ਸਿਵਲ ਸਾਈਡ 'ਤੇ ਹਲਵਾਰਾ ਵਿਖੇ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਉਸਾਰੀ ਲਗਭਗ ਮੁਕੰਮਲ; ਐਮਪੀ ਅਰੋੜਾ ਨੇ ਇੰਡੀਅਨ ਏਅਰ ਫੋਰਸ ਦੇ ਸੀਨੀਅਰ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ.

 

ਲੁਧਿਆਣਾ, 12 ਜੂਨ (ਕੁਨਾਲ ਜੇਤਲੀ) - ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਬੁੱਧਵਾਰ ਨੂੰ ਇੱਥੇ ਇੱਕ ਬਿਆਨ ਵਿੱਚ ਕਿਹਾ ਕਿ ਹਲਵਾਰਾ ਵਿਖੇ ਨਿਰਮਾਣ ਅਧੀਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਜ਼ਿਆਦਾਤਰ ਕੰਮ ਜਾਂ

ਤਾਂ ਮੁਕੰਮਲ ਹੋ ਚੁੱਕੇ ਹਨ ਜਾਂ ਮੁਕੰਮਲ ਹੋਣ ਦੇ ਨੇੜੇ ਹਨ।




ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਸਾਰੇ ਸਬੰਧਤ ਕੇਂਦਰੀ ਅਤੇ ਰਾਜ ਵਿਭਾਗਾਂ ਅਤੇ ਠੇਕੇਦਾਰਾਂ ਤੋਂ ਪ੍ਰੋਜੈਕਟ ਬਾਰੇ ਜਾਣਕਾਰੀ ਲਈ ਹੈ। ਅੱਪਡੇਟ ਵਿੱਚ ਅਰੋੜਾ ਨੂੰ ਪ੍ਰੋਜੈਕਟ ਦੀ ਮੌਜੂਦਾ ਪ੍ਰਗਤੀ ਬਾਰੇ ਜਾਣੂ ਕਰਵਾਇਆ ਗਿਆ। ਅਧਿਕਾਰੀਆਂ ਨੇ ਅਰੋੜਾ ਨੂੰ ਦੱਸਿਆ ਕਿ ਟਰਮੀਨਲ ਦੀ ਇਮਾਰਤ ਦਾ 97 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਸਿਰਫ਼ ਫਿਨਿਸ਼ਿੰਗ ਆਈਟਮਾਂ ਹੀ ਬਚੀਆਂ ਹਨ, ਜੋ ਕਿ ਹੈਂਡਓਵਰ ਸਮੇਂ 'ਤੇ ਮੁਕੰਮਲ ਕਰ ਲਈਆਂ ਜਾਣਗੀਆਂ। ਸਬ ਸਟੇਸ਼ਨ ਅਤੇ ਟਾਇਲਟ ਬਲਾਕ ਦਾ ਕੰਮ 100 ਫੀਸਦੀ ਮੁਕੰਮਲ ਹੋ ਚੁੱਕਾ ਹੈ। ਐਪਰਨ ਅਤੇ ਟੈਕਸੀਵੇਅ ਦਾ 80 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਬਾਕੀ ਕੰਮ ਪ੍ਰਗਤੀ ਵਿੱਚ ਹੈ ਅਤੇ ਪੂਰਾ ਕਰਨ ਦੀ ਸਮਾਂ ਸੀਮਾ 31 ਜੁਲਾਈ, 2024 ਰੱਖੀ ਗਈ ਹੈ। ਅੰਦਰੂਨੀ ਸੜਕਾਂ ਅਤੇ ਲਾਈਟਾਂ, ਜਨ ਸਿਹਤ ਦੇ ਕੰਮ 90 ਫੀਸਦੀ ਮੁਕੰਮਲ ਹੋ ਚੁੱਕੇ ਹਨ। ਬਾਕੀ ਕੰਮ ਚੱਲ ਰਿਹਾ ਹੈ, ਜਿਸ ਨੂੰ ਪੂਰਾ ਕਰਨ ਦੀ ਆਖਰੀ ਮਿਤੀ 31 ਜੁਲਾਈ 2024 ਰੱਖੀ ਗਈ ਹੈ। ਏਅਰਪੋਰਟ ਕੰਪਲੈਕਸ ਤੱਕ ਪਹੁੰਚ ਸੜਕ ਦਾ 85 ਫੀਸਦੀ ਕੰਮ, ਪੁਲ ਦੀ ਐਂਟਰੀ ਰੋਡ ਦਾ 80 ਫੀਸਦੀ ਅਤੇ  ਇੰਡੀਅਨ ਏਅਰ ਫੋਰਸ  ਕੰਪਲੈਕਸ ਦੇ ਅੰਦਰ 30 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਬਾਕੀ ਕੰਮ ਚੱਲ ਰਿਹਾ ਹੈ, ਜਿਸ ਨੂੰ ਪੂਰਾ ਕਰਨ ਦੀ ਆਖਰੀ ਮਿਤੀ 31 ਜੁਲਾਈ 2024 ਰੱਖੀ ਗਈ ਹੈ। ਬਾਕੀ ਦਾ ਜ਼ਿਆਦਾਤਰ ਕੰਮ ਇੰਡੀਅਨ ਏਅਰ ਫੋਰਸ (ਆਈਏਐਫ) ਨਾਲ ਤਾਲਮੇਲ ਕਰਕੇ ਕੀਤਾ ਜਾਣਾ ਹੈ।  ਆਈਏਐਫ ਦਾ ਸਥਾਨਕ ਇੰਜੀਨੀਅਰਿੰਗ ਵਿਭਾਗ ਏਅਰ ਫੋਰਸ ਹੈੱਡਕੁਆਰਟਰ ਦਿੱਲੀ ਤੋਂ ਲੋੜੀਂਦੀ ਮਨਜ਼ੂਰੀ ਲੈਣ ਦੀ ਪ੍ਰਕਿਰਿਆ ਵਿਚ ਹੈ।




