ਜਰਖੜ ਖੇਡਾਂ--ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦਾ ਤੀਸਰਾ ਦਿਨ.
#ਜੂਨੀਅਰ ਵਰਗ ਵਿੱਚ ਭਵਾਨੀਗੜ੍ਹ ਅਤੇ ਜਰਖੜ ਅਕੈਡਮੀ, ਸੀਨੀਅਰ ਵਰਗ ਵਿੱਚ ਰਾਮਪੁਰ ਅਤੇ ਯੰਗ ਕਲੱਬ ਉਟਾਲਾ ਰਹੇ ਜੇਤੂ
ਲੁਧਿਆਣਾ 12 ਮਈ (ਇੰਦਰਜੀਤ) - ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰਁਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੇ 14ਵਾਂ ਓਲੰਪਿਅਨ ਪਿ੍ਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਤੀਸਰੇ ਦਿਨ ਬਹੁਤ ਹੀ ਰੋਮਾਂਚਿਕ ਅਤੇ ਸੰਘਰਸ਼ ਪੂਰਨ ਹਾਕੀ ਮੁਕਾਬਲੇ ਹੋਏ।
ਅੱਜ ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਸਟੇਡੀਅਮ ਵਿਖੇ ਫਲੱਡ ਲਾਈਟਾਂ ਦੀ ਰੋਸ਼ਨੀ ਵਿੱਚ ਖੇਡੇ ਗਏ ਮੈਚਾਂ ਵਿੱਚ ਜਿੱਥੇ ਜੂਨੀਅਰ ਵਰਗ ਵਿੱਚ ਏਬੀਸੀ ਅਕੈਡਮੀ ਭਵਾਨੀਗੜ੍ਹ ਅਤੇ ਜਰਖੜ ਹਾਕੀ ਅਕੈਡਮੀ ਨੇ ਆਪਣੇ ਜੇਤੂ ਕਦਮ ਅੱਗੇ ਵਧਾਏ ਉਥੇ ਸੀਨੀਅਰ ਵਰਗ ਵਿੱਚ ਐਚਟੀਸੀ ਰਾਮਪੁਰ ਅਤੇ ਯੰਗ ਕਲੱਬ ਉਟਾਲਾ ਜੇਤੂ ਰਹੇ ।
ਅੱਜ ਜੂਨੀਅਰ ਵਰਗ ਦੇ ਪਹਿਲੇ ਮੈਚ ਵਿੱਚ ਏਬੀਸੀ ਅਕੈਡਮੀ ਭਵਾਨੀਗੜ ਨੇ ਏਕ ਨੂਰ ਅਕੈਡਮੀ ਤਹਿੰਗ ਨੂੰ 3-2 ਨਾਲ ਹਰਾਇਆ । ਭਵਾਨੀਗੜ੍ਹ ਦਾ ਸੁਖਮਨ ਹੀਰੋ ਆਫ ਦਾ ਮੈਚ ਬਣਿਆ, ਜਦ ਕਿ ਦੂਸਰੇ ਮੈਚ ਵਿੱਚ ਜਰਖੜ ਹਾਕੀ ਅਕੈਡਮੀ ਨੇ ਐਚਟੀਸੀ ਰਾਮਪਰ ਨੂੰ 7-1 ਨਾਲ ਹਰਾਇਆ । ਜਰਖੜ ਹਾਕੀ ਅਕੈਡਮੀ ਦਾ ਹਰਸਿਮਰਨ ਹੀਰੋ ਆਫ ਦਾ ਮੈਚ ਬਣਿਆ। ਸੀਨੀਅਰ ਵਰਗ ਦੇ ਖੇਡੇ ਗਏ ਮੁਢਲੇ ਮੈਚ ਵਿੱਚ ਐਚਟੀਸੀ ਰਾਮਪੁਰ ਨੇ ਸਟਿਕ ਸਟਾਰ ਬੇਕਰਜ ਫੀਲਡ ਕੈਲੀਫੋਰਨੀਆ ਨੂੰ 8-3 ਗੋਲਾਂ ਨਾਲ ਹਰਾਇਆ । ਰਾਮਪੁਰ ਦਾ ਕਮਲਜੀਤ ਸਿੰਘ ਹੀਰੋ ਆਫ ਦਾ ਮੈਚ ਬਣਿਆ ਜਦ ਕਿ ਆਖਰੀ ਲੀਗ ਮੈਚ ਵਿੱਚ ਯੰਗ ਕਲੱਬ ਉਟਾਲਾ ਨੇ ਏਕ ਨੂਰ ਅਕੈਡਮੀ ਤੇਹਿੰਗ ਨੂੰ ਬਹੁਤ ਹੀ ਫਸਵੇਂ ਅਤੇ ਸੰਘਰਸ਼ ਪੂਰਨ ਮੁਕਾਬਲੇ ਵਿੱਚ 3-2 ਗੋਲਾਂ ਨੂੰ ਹਰਾ ਕੇ ਪਹਿਲੀ ਜਿੱਤ ਹਾਸਿਲ ਕੀਤੀ । ਏਕ ਨੂਰ ਅਕੈਡਮੀ ਦਾ ਖੁਸ਼ਪ੍ਰੀਤ ਸਿੰਘ ਹੀਰੋ ਆਫ ਦਾ ਮੈਚ ਬਣਿਆ ।
ਅੱਜ ਦੇ ਮੈਚਾਂ ਦੌਰਾਨ ਪ੍ਰੋਫੈਸਰ ਰਜਿੰਦਰ ਸਿੰਘ ,ਉਘੇ ਖੇਡ ਪ੍ਰਮੋਟਰ ਹਰਨੇਕ ਸਿੰਘ ਬੁਟਹਾਰੀ ਨੇ ਵੱਖ ਵੱਖ ਮੈਚਾਂ ਦੌਰਾਨ ਟੀਮਾਂ ਦੇ ਨਾਲ ਮੁੱਖ ਮਹਿਮਾਨ ਵਜੋਂ ਜਾਣ ਪਹਿਚਾਣ ਕੀਤੀ। ਇਸ ਮੌਕੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ । ਉਹਨਾਂ ਦੱਸਿਆ ਕਿ ਓਲੰਪੀਅਨ ਪ੍ਰਥੀਪਾਲ ਸਿੰਘ ਦੀ 41ਵੀਂ ਬਰਸੀ 19 ਮਈ ਨੂੰ ਜਰਖੜ ਖੇਡ ਸਟੇਡੀਅਮ ਵਿਖੇ ਬਹੁਤ ਹੀ ਸ਼ਰਧਾ ਤੇ ਸਤਿਕਾਰ ਦੇ ਨਾਲ ਮਨਾਈ ਜਾਵੇਗੀ ਇਸ ਮੌਕੇ ਸਵਰਗੀ ਓਲੰਪੀਅਨ ਪ੍ਰਿਥੀਪਾਲ ਸਿੰਘ ਦੇ ਪਰਿਵਾਰ ਅਤੇ ਉਨਾਂ ਦੇ ਚੇਤਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ।