*ਵਿਧਾਇਕ ਸਿੱਧੂ ਵੱਲੋਂ ਵਿਸ਼ਵਕਰਮਾ ਪਾਰਕ 'ਚ ਲਾਇਬਰੇਰੀ ਹਾਲ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ.
*- ਕਿਹਾ! ਲਾਇਬਰੇਰੀ ਦਾ ਮੁੱਖ ਮੰਤਵ ਨੋਜਵਾਨਾਂ 'ਚ ਕਿਤਾਬਾਂ ਪੜ੍ਹਨ ਦੀ ਆਦਤ ਪਾਉਣਾ*
ਲੁਧਿਆਣਾ, 21 ਜੂਨ (ਇੰਦ੍ਰਜੀਤ) - ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਵਿਦਿਆਰਥੀਆਂ ਖਾਸ ਕਰਕੇ ਨੌਜਵਾਨਾਂ ਵਿੱਚ ਕਿਤਾਬਾਂ ਪੜ੍ਹਨ ਦੀ ਆਦਤ ਪਾਉਣ ਦੇ ਮੰਤਵ ਨਾਲ, ਸਥਾਨਕ ਵਿਸ਼ਵਕਰਮਾ ਪਾਰਕ, ਜੈਮਲ ਰੋਡ ਵਿਖੇ ਲਾਇਬਰੇਰੀ ਹਾਲ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ ਕੀਤਾ.
ਇਸ ਮੌਕੇ ਵਿਧਾਇਕ ਸਿੱਧੂ ਨੇ ਕਿਹਾ ਕਿ ਇਸ ਲਾਇਬਰੇਰੀ ਦੇ ਸਥਾਪਿਤ ਹੋਣ ਨਾਲ ਜਿੱਥੇ ਸਵੇਰ-ਸ਼ਾਮ ਦੀ ਸੈਰ ਕਰਨ ਵਾਲੇ ਨੌਜਵਾਨ ਤੇ ਬਜ਼ੁਰਗ ਲਾਭ ਲੈਣਗੇ ਉੱਥੇ ਕਿਤਾਬਾਂ ਤੋਂ ਪ੍ਰਾਪਤ ਵਿਸ਼ਾਲ ਗਿਆਨ ਰਾਹੀਂ ਇਹ ਲਾਇਬਰੇਰੀ ਵਿਦਿਆਰਥੀ ਵਰਗ ਦੇ ਸਰਵਪੱਖੀ ਵਿਕਾਸ ਨੂੰ ਵੀ ਯਕੀਨੀ ਬਣਾਏਗੀ।
ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਸਪੱਸ਼ਟ ਕੀਤਾ ਕਿ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਦੀ ਸਰੀਰਿਕ ਤੰਦਰੁਸਤੀ ਲਈ ਆਉਣ ਵਾਲੇ ਸਮੇਂ ਵਿੱਚ ਨਵੇਂ ਪਾਰਕ ਸਥਾਪਿਤ ਕੀਤੇ ਜਾਣਗੇ, ਪੁਰਾਣੇ ਪਾਰਕਾਂ ਦਾ ਨਵੀਨੀਕਰਣ ਕਰਦਿਆਂ ਬੱਚਿਆਂ ਲਈ ਝੂਲੇ, ਸੈਰ ਕਰਨ ਲਈ ਸਮਰਪਿਤ ਟਰੈਕ, ਓਪਨ ਜਿੰਮ ਵੀ ਬਣਾਏ ਜਾਣਗੇ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਸਮਾਜ ਦੇ ਕਮਜ਼ੋਰ ਅਤੇ ਪਛੜੇ ਵਰਗਾਂ ਦੇ ਵਿਦਿਆਰਥੀਆਂ ਤੱਕ ਮਿਆਰੀ ਸਿੱਖਿਆ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਵਿਧਾਇਕ ਸਿੱਧੂ ਨੇ ਕਿਹਾ ਕਿ ਹਰ ਉਮਰ ਵਰਗ ਨੂੰ ਕਿਤਾਬਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ ਤਾਂ ਜੋ ਉਹ ਆਪਣੇ ਗਿਆਨ ਵਿੱਚ ਵਾਧਾ ਕਰ ਸਕਣ। ਉਨ੍ਹਾਂ ਕਿਹਾ ਕਿ ਨੌਜਵਾਨੀ ਨੂੰ ਨਸ਼ਿਆਂ ਦੇ ਕੋਹੜ ਤੋਂ ਪਾਸੇ ਮੋੜਨ ਵਿੱਚ ਕਿਤਾਬਾਂ ਅਹਿਮ ਰੋਲ ਅਦਾ ਕਰਦੀਆਂ ਹਨ ਅਤੇ ਅਜਿਹੀਆਂ ਹੋਰ ਲਾਇਬਰੇਰੀਆਂ ਸਥਾਪਿਤ ਕਰਨਾ ਸਮੇਂ ਦੀ ਲੋੜ ਹੈ।