ਇਸ ਤੋਂ ਇਲਾਵਾ ਅਰੋੜਾ ਨੂੰ ਦੱਸਿਆ ਗਿਆ ਕਿ ਏਅਰਪੋਰਟ ਕੰਪਲੈਕਸ ਦੇ ਅੰਦਰ ਕੰਮ ਦੀ ਸਮੁੱਚੀ ਪ੍ਰਗਤੀ 90 ਫੀਸਦੀ ਹੈ ਅਤੇ  ਆਈਏਐਫ  ਕੰਪਲੈਕਸ ਦੇ ਅੰਦਰ ਕੰਮ ਦੀ ਸਮੁੱਚੀ ਪ੍ਰਗਤੀ ਮੁਕੰਮਲ ਹੋ ਚੁੱਕੀ ਹੈ।  ਆਈਏਐਫ  ਕੰਪਲੈਕਸ ਦੇ ਅੰਦਰ ਦਾ ਕੰਮ ਟੈਕਸੀਵੇਅ ਦੇ ਓਵਰਲੇਅ ਤੋਂ ਬਾਅਦ ਹੀ ਪੂਰਾ ਹੋਵੇਗਾ। ਅਰੋੜਾ ਨੇ ਕਿਹਾ ਕਿ ਸਬੰਧਤ ਅਧਿਕਾਰੀਆਂ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਹੈ ਕਿ  ਆਈਏਐਫ ਕੰਪਲੈਕਸ ਦੇ ਅੰਦਰ ਰਨਵੇਅ ਅਤੇ ਟੈਕਸੀਵੇਅ ਨੂੰ ਓਵਰਲੇਅ ਕਰਨ ਦਾ ਕੰਮ ਅਜੇ ਤੱਕ ਸ਼ੁਰੂ ਨਹੀਂ ਕੀਤਾ ਗਿਆ ਹੈ। ਸਿੱਟੇ ਵਜੋਂ ਟੈਕਸੀਵੇਅ ਦੇ ਮੁਕੰਮਲ ਹੋਣ ਵਿੱਚ ਦੇਰੀ ਹੋ ਰਹੀ ਹੈ, ਕਿਉਂਕਿ ਓਵਰਲੇਅ ਦਾ ਕੰਮ ਸ਼ੁਰੂ ਹੋਣ ਤੋਂ ਬਾਅਦ ਹੀ ਇਸ ਨੂੰ ਪੂਰਾ ਕੀਤਾ ਜਾ ਸਕਦਾ ਹੈ। 6 ਜੂਨ 2024 ਨੂੰ ਆਈਏਐਫ ਦੇ ਸੀਏਡੀਓ, ਏਏਆਈ, ਪੀਡਬਲਿਊਡੀ ਅਤੇ ਠੇਕੇਦਾਰਾਂ ਨਾਲ ਇੱਕ ਮੀਟਿੰਗ ਕੀਤੀ ਗਈ ਸੀ। ਇਸ ਮੀਟਿੰਗ ਵਿੱਚ ਇੱਕ ਨਿਸ਼ਚਿਤ ਤਰੀਕ ਲਈ ਦੁਬਾਰਾ ਬੇਨਤੀ ਕੀਤੀ ਗਈ ਜਿਸ ਤੋਂ  ਆਈਏਐਫ ਆਪਣੇ ਹਿੱਸੇ ਦਾ ਕੰਮ ਸ਼ੁਰੂ ਕਰੇਗੀ। ਜਵਾਬ ਵਿੱਚ ਉਨ੍ਹਾਂ ਭਰੋਸਾ ਦਿੱਤਾ ਕਿ 1 ਜੁਲਾਈ 2024 ਤੱਕ ਕੰਮ ਸ਼ੁਰੂ ਹੋ ਜਾਵੇਗਾ।




