ਕਿਸਾਨਾਂ ਦੀਆਂ ਮੰਗਾਂ ਨਾ ਮੰਨੇ ਜਾਣ ਕਰਕੇ ਮੋਦੀ ਪੂਰਨ ਬਹੁਮਤ ਨਾਲ ਸਰਕਾਰ ਨਾ ਬਣਾ ਸਕੇ : ਲੱਖੋਵਾਲ.
ਲੁਧਿਆਣਾ (ਇੰਦਰਜੀਤ) - ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਮਹੀਨੇਵਾਰ ਮੀਟਿੰਗ ਸ. ਹਰਿੰਦਰ ਸਿੰਘ ਲੱਖੋਵਾਲ ਪ੍ਰਧਾਨ ਬੀਕੇਯੂ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਮੁੱਖ ਦਫ਼ਤਰ ਲੁਧਿਆਣਾ ਵਿਖੇ ਹੋਈ ਜਿਸ ਵਿੱਚ ਯੂਨੀਅਨ ਦੇ ਅਹੁਦੇਦਾਰ, ਅਗਜੈਕਟਿਵ ਮੈਂਬਰ ਤੇ ਸਾਰੇ ਜਿਲ੍ਹਾ ਪ੍ਰਧਾਨ ਸ਼ਾਮਿਲ ਹੋਏ।
ਮੀਟਿੰਗ ਵਿੱਚ ਕਿਸਾਨੀ ਮੁੱਦਿਆਂ 'ਤੇ ਵਿਚਾਰਾਂ ਕੀਤੀਆਂ ਗਈਆਂ।
ਮੀਟਿੰਗ ਦੀ ਜਾਣਕਾਰੀ ਪ੍ਰੈਸ ਨੂੰ ਦਿੰਦੇ ਹੋਏ ਸ.ਅਵਤਾਰ ਸਿੰਘ ਮੇਹਲੋਂ ਸਰਪਰਸਤ ਤੇ ਹਰਿੰਦਰ ਸਿੰਘ ਲੱਖੋਵਾਲ ਪ੍ਰਧਾਨ ਪੰਜਾਬ ਨੇ ਸਾਂਝਾ ਬਿਆਨ ਦਿੰਦਿਆਂ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਦੇਸ਼ ਦੀਆਂ ਲੋਕ ਸਭਾ ਚੋਣਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ, ਮਜ਼ਦੂਰਾਂ ਦੀਆਂ ਮੰਗਾਂ ਨੂੰ ਆਪਣੇ ਕਾਰਜਕਾਲ ਦੌਰਾਨ ਪੂਰੀ ਤਰ੍ਹਾਂ ਅਣਗੌਲਿਆਂ ਕਰਦਿਆਂ ਉਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਉਲਟਾ ਕਿਸਾਨਾਂ ਤੇ ਤਸ਼ੱਦਦ ਢਾਇਆ ਗਿਆ ਤੇ ਸ਼ੁਭਕਰਨ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ, ਜਿਸ ਕਾਰਣ ਕਿਸਾਨਾਂ ਨੇ ਪੂਰੇ ਦੇਸ਼ ਅੰਦਰ ਭਾਜਪਾ ਦਾ ਖੁਲਕੇ ਵਿਰੋਧ ਕੀਤਾ। ਜਿਸ ਦਾ ਅਸਰ ਇਹ ਹੋਇਆ ਜੋ ਭਾਜਪਾ ਸਰਕਾਰ ਇਸ ਵਾਰ 400 ਸੀਟਾਂ ਦੇ ਅੰਕੜੇ ਨੂੰ ਪਾਰ ਕਰਨ ਦਾ ਦਾਅਵਾ ਕਰਦੀ ਸੀ ਉਸ ਨੂੰ ਬਹੁਮਤ ਵੀ ਨਸੀਬ ਨਹੀਂ ਹੋਇਆ ਤੇ ਉਸਨੂੰ ਹੋਰ ਪਾਰਟੀਆਂ ਦੇ ਸਹਿਯੋਗ ਨਾਲ ਸਰਕਾਰ ਬਣਾਉਣੀ ਪਈ ਹੈ।
ਮੋਦੀ ਲਈ ਇਹ ਚੋਣਾਂ ਸਬਕ ਹਨ ਕਿ ਜੇਕਰ ਉਸ ਨੇ ਆਉਣ ਵਾਲੇ ਸਮੇਂ ਵਿੱਚ ਵੀ ਕਿਸਾਨਾਂ ਨਾਲ ਬਦਸਲੂਕੀ ਜਾਰੀ ਰੱਖੀ ਤਾਂ ਆਉਂਦੇ ਮਹੀਨਿਆਂ ਵਿੱਚ ਕਈ ਰਾਜਾਂ ਅੰਦਰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਵਿੱਚ ਵੀ ਭਾਜਪਾ ਦਾ ਵਿਰੋਧ ਜਾਰੀ ਰਹੇਗਾ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਰਮਿੰਦਰ ਸਿੰਘ ਪਾਲਮਾਜਰਾ,ਪਰਸ਼ੋਤਮ ਸਿੰਘ ਗਿੱਲ,ਬਲਦੇਵ ਸਿੰਘ ਸ਼ਾਹਕੋਟ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਕੰਗਣਾ ਰਣੌਤ ਨੇ ਹਮੇਸ਼ਾ ਹੀ ਕਿਸਾਨਾਂ ਨੂੰ ਗਲਤ ਸ਼ਬਦਾਵਲੀ ਵਰਤੀ ਤੇ ਦਿੱਲੀ ਧਰਨੇ ਦੌਰਾਨ ਸਾਡੀਆਂ ਮਾਤਾਵਾਂ ਨੂੰ 100-100ਰੁ: ਦੀਆਂ ਦਿਹਾੜੀਦਾਰ ਦੱਸਿਆ ਤੇ ਪੰਜਾਬੀਆਂ ਦਾ ਮਖੌਲ ਉਡਾਇਆ। ਸਮੇਂ ਸਮੇਂ ਤੇ ਪੰਜਾਬੀਆਂ ਨੂੰ ਖਾਲਿਸਤਾਨੀ, ਵੱਖਵਾਦੀ ਆਖਿਆ ਜਿਸ ਦਾ ਪੰਜਾਬ ਪ੍ਰਤੀ ਦਰਦ ਰੱਖਣ ਵਾਲੀ ਸਾਡੀ ਸ਼ੇਰਨੀ ਧੀ ਕੁਲਵਿੰਦਰ ਕੌਰ ਨੇ ਪਿਛਲੇ ਦਿਨੀ ਚੰਡੀਗੜ੍ਹ ਏਅਰਪੋਰਟ ਤੇ ਉਸ ਦਾ ਬਣਦਾ ਮਾਣ ਸਤਿਕਾਰ ਦੇ ਦਿੱਤਾ ਹੈ ਤੇ ਅਸੀਂ ਪੰਜਾਬ ਦੀ ਇਸ ਬਹਾਦਰ ਧੀ ਨਾਲ ਖੜੇ ਹਾਂ ਤੇ ਉਸ ਨਾਲ ਕੋਈ ਵੀ ਸਰਕਾਰੀ ਬੇਇਨਸਾਫੀ ਨਹੀਂ ਹੋਣ ਦਿੱਤੀ ਜਾਵੇਗੀ।