*ਸਤਲੁਜ ਦਰਿਆ ਕਿਨਾਰੇ ਵੱਸਣ ਵਾਲੇ ਪਿੰਡ ਇਸ ਦੀ ਪਹਿਰੇਦਾਰੀ ਕਰਨ- ਸੰਤ ਸੀਚੇਵਾਲ.
*ਅਚਨਚੇਤ ਡਾਇੰਗ ਇੰਡਸਟਰੀਆਂ ਦੇ ਟਰੀਟਮੈਂਟ ਪਲਾਂਟਾਂ ਦੇ ਆਊਟ ਲੇਟ ਕੀਤੇ ਚੈਕ*
ਲੁਧਿਆਣਾ,16 ਜੂਨ (ਕੁਨਾਲ ਜੇਤਲੀ) - :ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਤਲੁਜ ਦਰਿਆ ਕਿਨਾਰੇ ਵੱਸਣ ਵਾਲੇ ਪਿੰਡਾਂ ਨੂੰ ਦਰਿਆ ਦੀ ਪਹਿਰੇਦਾਰੀ ਕਰਨ ਦਾ ਸੱਦਾ ਦਿੱਤਾ ਹੈ।
ਉਹ ਅੱਜ ਲੁਧਿਆਣਾ ਜਿਲ੍ਹੇ ਦੇ ਪਿੰਡ ਖਾਸੀ ਕਲਾ ਵਿੱਚ ਮਨਾਏ ਗਏ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੋਕੇ ਲੈਂਡ ਮਰਟਗੇਜ ਬੈਂਕ ਦੇ ਚੇਅਰਮੈਨ ਸੁਰਿੰਦਰਪਾਲ ਸਿੰਘ ਹੁੰਦਲ ਹਵਾਸ ਵੀ ਮੌਜੂਦ ਸਨ।
ਸੰਤ ਸੀਚੇਵਾਲ ਨੇ ਕਿਹਾ ਕਿ ਬੁੱਢੇ ਦਰਿਆ ਦੀ ਕਾਰ ਸੇਵਾ ਦੇ ਪਹਿਲੇ ਪੜਾਅ ਦੌਰਾਨ ਇਸ ਨੂੰ ਹਰਿਆ-ਭਰਿਆ ਕਰਨ ਲਈ ਰੁੱਖ ਲਾਏ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਬਰਸਾਤਾਂ ਦੇ ਦਿਨਾਂ ਵਿੱਚ ਬੂਟੇ ਲਗਾਉਣ ਦੇ ਕਾਰਜ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ।
ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹੀਦੀ ਨੂੰ ਪ੍ਰਣਾਮ ਕਰਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਜਦੋਂ ਗੁਰੂ ਸਾਹਿਬ ਜੀ ਦੀ ਸ਼ਹਾਦਤ ਹੋਈ ਉਸ ਉਦੋਂ ਵੀ ਇੰਝ ਹੀ ਗਰਮ ਮੌਸਮ ਸੀ।ਉਨ੍ਹਾਂ ਵੱਧ ਰਹੀ ਆਲਮੀ ਤਪਸ਼ ਦਾ ਜ਼ਿਕਰ ਕਰਦਿਆ ਕਿਹਾ ਕਿ ਇਸ ਤੋਂ ਛੁਟਕਾਰਾ ਪਾਉਣ ਲਈ ਰੁੱਖ ਲਗਾਉਣੇ ਬਹੁਤ ਜਰੂਰੀ ਹਨ।ਜਲਵਾਯੂ ਤਬਦੀਲੀ ਦੇ ਅਸਰ ਦਾ ਜ਼ਿਕਰ ਕਰਦਿਆ ਸੰਤ ਸੀਚੇਵਾਲ ਨੇ ਦੱਸਿਆ ਕਿ ਦੇਸ਼ ਦੇ 310 ਜਿਲ੍ਹੇ ਇਸ ਦੀ ਮਾਰ ਹੇਠਾਂ ਆਏ ਹੋਏ ਹਨ ਜਿਸ ਕਾਰਨ ਦੇਸ਼ ਦੀ ਖੇਤੀ ਪ੍ਰਭਾਵਿਤ ਹੋ ਰਹੀ ਹੈ। ਜਲਵਾਯੂ ਤਬਦੀਲੀ ਦੀ ਮਾਰ ਹੇਠਾਂ ਪੰਜਾਬ ਦੇ 9,ਹਿਮਾਚਲ ਦੇ 8 ਅਤੇ ਹਰਿਆਣਾ ਦੇ 11 ਜਿਲ੍ਹੇ ਆਏ ਹੋਏ ਹਨ।
