ਸੰਸਦ ਮੈਂਬਰ ਅਰੋੜਾ ਨੇ ਉਦਯੋਗਪਤੀ ਅਤੇ ਸਮਾਜ ਸੇਵੀ ਗਿਆਨ ਚੰਦ ਧਵਨ ਦੇ ਦੇਹਾਂਤ 'ਤੇ ਦੁੱਖ ਦਾ ਕੀਤਾ ਪ੍ਰਗਟਾਵਾ.

ਲੁਧਿਆਣਾ, 13 ਮਈ (ਕੁਨਾਲ ਜੇਤਲੀ) : ਸੰਜੀਵ ਅਰੋੜਾ, ਸੰਸਦ ਮੈਂਬਰ (ਰਾਜ ਸਭਾ) ਅਤੇ ਡੀਐਮਸੀਐਚ ਮੈਨੇਜਿੰਗ ਸੁਸਾਇਟੀ ਦੇ ਮੀਤ ਪ੍ਰਧਾਨ ਨੇ ਐਤਵਾਰ ਨੂੰ ਉੱਘੇ ਉਦਯੋਗਪਤੀ ਗਿਆਨ ਚੰਦ ਧਵਨ ਦੇ ਅਚਾਨਕ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।




ਅਰੋੜਾ ਨੇ ਸੋਮਵਾਰ ਨੂੰ ਇੱਥੇ ਇੱਕ ਬਿਆਨ ਵਿੱਚ ਕਿਹਾ ਕਿ ਧਵਨ ਨਾ ਸਿਰਫ਼ ਇੱਕ ਉਦਯੋਗਪਤੀ ਸਨ ਸਗੋਂ ਇੱਕ ਪ੍ਰਸਿੱਧ ਪਰਉਪਕਾਰੀ ਵੀ ਸਨ। ਉਨ੍ਹਾਂ ਕਿਹਾ ਕਿ ਧਵਨ ਵੱਲੋਂ ਸਮਾਜ ਅਤੇ ਡੀ.ਐਮ.ਸੀ.ਐਚ, ਲੁਧਿਆਣਾ ਲਈ ਨਿਭਾਈਆਂ ਸੇਵਾਵਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾਵੇਗਾ।




ਉਨ੍ਹਾਂ ਅੱਗੇ ਕਿਹਾ ਕਿ ਧਵਨ ਇਸ ਤੋਂ ਪਹਿਲਾਂ ਡੀਐਮਸੀਐਚ ਮੈਨੇਜਿੰਗ ਸੁਸਾਇਟੀ ਦੇ ਉਪ ਪ੍ਰਧਾਨ ਵੀ ਰਹਿ ਚੁੱਕੇ ਹਨ। ਇਸ ਸਮੇਂ ਧਵਨ ਸੁਸਾਇਟੀ ਦੇ ਮੈਂਬਰ ਸਨ।




ਅਰੋੜਾ ਨੇ ਅੱਗੇ ਕਿਹਾ ਕਿ ਧਵਨ ਯੌਰਕ ਗਰੁੱਪ ਦੇ ਸੰਸਥਾਪਕ ਅਤੇ ਚੇਅਰਮੈਨ ਸਨ। ਉਨ੍ਹਾਂ ਕਿਹਾ ਕਿ ਧਵਨ ਨੇ ਵੂਲ ਅਤੇ ਵੂਲਨ ਐਕਸਪੋਰਟ ਪ੍ਰਮੋਸ਼ਨ ਕੌਂਸਲ (ਭਾਰਤ ਸਰਕਾਰ ਦਾ ਇੱਕ ਉੱਦਮ) ਅਤੇ ਸਾਬਕਾ ਚੇਅਰਮੈਨ - ਹੌਜ਼ਰੀ ਐਕਸਪੋਰਟਰਜ਼ ਐਸੋਸੀਏਸ਼ਨ, ਸੈਕਟਰੀ - ਹੌਜ਼ਰੀ ਐਕਸਪੋਰਟ ਆਰਗੇਨਾਈਜ਼ੇਸ਼ਨ ਵਰਗੀਆਂ ਕਈ ਮਹੱਤਵਪੂਰਨ ਸੰਸਥਾਵਾਂ ਵਿੱਚ ਵੀ ਸੇਵਾਵਾਂ ਦਿੱਤੀਆਂ ਹਨ। ਇਸ ਤੋਂ ਇਲਾਵਾ ਧਵਨ ਡਿਵੈਲਪਮੈਂਟ ਕਾਉਂਸਿਲ ਆਫ ਵੂਲੇਨ ਇੰਡਸਟਰੀ ਨਾਲ ਵੀ ਜੁੜੇ ਹੋਏ ਸਨ।




ਉਨ੍ਹਾਂ ਯਾਦ ਦਿਵਾਇਆ ਕਿ ਧਵਨ ਨੇ 1950 ਵਿੱਚ ਟੈਕਸਟਾਈਲ ਦਾ ਕਾਰੋਬਾਰ ਸ਼ੁਰੂ ਕੀਤਾ ਸੀ, ਜਿਸ ਤੋਂ ਬਾਅਦ ਨਿਟਵੀਅਰ ਅਤੇ ਰੈਡੀਮੇਡ ਕੱਪੜਿਆਂ ਦਾ ਪ੍ਰਮੁੱਖ ਨਿਰਮਾਤਾ ਯੌਰਕ ਗਰੁੱਪ ਹੋਂਦ ਵਿੱਚ ਆਇਆ। ਧਵਨ ਨੇ ਆਪਣੀ ਪਹਿਲੀ ਫਰਮ, ਯਾਰਕ ਹੌਜ਼ਰੀ ਮਿੱਲਜ਼, ਸਾਲ 1954 ਵਿੱਚ ਹੌਜ਼ਰੀ ਦੇ ਸਮਾਨ ਨੂੰ ਨਿਰਯਾਤ ਕਰਨ ਦੇ ਉਦੇਸ਼ ਨਾਲ ਸਥਾਪਿਤ ਕੀਤੀ। ਕੰਪਨੀ ਨੇ 1983 ਤੱਕ ਸਫਲਤਾਪੂਰਵਕ ਕੰਮ ਕੀਤਾ। ਉਸ ਤੋਂ ਬਾਅਦ ਯਾਰਕ ਐਕਸਪੋਰਟਸ ਲਿਮਟਿਡ ਦੇ ਨਾਂ ਨਾਲ ਇਕ ਨਵੀਂ ਕੰਪਨੀ ਬਣਾਈ ਗਈ।




ਅਰੋੜਾ ਨੇ ਸੋਗ ਵਿੱਚ ਡੁੱਬੇ ਪਰਿਵਾਰਕ ਮੈਂਬਰਾਂ ਮੋਹਿਨੀ ਧਵਨ (ਪਤਨੀ), ਅਸ਼ਵਨੀ ਧਵਨ (ਪੁੱਤਰ), ਅਨੀਤਾ ਸੋਨੀ ਅਤੇ ਨਮਿਤਾ ਚੋਪੜਾ (ਧੀਆਂ) ਅਤੇ ਜਯੋਤੀ ਧਵਨ (ਨੂੰਹ) ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।