ਫੋਕਲ ਪੁਆਇੰਟ ਏਰੀਆ ਦੇ ਚਾਰ ਫੇਜ਼ ਵਿੱਚ ਪੀਐਸਆਈਈਸੀ ਵੱਲੋਂ ਸੜਕਾਂ ਦੇ ਪੁਨਰ ਨਿਰਮਾਣ ਦਾ ਕੰਮ ਲਗਭਗ ਮੁਕੰਮਲ: ਐਮ ਪੀ ਅਰੋੜਾ.

 

#ਉਨ੍ਹਾਂ ਦੱਸਿਆ ਕਿ 1.25 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦੇ ਪੁਨਰ ਨਿਰਮਾਣ ਦਾ 5 ਫੀਸਦੀ ਕੰਮ ਬਾਕੀ# 




ਲੁਧਿਆਣਾ, 24 ਜੂਨ : ਸਥਾਨਕ ਫੋਕਲ ਪੁਆਇੰਟ ਖੇਤਰਾਂ ਵਿੱਚ ਆਪਣੀਆਂ ਉਦਯੋਗਿਕ ਇਕਾਈਆਂ ਚਲਾ ਰਹੇ ਸਨਅਤਕਾਰਾਂ ਨੇ ਰਾਹਤ ਦਾ ਸਾਹ ਲਿਆ ਹੈ ਕਿਉਂਕਿ 25.2 ਕਰੋੜ ਰੁਪਏ ਦੀ ਲਾਗਤ ਨਾਲ 14.12 ਕਿਲੋਮੀਟਰ ਲੰਬੀਆਂ ਸੜਕਾਂ ਦੇ ਪੁਨਰ ਨਿਰਮਾਣ ਦਾ ਜ਼ਿਆਦਾਤਰ ਕੰਮ ਚਾਰ ਫੇਜ਼ ਵਿੱਚ ਮੁਕੰਮਲ ਕਰ ਲਿਆ ਗਿਆ ਹੈ। ਇਹ ਕੰਮ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ (ਪੀਐਸਆਈਈਸੀ) ਵੱਲੋਂ ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਦੀ ਪਹਿਲਕਦਮੀ ਅਤੇ ਦਖਲਅੰਦਾਜ਼ੀ ਨਾਲ ਪੰਜਾਬ ਸਰਕਾਰ ਵੱਲੋਂ ਇਸ ਲਈ ਫੰਡ ਜਾਰੀ ਕੀਤੇ ਜਾਣ ਤੋਂ ਬਾਅਦ ਕੀਤੇ ਗਏ ਹਨ।




ਜਦੋਂ ਤੋਂ ਅਰੋੜਾ ਨੇ ਸੰਸਦ ਮੈਂਬਰ (ਰਾਜ ਸਭਾ) ਦਾ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਉਹ ਫੋਕਲ ਪੁਆਇੰਟ ਖੇਤਰ ਦੀਆਂ ਸੜਕਾਂ ਦੀ ਮੁਰੰਮਤ ਲਈ ਠੋਸ ਅਤੇ ਸੁਹਿਰਦ ਯਤਨ ਕਰ ਰਹੇ ਹਨ। ਇਨ੍ਹਾਂ ਸੜਕਾਂ ਨੂੰ ਦੁਬਾਰਾ ਬਣਾਉਣ ਲਈ ਨਾ ਸਿਰਫ਼ ਉਦਯੋਗਪਤੀ ਉਨ੍ਹਾਂ ਨਾਲ ਨਿੱਜੀ ਤੌਰ 'ਤੇ ਸੰਪਰਕ ਕਰ ਰਹੇ ਸਨ, ਸਗੋਂ ਕਈ ਉਦਯੋਗਿਕ ਜਥੇਬੰਦੀਆਂ ਵੀ ਉਨ੍ਹਾਂ ਕੋਲ ਇਹ ਮੰਗ ਲੈ ਕੇ ਆ ਰਹੀਆਂ ਸਨ। ਸ਼ਹਿਰ ਦੇ ਸਨਅਤਕਾਰਾਂ ਦਾ ਵਿਚਾਰ ਸੀ ਕਿ ਸ਼ਹਿਰ ਵਿੱਚ ਉਦਯੋਗ ਅਤੇ ਵਪਾਰ ਨੂੰ ਪ੍ਰਫੁੱਲਤ ਕਰਨ ਲਈ ਬਿਹਤਰ ਸੜਕਾਂ, ਖਾਸ ਕਰਕੇ ਫੋਕਲ ਪੁਆਇੰਟ ਖੇਤਰਾਂ ਵਿੱਚ ਬੁਨਿਆਦੀ ਢਾਂਚਾ ਮੁੱਖ ਲੋੜ ਹੈ। ਅਰੋੜਾ ਨੂੰ ਜਾਣੂ ਕਰਵਾਇਆ ਗਿਆ ਸੀ ਕਿ ਫੋਕਲ ਪੁਆਇੰਟ ਖੇਤਰ ਦੀਆਂ ਸੜਕਾਂ ਦੀ ਮਾੜੀ ਹਾਲਤ ਕਾਰਨ ਸਥਾਨਕ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਬਰਸਾਤ ਦੇ ਦਿਨਾਂ ਵਿੱਚ ਹਾਲਤ ਹੋਰ ਵੀ ਮਾੜੀ ਹੋ ਜਾਂਦੀ ਸੀ।




ਇਸ ਤੋਂ ਇਲਾਵਾ ਅਰੋੜਾ ਨੂੰ ਇਹ ਵੀ ਜਾਣੂ ਕਰਵਾਇਆ ਗਿਆ ਕਿ ਕਈ ਵਾਰ ਸੜਕਾਂ 'ਤੇ ਪੈਚ ਵਰਕ ਕੀਤਾ ਜਾਂਦਾ ਸੀ ਪਰ ਇਸ ਦਾ ਕੋਈ ਫਾਇਦਾ ਨਹੀਂ ਹੁੰਦਾ ਸੀ। ਅਰੋੜਾ ਨੇ ਇਸ ਤੋਂ ਬਾਅਦ ਸਬੰਧਤ ਅਧਿਕਾਰੀਆਂ ਨੂੰ ਸਮੱਸਿਆ ਦਾ ਠੋਸ ਹੱਲ ਕੱਢਣ ਦਾ ਸੁਝਾਅ ਦਿੱਤਾ। ਇਸ ਤੋਂ ਬਾਅਦ ਸੜਕਾਂ ਨੂੰ ਕੰਕਰੀਟ ਨਾਲ ਬਣਾਉਣ ਦਾ ਫੈਸਲਾ ਕੀਤਾ ਗਿਆ। ਇਸ ਤਰ੍ਹਾਂ ਹੁਣ ਸੜਕਾਂ ਕੰਕਰੀਟ ਦੀਆਂ ਬਣ ਗਈਆਂ ਹਨ। ਇਨ੍ਹਾਂ ਸੜਕਾਂ ਨੂੰ ਸੀਸੀ ਰੋਡ ਕਿਹਾ ਜਾਂਦਾ ਹੈ, ਜੋ ਕਿ ਮਜ਼ਬੂਤ ਹੋਣ ਕਾਰਨ ਜ਼ਿਆਦਾ ਟਿਕਾਊ ਹਨ। ਇੱਕ ਸੀਸੀ ਸੜਕ ਦੀ ਉਮਰ 20 ਤੋਂ 30 ਸਾਲ ਹੁੰਦੀ ਹੈ ਅਤੇ ਇਸਦੀ ਘੱਟੋ-ਘੱਟ ਦੇਖਭਾਲ ਦੀ ਲੋੜ ਹੁੰਦੀ ਹੈ।




ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਇਨ੍ਹਾਂ ਸੜਕਾਂ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਅਰੋੜਾ ਨੇ ਦੱਸਿਆ ਕਿ ਫੋਕਲ ਪੁਆਇੰਟ (ਫੇਜ਼ 5) ਵਿੱਚ 8.7 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦੇ ਨਿਰਮਾਣ ਦਾ 100 ਫੀਸਦੀ ਕੰਮ ਮੁਕੰਮਲ ਕਰ ਲਿਆ ਗਿਆ ਹੈ। ਇਸੇ ਤਰ੍ਹਾਂ,ਫੇਜ਼ 6 ਵਿੱਚ 1.76 ਕਰੋੜ ਰੁਪਏ ਦੀ ਲਾਗਤ ਨਾਲ, ਫੇਜ਼ 8 ਵਿੱਚ 5.68 ਕਰੋੜ ਰੁਪਏ ਦੀ ਲਾਗਤ ਨਾਲ, 34 ਏਕੜ ਪਾਕੇਟ (ਫੇਜ਼ 8 ਦਾ ਹਿੱਸਾ) ਵਿੱਚ 2.01 ਕਰੋੜ ਰੁਪਏ ਦੀ ਲਾਗਤ ਨਾਲ ਅਤੇ ਹਾਈਵੇ ਇੰਡਸਟਰੀ (ਫੇਜ਼ 7 ਦਾ ਹਿੱਸਾ) ਨੇੜੇ 0.67 ਕਰੋੜ ਰੁਪਏ ਦੀ ਲਾਗਤ ਨਾਲ 100 ਫੀਸਦੀ ਕੰਮ ਮੁਕੰਮਲ ਕੀਤਾ ਗਿਆ ਹੈ। ਪਰ ਫੇਜ਼ 5 (ਜੀਵਨ ਨਗਰ) ਵਿੱਚ 80 ਫੀਸਦੀ ਕੰਮ ਮੁਕੰਮਲ ਹੋਇਆ ਹੈ। ਇਨ੍ਹਾਂ ਛੇ ਕੰਮਾਂ ਲਈ ਰੱਖੀ ਗਈ ਕੁੱਲ 25.2 ਕਰੋੜ ਰੁਪਏ ਦੀ ਰਾਸ਼ੀ ਵਿੱਚੋਂ 23.924 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। 1.25 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦੇ ਨਿਰਮਾਣ ਦਾ 5 ਫੀਸਦੀ ਕੰਮ ਬਾਕੀ ਹੈ।




ਅਰੋੜਾ ਨੇ ਕਿਹਾ ਕਿ ਸਬੰਧਤ ਅਧਿਕਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ 6 ਕੰਮਾਂ ਵਿੱਚੋਂ 5 ਮੁਕੰਮਲ ਹੋ ਚੁੱਕੇ ਹਨ ਅਤੇ ਬਾਕੀ 20 ਫੀਸਦੀ ਕੰਮ ਅਧੂਰੇ ਪਏ ਹਨ। ਜੀਵਨ ਨਗਰ (ਫੇਜ਼ 5) ਵਿਖੇ ਜੰਗਲਾਤ ਅਤੇ ਆਪਟੀਕਲ ਕੇਬਲ ਦੀਆਂ ਸਮੱਸਿਆਵਾਂ ਕਾਰਨ ਕੰਮ ਵਿੱਚ ਦੇਰੀ ਹੋਈ ਸੀ, ਜੋ ਹੁਣ ਹੱਲ ਹੋ ਗਈ ਹੈ। ਇਸ ਲਈ ਬਾਕੀ ਰਹਿੰਦਾ ਕੰਮ ਇਸ ਮਹੀਨੇ ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ।




ਇਸ ਕੰਮ 'ਤੇ ਤਸੱਲੀ ਪ੍ਰਗਟ ਕਰਦਿਆਂ ਅਰੋੜਾ ਨੇ ਕਿਹਾ ਕਿ ਪੱਕੀਆਂ ਕੰਕਰੀਟ ਦੀਆਂ ਸੜਕਾਂ ਨੇ ਫੋਕਲ ਪੁਆਇੰਟ ਦੀ ਦਿੱਖ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਵੀਆਂ ਬਣੀਆਂ ਸੜਕਾਂ ਨੇ ਇਲਾਕੇ ਵਿੱਚ ਸਥਿਤ ਉਦਯੋਗਿਕ ਇਕਾਈਆਂ ਨੂੰ ਨਵੀਂ ਜੀਵਨ ਰੇਖਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਕੰਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਿੱਜੀ ਦਿਲਚਸਪੀ ਲੈ ਕੇ ਮੁਕੰਮਲ ਕੀਤੇ ਗਏ ਹਨ, ਜਿਨ੍ਹਾਂ ਕੋਲ ਸੂਬੇ ਦੇ ਉਦਯੋਗਾਂ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਵੱਡਾ ਵਿਜ਼ਨ ਹੈ। ਅਰੋੜਾ ਨੇ ਕਿਹਾ ਕਿ ਉਨ੍ਹਾਂ ਦੇ ਯਤਨ ਨਾ ਸਿਰਫ਼ ਮੌਜੂਦਾ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਜਾਰੀ ਰਹਿਣਗੇ ਸਗੋਂ ਸ਼ਹਿਰ ਵਿੱਚ ਨਵਾਂ ਬੁਨਿਆਦੀ ਢਾਂਚਾ ਬਣਾਉਣ ਲਈ ਵੀ ਜਾਰੀ ਰਹੇਗਾ।