਾ ਨਾ ਮੇਰਾ


ਹੁਣ ਤੇ ਜਾਪੇ ਇਹ ਦਿਲ ਤੇਰਾ ਸਾਨੂੰ ਛੱਡ  ਹੋ ਜਾਵੇਗਾ




ਹੋ ਗਈ ਭੁੱਲ ਅਸਾਥੋਂ ਭਾਰੀ ਲਾ ਲਈ ਨਾਲ ਬਲੋਚਾਂ ਯਾਰੀ


ਲੱਗਣੀ ਹੁਣ ਸੱਟ ਥਲ ਵਿਚ ਕਾਰੀ ਜਦ ਮਹਿਮਿਲ ਸੌਂ ਜਾਵੇਗਾ




ਸੱਚੇ ਪਿਆਰ ਦੀ ਜਾਣ ਨਿਸ਼ਾਨੀ ਕਰ ਮਹਿਬੂਬ ਦੇ ਨਾਂ ਜ਼ਿੰਦਗਾਨੀ


ਬਣ ਜਾਊ ਜੰਨਤ ਦੁਨੀਆਂ ਫਾਨੀ ਜਿਸ ਦਿਨ ਯਾਰ ਥਿਆਵੇਗਾ




ਖੁਲ ਗਿਆ ਭੇਦ ਇਸ਼ਕ ਦਾ ਭਾਰਾ ਜਦ ਉਹ ਲੱਗਿਆ ਦਿਲ ਨੂੰ ਪਿਆਰਾ


ਵਾਰ ਦਿਊਂ ਜਗ ਉਸ ਤੋਂ ਸਾਰਾ ਜੇ ਇਕ ਝਲਕ ਦਿਖਾਵੇਗਾ




ਖੇਡੀ ਜਦ ਇਸ਼ਕੇ ਦੀ ਬਾਜ਼ੀ ਛੱਡ ਹਕੀਕੀ ਛੱਡ ਮਜਾਜ਼ੀ


ਜਦ 'ਅਹਿਸਾਸ' ਹੋ ਗਿਆ ਰਾਜ਼ੀ ਰੱਬ ਆਪੇ ਮੰਨ ਜਾਵੇਗਾ