ਇਸ ਤੋਂ ਪਹਿਲਾਂ ਪ੍ਰਵਾਨਗੀਆਂ ਵਿੱਚ ਕੁਝ ਦੇਰੀ ਹੋਈ ਸੀ, ਜਿਸ ਕਾਰਨ ਪ੍ਰਾਜੈਕਟ ਦੇ ਕਈ ਹਿੱਸੇ ਲੰਬੇ ਸਮੇਂ ਤੱਕ ਲਟਕਦੇ ਰਹੇ। ਅਰੋੜਾ ਨੇ ਉਸ ਸਮੇਂ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਅਤੇ ਸਕੱਤਰ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਮੁੱਦਿਆਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਸੀ, ਜਿਸ ਤੋਂ ਬਾਅਦ ਕੇਂਦਰ ਨੇ ਤੁਰੰਤ ਪ੍ਰਤੀਕ੍ਰਿਆ ਵਿਖਾਉਂਦੇ ਹੋਏ ਪ੍ਰੋਜੈਕਟ ਨੂੰ ਰਸਮੀ ਪ੍ਰਵਾਨਗੀ ਦਿੱਤੀ। ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰ ਨੂੰ ਇਸ ਪ੍ਰਾਜੈਕਟ ਨੂੰ ਜਲਦੀ ਪੂਰਾ ਕਰਨ ਦੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਕੇਂਦਰੀ ਸ਼ਹਿਰੀ ਹਵਾਬਾਜ਼ੀ ਸਕੱਤਰ ਵੁਮਲੂਨਮੰਗ ਵੁਅਲਨਾਮ ਨੇ ਇਸ ਪ੍ਰਾਜੈਕਟ ਨੂੰ ਜਲਦੀ ਪੂਰਾ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ।




ਅਰੋੜਾ ਨੇ ਕੰਮ ਦੀ ਪ੍ਰਗਤੀ ਦੇਖਣ ਲਈ ਕਈ ਵਾਰ ਸਾਈਟ ਦਾ ਦੌਰਾ ਕੀਤਾ। ਉਹ ਲਗਾਤਾਰ ਚੱਲ ਰਹੇ ਨਿਰਮਾਣ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਸੰਸਦ ਮੈਂਬਰ (ਰਾਜ ਸਭਾ) ਵਜੋਂ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਹੀ ਉਨ੍ਹਾਂ ਨੇ ਇਸ ਪ੍ਰਾਜੈਕਟ ਨੂੰ ਜਲਦੀ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ਲਈ ਕੇਂਦਰੀ ਮੰਤਰੀਆਂ, ਸਕੱਤਰਾਂ ਅਤੇ ਹੋਰ ਸਬੰਧਤ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਅਸਲ ਵਿੱਚ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ‘ਡਰੀਮ ਪ੍ਰੋਜੈਕਟ’ ਹੈ। ਹਵਾਈ ਅੱਡਾ 161.28 ਏਕੜ ਰਕਬੇ ਵਿੱਚ ਬਣਾਇਆ ਜਾ ਰਿਹਾ ਹੈ। ਇਸ ਖੇਤਰ ਵਿੱਚ ਟਰਮੀਨਲ ਖੇਤਰ 2,000 ਵਰਗ ਮੀਟਰ ਹੈ। ਜ਼ਮੀਨ ਨੂੰ ਛੱਡ ਕੇ ਕੁੱਲ ਪ੍ਰੋਜੈਕਟ ਦੀ ਲਾਗਤ ਲਗਭਗ 70 ਕਰੋੜ ਰੁਪਏ ਹੈ।




ਉਨ੍ਹਾਂ ਆਸ ਪ੍ਰਗਟਾਈ ਕਿ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਇਹ ਨਾ ਸਿਰਫ਼ ਲੁਧਿਆਣਾ ਸਗੋਂ ਸਮੁੱਚੇ ਸੂਬੇ ਲਈ ਲਾਹੇਵੰਦ ਸਾਬਤ ਹੋਵੇਗਾ ਕਿਉਂਕਿ ਇਸ ਨਾਲ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਹਵਾਈ ਸੰਪਰਕ ਕਿਸੇ ਵੀ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਵਿੱਚ ਵੱਡੀ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਉਨ੍ਹਾਂ ਦੇ ਯਤਨਾਂ ਨੂੰ ਜਲਦੀ ਹੀ ਹਾਂ-ਪੱਖੀ ਹੁੰਗਾਰਾ ਮਿਲੇਗਾ।