*ਮੌਨਸੂਨ ਤੋਂ ਪਹਿਲਾਂ ਲੋੜੀਂਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਐਮ.ਐਲ.ਏ ਪਰਾਸ਼ਰ, ਨਗਰ ਨਿਗਮ ਕਮਿਸ਼ਨਰ ਮੈਦਾਨ ਵਿੱਚ ਨਿੱਤਰੇ; ਸ਼ਿਵਾਜੀ ਨਗਰ ਅਤੇ ਧਰਮਪੁਰਾ ਨਾਲੇ ਦੇ ਪ੍ਰੋਜੈਕਟਾਂ ਦਾ ਕੀਤਾ ਨਿਰੀਖਣ.

 

*ਹਲਕੇ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਤੋਂ ਰੋਕਣ ਲਈ ਵਚਨਬੱਧਤਾ ਦੁਹਰਾਈ*


ਲੁਧਿਆਣਾ, 11 ਜੂਨ।(ਕੁਨਾਲ ਜੇਤਲੀ) - :ਲੁਧਿਆਣਾ ਕੇਂਦਰੀ ਦੇ ਇਲਾਕਿਆਂ ਖਾਸ ਕਰਕੇ ਨੀਵੇਂ ਇਲਾਕਿਆਂ ਵਿੱਚ ਬਰਸਾਤ ਦਾ ਪਾਣੀ ਭਰਨ ਤੋਂ ਰੋਕਣ ਲਈ ਵਚਨਬੱਧ, ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਮੰਗਲਵਾਰ ਨੂੰ ਸ਼ਿਵਾਜੀ ਨਗਰ ਅਤੇ ਧਰਮਪੁਰਾ ਨਾਲੇ ਦੇ ਪ੍ਰੋਜੈਕਟਾਂ ਦਾ ਨਿਰੀਖਣ ਕੀਤਾ।


ਪਹਿਲਾਂ ਤੋਂ ਲੋੜੀਂਦੇ ਪ੍ਰਬੰਧ ਕਰਨ ਲਈ ਕੰਮ ਕਰਦੇ ਹੋਏ, ਵਿਧਾਇਕ ਪਰਾਸ਼ਰ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਇਲਾਕਾ ਨਿਵਾਸੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਅਧਿਕਾਰੀਆਂ ਨੂੰ ਸੁਧਾਰਾਤਮਕ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ, ਤਾਂ ਜੋ ਬਰਸਾਤ ਦੇ ਮੌਸਮ ਦੌਰਾਨ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਪਾਣੀ ਨਾ ਭਰੇ।


ਵਿਧਾਇਕ ਪਰਾਸ਼ਰ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਸ਼ਿਵਾਜੀ ਨਗਰ ਦੀਆਂ ਗਲੀਆਂ ਵਿੱਚ ਪਾਣੀ ਨਾ ਖੜ੍ਹੇ  ਅਤੇ ਜਿੱਥੇ ਲੋੜ ਹੋਵੇ ਉੱਥੇ ਸੜਕਾਂ ਦਾ ਪੱਧਰ ਵੀ ਉੱਚਾ ਕੀਤਾ ਜਾਵੇ।


ਵਿਧਾਇਕ ਨੇ ਦੱਸਿਆ ਕਿ ਸ਼ਿਵਾਜੀ ਨਗਰ ਨਾਲੇ ਨੂੰ ਕਵਰ ਕਰਨ ਦਾ ਪ੍ਰਾਜੈਕਟ ਲਗਭਗ ਪੂਰਾ ਹੋ ਚੁੱਕਾ ਹੈ ਅਤੇ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਨੂੰ ਬਰਸਾਤ ਦੌਰਾਨ ਪਾਣੀ ਭਰਨ ਕਾਰਨ ਕੋਈ ਪ੍ਰੇਸ਼ਾਨੀ ਨਾ ਆਵੇ। ਧਰਮਪੁਰਾ ਨਾਲੇ ਦੀ ਸਫਾਈ ਦਾ ਕੰਮ ਵੀ ਚੱਲ ਰਿਹਾ ਹੈ। ਆਈ.ਆਈ.ਟੀ ਰੁੜਕੀ ਦੇ ਮਾਹਿਰਾਂ ਦੇ ਸਹਿਯੋਗ ਨਾਲ, ਅਧਿਕਾਰੀ ਢੋਕਾ ਮੁਹੱਲੇ ਦੇ ਨੇੜੇ ਫਲੱਡ ਗੇਟ ਸਥਾਪਤ ਕਰਨ ਲਈ ਵੀ ਕੰਮ ਕਰ ਰਹੇ ਹਨ, ਤਾਂ ਜੋ ਬੁੱਢੇ ਨਾਲੇ ਦੇ ਪਾਣੀ ਦਾ ਪੱਧਰ ਵਧਣ ਦੇ ਬਾਵਜੂਦ ਢੋਕੇ ਮੁਹੱਲੇ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਾਣੀ ਨਾ ਭਰੇ।


ਵਿਧਾਇਕ ਪਰਾਸ਼ਰ ਨੇ ਕਿਹਾ ਕਿ ਫਲੱਡ ਗੇਟ ਲਗਾਉਣ ਦਾ ਪ੍ਰਾਜੈਕਟ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ ਅਤੇ ਲੁਧਿਆਣਾ ਕੇਂਦਰੀ ਹਲਕੇ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਤੋਂ ਰੋਕਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ  ਜਾ ਰਹੀ ਹੈ।


ਇਸ ਦੌਰਾਨ ਵਿਧਾਇਕ ਪਰਾਸ਼ਰ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਪਾਣੀ ਭਰਨ ਤੋਂ ਰੋਕਣ ਲਈ ਅਗਾਊਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਨਿਯਮਤ ਤੌਰ 'ਤੇ ਪ੍ਰੋਜੈਕਟਾਂ ਦੀ ਨਿਗਰਾਨੀ ਕਰਨ ਅਤੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਤੋਂ ਰੋਕਣ ਲਈ ਹਰ ਕਦਮ ਚੁੱਕਣ ਨੂੰ ਯਕੀਨੀ ਬਣਾਉਣ।