ਨਸ਼ਿਆਂ ਸਬੰਧੀ ਪਿੰਡ ਤਲਵੰਡੀ ਕਲਾਂ ਵਿਖੇ ਹੋਈ ਪੁਲਿਸ ਪਬਲਿਕ ਮੀਟਿੰਗ.

 

ਨਸ਼ਿਆਂ ਨੂੰ ਪਾਉਣ ਲਈ ਸਰਕਾਰ ਨੇ ਚੁੱਕੇ ਉਸਾਰੂ ਕਦਮ-ਏ.ਸੀ.ਪੀ. ਗਿੱਲ 


ਲਾਡੋਵਾਲ, 26 ਜੂਨ (ਇੰਦ੍ਰਜੀਤ)- ਲਾਡੋਵਾਲ ਥਾਣੇ ਦੇ ਅਧੀਨ ਆਉਂਦੇ ਪਿੰਡ ਤਲਵੰਡੀ ਕਲਾਂ ਵਿਖੇ ਸਾਬਕਾ ਸਰਪੰਚ ਚਰਨ ਦਾਸ ਤਲਵੰਡੀ, ਪ੍ਰਧਾਨ ਸੁਰਜੀਤ ਸਿੰਘ ਮੰਗਾ, ਸਾਬਕਾ ਸਰਪੰਚ ਹੰਸ ਰਾਜ ਸਿੰਘ, ਸਿਮਰਨਜੀਤ ਸਿੰਘ ਬੱਬੂ ਅਤੇ ਜੋਰਾ ਸਿੰਘ ਤਲਵੰਡੀ ਦੀ ਅਗਵਾਈ ਵਿਚ ਪੁਲਿਸ ਪਬਲਿਕ ਮੀਟਿੰਗ ਹੋਈ, ਜਿਸ ਵਿਚ ਏਸੀਪੀ ਜਸਬੀਰ ਸਿੰਘ ਗਿੱਲ ਅਤੇ ਵੀਰਇੰਦਰਪਾਲ ਸਿੰਘ ਬੈਨੀਪਾਲ ਨੇ ਪਿੰਡ ਵਾਸੀਆਂ ਨਾਲ ਨਸ਼ੇ ਦੇ ਮੁੱਦੇ ਨੂੰ ਲੈਕੇ ਚਰਚਾ ਕੀਤੀ। ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਂਦਿਆਂ ਕਿਹਾ ਕਿ ਇਲਾਕੇ ਵਿਚ ਚਿੱਟੇ ਦਾ ਕਾਲਾ ਧੰਦਾ ਜੋਰਾਂ ਤੇ ਚੱਲ ਰਿਹਾ ਹੈ, ਜਿਸ ਨਾਲ ਨੌਜਵਾਨ ਬੁਰੀ ਤਰ੍ਹਾਂ ਨਸ਼ਿਆਂ ਦੀ ਗ੍ਰਿਫਤ ਵਿਚ ਆਏ ਹੋਏ ਹਨ। ਸਰਕਾਰਾਂ ਦਾ ਨਸ਼ੇ ਖਤਮ ਕਰਨ ਦਾ ਕੀਤਾ ਦਾਅਵਾ ਖੋਖਲਾ ਸਾਬਤ ਹੋਇਆ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਦੀਆਂ ਔਰਤਾਂ ਅਤੇ ਮਰਦ ਸ਼ਰੇਆਮ ਬੇਖੌਫ ਚਿੱਟਾ ਵੇਚ ਰਹੇ ਹਨ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਨਾਲ ਖਿਲਵਾੜ ਕਰ ਰਹੇ ਹਨ। ਜੇਕਰ ਅਸੀਂ ਉਨਾਂ ਨੂੰ ਪੁਲਿਸ ਦੇ ਹਵਾਲੇ ਕਰਦੇ ਹਾਂ ਤਾਂ ਉਥੇ ਉਨਾਂ ਨੂੰ ਛਡਾਉਣ ਵਾਲੇ ਪਹਿਲਾਂ ਹੀ ਕੁਰਸੀਆਂ ਮਲ ਕਿ ਬੈਠੇ ਹੁੰਦੇ ਹਨ ਅਤੇ ਪੁਲਿਸ ਵੀ ਉਨਾਂ ਦੇ ਕਹੇ ਤੇ ਬਿਨਾਂ ਦੇਰੀ ਤੋਂ ਦੋਸ਼ੀ ਨੂੰ ਛੱਡ ਦਿੰਦੀ ਹੈ। ਪਿੰਡ ਵਾਲਿਆਂ ਨੇ ਇਹ ਵੀ ਕਿਹਾ ਕਿ ਪੁਲਿਸ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਕਰ ਰਹੀ ਅਤੇ ਨਾ ਹੀ ਗੇੜਾ ਮਾਰਦੀ ਹੈ, ਜਿਸ ਕਰਕੇ ਪਿੰਡਾਂ ਵਿਚ ਲੁੱਟਾਂ ਖੋਹਾਂ ਵੀ ਵੱਧ ਹੋ ਰਹੀਆਂ ਹਨ। ਇਸ ਮੌਕੇ ਲਾਡੋਵਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪੰਜਾਬੀ ਲੈਕਚਰਾਰ ਵਿਜੇ ਦਿਸਾਵਰ ਨੇ ਕਿਹਾ ਕਿ ਨਸ਼ੇ ਦੀ ਭਿਆਨਕ ਬਿਮਾਰੀ ਤੋਂ ਲੀਡਰ,ਪੁਲਿਸ ਅਤੇ ਲੋਕਾਂ ਦੇ ਸਹਿਯੋਗ ਨਾਲ ਬਚਿਆ ਜਾ ਸਕਦਾ ਹੈ।ਇਸ ਮੌਕੇ ਏ.ਸੀ.ਪੀ. ਗਿੱਲ ਨੂੰ ਮਾਵਾਂ ਨੇ ਹੱਥ ਜੋੜ ਕੇ ਤੇ ਰੋ ਰੋ ਕੇ ਪਿੰਡ ਵਿਚ ਨਸ਼ਾ ਕਰਨ ਵਾਲੇ ਨੌਜਵਾਨ ਪੁੱਤਾਂ ਨੂੰ ਬਚਾਉਣ ਲਈ ਵਾਸਤਾ ਪਾਇਆ। ਬੱਚਿਆਂ ਨੂੰ ਨਸ਼ਿਆਂ 'ਤੇ ਲਾਉਣ ਵਾਲਿਆਂ 'ਤੇ ਪੁਲਿਸ ਢੁੱਕਵੀਂ ਕਾਰਵਾਈ ਕਰੇ।ਮੀਟਿੰਗ ਨੂੰ ਸੰਬੋਧਨ ਕਰਦਿਆਂ ਐਮ.ਜੇ.ਐਸ. ਗਿੱਲ ਨੇ ਕਿਹਾ ਕਿ ਪਿੰਡ ਵਿਚਲੇ ਧੜੇਬੰਦੀ ਨੂੰ ਖਤਮ ਕੀਤਾ ਜਾਵੇ, ਕਿਉਂਕਿ ਇਕ ਧਿਰ ਦੋਸ਼ੀ ਨੂੰ ਫੜਾਉਂਦੀ ਹੈ ਅਤੇ ਦੂਸਰੀ ਉਸੇ ਦੋਸ਼ੀ ਨੂੰ ਛਡਾਉਣ ਚਲੇ ਜਾਂਦੀ ਹੈ। ਜਿਸ ਨਾਲ ਕਾਰਵਾਈ ਤੇ ਰੋਕ ਲੱਗ ਜਾਂਦੀ ਹੈ। ਉਨਾਂ ਕਿਹਾ ਕਿ ਪਿੰਡ ਵਿਚ ਨਸ਼ਾ ਵੇਚਣ ਵਾਲਿਆਂ ਤੇ ਪੁਲਿਸ ਵੱਲੋਂ ਢੁਕਵੀਂ ਕਾਰਵਾਈ ਕੀਤੀ ਜਾਵੇਗੀ ਅਤੇ ਉਨਾਂ ਵੱਲੋਂ ਨਸ਼ਿਆਂ ਤੋਂ ਬਣਾਈ ਹਰੇਕ ਚੀਜ਼ ਨੂੰ 68 ਐਫ, ਐਨ.ਡੀ.ਪੀ.ਐਸ. ਦੇ ਤਹਿਤ ਪੂਰੇ ਮਾਮਲੇ ਨਾਲ ਅਟੈਚ ਕੀਤਾ ਜਾਵੇਗਾ।ਮੀਟਿੰਗ ਵਿੱਚ ਲੈਕ: ਵਿਜੈ ਦਿਸਾਵਰ, ਸਮਾਜ ਸੇਵੀ ਸੁਖਦੇਵ ਸਲੇਮਪੁਰੀ, ਹਰਬੰਸ ਸਿੰਘ, ਨੰਬਰਦਾਰ ਧਨਰਾਜ ਸਿੰਘ, ਸਾਬਕਾ ਪੰਚ ਦਲਵਾਰਾ ਰਾਮ, ਸੁਰਜੀਤ ਸਿੰਘ ਸੀਤਾ, ਯੋਗਰਾਜ ਸਿੰਘ, ਗਗਨਦੀਪ ਸਿੰਘ, ਅਜਮੇਰ ਸਿੰਘ, ਨਛੱਤਰ ਸਿੰਘ ਲੱਕੀ, ਵਿਸ਼ਾਲ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।