ਵੇਰਕਾ ਮਿਲਕ ਪਲਾਂਟ ਲੁਧਿਆਣਾ ਵਿਖੇ ਵਾਤਾਵਰਣ ਦਿਵਸ ਮਨਾਇਆ .
ਜਿਲ੍ਹਾ ਪ੍ਰਸ਼ਾਸ਼ਨ ਲੁਧਿਆਣਾ ਅਤੇ ਸਵਿੱਚ ਫਾਰ ਚੇਂਜ ਫਾਊਂਡੇਸ਼ਨ ਵੱਲੋਂ ਪਲਗਥੋਂਨ ਦਾ ਆਯੋਜਨ ਕੀਤਾ ਗਿਆ
ਲੁਧਿਆਣਾ, 5 ਜੂਨ : (ਕੁਨਾਲ ਜੇਤਲੀ) - ਵੇਰਕਾ ਮਿਲਕ ਪਲਾਂਟ ਲੁਧਿਆਣਾ ਵਿਖੇ ਅੱਜ ਜਿਲਾ ਪ੍ਰਸ਼ਾਸਨ ਅਤੇ ਸਵਿੱਚ ਫਾਰ ਚੇਂਜ ਫਾਊਂਡੇਸ਼ਨ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਦੇ ਸਬੰਧ ਵਿੱਚ ਪਲਗਥੋਂਨ ਦਾ ਆਯੋਜਨ ਕੀਤਾ ਗਿਆ। ਲੁਧਿਆਣਾ ਦੇ ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਵੱਲੋਂ 1972 ਵਿੱਚ ਵਿਸ਼ਵ ਵਾਤਾਵਰਣ ਦਿਵਸ ਨੂੰ ਮਨਾਉਣ ਦੀ ਤਜਵੀਜ਼ ਦਿੱਤੀ ਗਈ।ਇਸੇ ਤਰਜ਼ ਤੇ ਭਾਰਤ ਵਿੱਚ ਵੀ ਹਰ ਸਾਲ 5 ਜੂਨ ਨੂੰ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ। ਇਸਦਾ ਦਿਨ ਨੂੰ ਮਨਾਉਣ ਦਾ ਮੁੱਖ ਮੰਤਵ ਵਾਤਾਵਰਨ ਦੀ ਸਾਂਭ-ਸੰਭਾਲ ਅਤੇ ਸੁਰੱਖਿਆ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਜਨਰਲ ਮੈਨੇਜਰ ਡਾ ਸੁਰਜੀਤ ਸਿੰਘ ਭਦੌੜ ਨੇ ਕਿਹਾ ਕਿ ਵੱਡੀ ਪੱਧਰ ਉਤੇ ਦਰੱਖਤ ਲਾਉਣ ਦੀ ਲੋੜ ਹੈ ਤਾਂ ਕਿ ਵਾਤਾਵਰਣ ਵਿੱਚ ਆ ਰਹੇ ਨਿਗਾਰ ਨੂੰ ਰੋਕਿਆ ਜਾ ਸਕੇ। ਉਨ੍ਹਾਂ ਇਸ ਵਾਰ ਵੱਧ ਰਹੇ ਤਾਪਮਾਨ ਪ੍ਰਤਿ ਚਿੰਤਾ ਕਰਦਿਆਂ ਕਿਹਾ ਕਿ ਗਲੋਬਲ ਵਾਰਮਿੰਗ ਦੇ ਮਾਰੂ ਪ੍ਰਭਾਵਾਂ ਨੂੰ ਰੋਕਣ ਲਈ ਇੱਕਠੇ ਹੋ ਕੇ ਹੰਭਲਾ ਮਾਰਨ ਦੀ ਜ਼ਰੂਰਤ ਹੈ। ਉਹਨਾਂ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਅਤੇ ਗਰੀਨ ਹਾਊਸ ਨੂੰ ਪ੍ਰਭਾਵ ਰੋਕਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇੱਕ ਵਿਅਕਤੀ ਵੱਲੋਂ ਘੱਟੋ ਘੱਟ ਇੱਕ ਬੂਟਾ ਲਗਾ ਕੇ ਉਸ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਜਦੋਂ ਤੱਕ ਉਹ ਵੱਡੇ ਰੁੱਖ ਵਿਚ ਪਰਿਵਰਤਿਤ ਨਹੀਂ ਜਾਂਦਾ। ਉਨ੍ਹਾਂ ਨੇ ਵਾਤਾਵਰਨ ਨੂੰ ਬਚਾਉਣ ਲਈ ਚਰਚਾ ਕਰਦਿਆਂ ਕਿਹਾ ਕਿ ਪਲਾਸਟਿਕ ਦੀ ਲਗਾਤਾਰ ਹੋ ਰਹੀ ਵਰਤੋਂ, ਪਾਣੀ ਦੀ ਬਰਬਾਦੀ, ਫੈਕਟਰੀਆਂ ਅਤੇ ਰਹਿੰਦ ਖੂੰਹਦ, ਅੱਗ ਲਗਾਉਣ, ਵਾਹਨਾਂ ਅਤੇ ਏਅਰ ਕੰਡੀਸ਼ਨਰਾਂ ਵਿੱਚੋਂ ਨਿਕਲ ਰਹੀਆਂ ਗੈਸਾਂ ਕਾਰਨ ਵਾਤਾਵਰਣ ਲਗਾਤਾਰ ਪ੍ਰਦੂਸ਼ਿਤ ਹੋ ਰਿਹਾ ਹੈ ਜਿਸ ਨਾਲ ਸਾਹ ,ਦਮਾ, ਕੈਂਸਰ ਅਤੇ ਹੋਰ ਭਿਆਨਕ ਬਿਮਾਰੀਆਂ ਦੇ ਰੋਗੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਉਦਯੋਗਿਕ ਇਕਾਈਆਂ ਦੁਆਰਾ ਪੌਣ-ਪਾਣੀ ਨੂੰ ਗੰਧਲਾ ਕਰਨ ਅਤੇ ਵਾਤਾਵਰਣ ਦੀ ਦਿਨ-ਬ-ਦਿਨ ਹੋਰ ਖਰਾਬ ਹੁੰਦੀ ਜਾ ਰਹੀ ਗੁਣਵਤਾ ਨੂੰ ਉੱਚਾ ਚੁੱਕਣਾ ਸਮੇਂ ਦੀ ਲੋੜ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਣ ਦੇ ਕੁਦਰਤੀ ਸਾਧਨਾਂ ਨੂੰ ਬਚਾਇਆ ਜਾ ਸਕੇ।
ਸਵਿੱਚ ਫਾਰ ਚੇਂਜ ਫਾਊਂਡੇਸ਼ਨ ਦੇ ਫਾਉਂਡਰ ਪ੍ਰਧਾਨ ਗੌਰਵ ਸਿੰਘ ਨੇ ਕਿਹਾ ਕਿ ਇਸ ਦਿਨ ਨੂੰ ਮਨਾਉਣ ਦਾ ਮੰਤਵ ਸ਼ਹਿਰ ਵਾਸੀਆਂ ਨੂੰ ਵਾਤਾਵਰਣ ਚੁਗਿਰਦੇ ਦੀ ਰੱਖ ਰਖਾਵ ਅਤੇ ਸ਼ਹਿਰ ਵਿਚ ਸਫਾਈ ਪ੍ਰਤੀ ਜਾਗਰੂਕ ਕਰਨਾ ਸੀ। ਸੰਸਥਾ ਅਤੇ ਪਲਾਂਟ ਦੇ ਵਰਕਰਾਂ ਨੇ ਇੱਕਜੁੱਟ ਹੋ ਕੇ ਪਲਾਂਟ ਵਿਖੇ ਖਾਲੀ ਪਈਆਂ ਥਾਵਾਂ ਉੱਤੇ ਪੂਰੀ ਤਨਦੇਹੀ ਨਾਲ ਪੌਦੇ ਲਗਾਏ।
ਸਮਾਗਮ ਦੇ ਅੰਤ ਵਿਚ ਉਹਨਾਂ ਨੇ ਸਹਿਯੋਗ ਲਈ ਵਧੀਕ ਡਿਪਟੀ ਕਮਿਸ਼ਨਰ ਅਤੇ ਜਨਰਲ ਮੈਨੇਜਰ ਅਤੇ ਸਭ ਸੰਸਥਾਵਾਂ ਦਾ ਧੰਨਵਾਦ ਕੀਤਾ।