ਕੇਂਦਰੀ ਭੂ-ਜਲ ਬੋਰਡ ਦੀ ਇੱਕ ਛੇ ਸਾਲ ਪੁਰਾਣੀ ਰਿਪੋਰਟ ਦਾ ਜ਼ਿਕਰ ਕਰਦਿਆ ਸੰਤ ਸੀਚੇਵਾਲ ਨੇ ਦੱਸਿਆ 2039 ਤੱਕ ਪੰਜਾਬ ਵਿੱਚ ਪਾਣੀ ਇੱਕ ਹਾਜ਼ਾਰ ਫੁੱਟ ਡੂੰਘਾ ਚਲਿਆ ਜਾਵੇਗਾ।
ਫੰਡ ਵਾਰ ਨੇਚਰ ਦੀ ਰਿਪੋਰਟ ਦਾ ਹਵਾਲਾ ਦਿੰਦਿਆ ਉਨ੍ਹਾਂ ਕਿਹਾ ਕਿ 2050 ਤੱਕ ਦੇਸ਼ ਦੇ ਜਿਹੜੈ 30 ਸ਼ਹਿਰ ਪਾਣੀ ਦੇ ਸੰਕਟ ਨਾਲ ਜੂਝ ਰਹੇ ਹੋਣਗੇ ਉਨ੍ਹਾਂ ਵਿੱਚ ਲੁਧਿਆਣਾ ,ਜਲੰਧਰ,ਅੰਮ੍ਰਿਤਸਰ ਤੇ ਚੰਡੀਗੜ੍ਹ ਸ਼ਾਮਿਲ ਹਨ।
ਗੁਰਦੁਆਰਾ ਢੱਕੀ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਭਗਤ ਸਿੰਘ ਵੱਲੋਂ ਬੁੱਢੇ ਦਰਿਆ ਕਿਨਾਰੇ ਲਗਾਏ ਜਾ ਰਹੇ ਬੂਟਿਆਂ ਨੂੰ ਸੰਭਾਲਣ ਦੀ ਜੁੰਮੇਵਾਰੀ ਲੈਂਦਿਆ ਕਿਹਾ ਕਿ ਜਦੋਂ ਤੋਂ ਸੰਤ ਬਲਬੀਰ ਸਿੰਘ ਸੀਚੇਵਾਲ ਹੋਰਾਂ ਦੀ ਅਗਵਾਈ ਵਿੱਚ ਬੁੱਢੇ ਦਰਿਆ ਨੂੰ ਸਾਫ ਕਰਨ ਦੀ ਮੁਹਿੰਮ ਚੱਲ ਰਹੀ ਹੈ ਉਸ ਨਾਲ ਪ੍ਰਦੂਸ਼ਣ ਤੋਂ ਕਾਫੀ ਹੱਦ ਤੱਕ ਨਿਜ਼ਾਤ ਮਿਲੀ ਹੈ।ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਦਰਿਆ ਦੇ ਕਿਨਾਰੇ ਲੱਗੇ ਬੂਟਿਆਂ ਨੂੰ ਉਹ ਗੋਦ ਲੈਣ।
ਉਨ੍ਹਾਂ ਕਿਹਾ ਕਿ ਜਿਹੜੀ ਗਰਮੀ ਅੱਜ ਅਸੀਂ ਝੱਲ ਰਹੇ ਹਾਂ ਪੰਜਾਬ ਵਿੱਚ ਰੁੱਖਾਂ ਦੀ ਗਿਣਤੀ ਵੱਧਣ ਨਾਲ ਇਹ ਘੱਟ ਜਾਵੇਗੀ ਤੇ ਮੀਂਹ ਜ਼ਿਆਦਾ ਪੈਣ ਲੱਗਣਗੇ।
*ਸੰਤ ਸੀਚੇਵਾਲ ਨੇ ਸੀ.ਈ.ਟੀ.ਪੀਸ ਦੇ ਕੰਮਕਾਜ ਦੀ ਕੀਤੀ ਜਾਂਚ*
ਬਾਅਦ ਵਿੱਚ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਤਾਜਪੁਰ ਰੋਡ ’ਤੇ 40 ਐਮ.ਐਲ.ਡੀ ਅਤੇ 50 ਐਮ.ਐਲ
ਡੀ ਦੇ ਸੀ.ਈ.ਟੀ.ਪੀ ਦੇ ਕੰਮਕਾਜ ਦੀ ਜਾਂਚ ਕੀਤੀ ਅਤੇ ਇਸ ਸਬੰਧੀ ਜਾਣਕਾਰੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੇ ਚੇਅਰਮੈਨ ਨਾਲ ਸਾਂਝੀ ਕੀਤੀ।
