ਲਾਡੋਵਾਲ ਟੋਲ ਪਲਾਜਾ 'ਤੇ ਕਿਸਾਨਾਂ ਦਾ ਧਰਨਾ ਹੋਇਆ ਸਮਾਪਤ, ਕਿਸਾਨਾਂ ਨੇ ਟੋਲ ਪਲਾਜ਼ਾ ਨੂੰ ਤਾਲਾ ਲਗਾ ਕੇ ਅਣਮਿਥੇ ਸਮੇਂ ਲਈ ਕੀਤਾ ਟੋਲ ਫ੍ਰੀ.

 

ਲਾਡੋਵਾਲ,30 ਜੂਨ (ਇੰਦਰਜੀਤ) - ਪਿਛਲੇ 15 ਦਿਨਾਂ ਤੋਂ ਕਿਸਾਨ ਜਥੇਬੰਦੀਆਂ ਅਤੇ ਹੋਰ ਸੰਗਠਨਾਂ ਵੱਲੋਂ ਟੋਲ ਦਰਾਂ ਵਿਚ ਕੀਤੇ ਵਾਧੇ ਨੂੰ ਲੈ ਕੇ ਲਾਡੋਵਾਲ ਟੋਲ ਪਲਾਜ਼ਾ 'ਤੇ ਧਰਨਾ ਲਗਾਇਆ ਗਿਆ ਸੀ, ਨੂੰ ਹੁਣ ਕੁਝ ਦਿਨਾਂ ਲਈ ਉਠਾ ਦਿੱਤਾ  ਗਿਆ ਹੈ। 

ਇਸ ਸਬੰਧੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ, ਭਾਕਿਯੂ ਦੁਆਬਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ, ਭਾਕਿਯੂ ਦੁਆਬਾ ਤੇ ਮਾਲਵਾ ਜੋਨ ਪ੍ਰਧਾਨ ਇੰਦਰਵੀਰ ਸਿੰਘ ਕਾਦੀਆਂ, ਢਾਡੀ ਬਲਕਾਰ ਸਿੰਘ ਬੈਂਸ, ਸੁਖਦੇਵ ਸਿੰਘ ਮੰਗਲੀ ਤੇ ਆਸਾ ਸਿੰਘ ਆਜ਼ਾਦ ਨੇ ਦੱਸਿਆ ਕਿ ਅੱਜ ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਹੋਰਾਂ ਸੰਗਠਨਾਂ ਦੇ ਆਗੂ ਅਤੇ ਵਰਕਰ ਹਜ਼ਾਰਾਂ ਦੀ ਤਾਦਾਦ ਵਿਚ ਲਾਡੋਵਾਲ ਪਲਾਜਾ ਪੁੱਜੇ। ਮੀਟਿੰਗ ਉਪਰੰਤ ਲਏ ਫੈਸਲੇ ਮੁਤਾਬਕ ਲਾਡੋਵਾਲ ਟੋਲ ਪਲਾਜਾ ਦੇ ਕੈਬਿਨਾਂ 'ਤੇ ਪੱਲੀਆਂ ਬੰਨ੍ਹ ਉਪਰੰਤ ਤਾਲਾ ਲਗਾ ਕੇ ਲਾਡੋਵਾਲ ਟੋਲ ਪਲਾਜਾ ਨੂੰ ਅਣਮਿਥੇ ਸਮੇਂ ਲਈ ਟੋਲ ਮੁਕਤ ਕੀਤਾ ਗਿਆ ਅਤੇ ਚਾਬੀਆਂ ਏ.ਡੀ.ਸੀ. ਲੁਧਿਆਣਾ ਦੇ ਸਪੁਰਦ ਕੀਤੀਆਂ ਗਈਆਂ ਤਾਂ ਜੋ ਕਿਸਾਨ ਜਥੇਬੰਦੀਆਂ ਅਤੇ ਹੋਰਾਂ ਯੂਨੀਅਨਾ ਦੀ ਰਜਾਮੰਦੀ ਤੋਂ ਬਗੈਰ ਟੋਲ ਪਲਾਜਾ ਨੂੰ ਕੋਈ ਚਲਾ ਨਾ ਸਕੇ। ਟੋਲ ਪਲਾਜਾ  ਤੇ ਕਿਸਾਨੀ ਝੰਡੇ ਵੀ ਲਗਾਏ ਗਏ। ਇਸ ਮੌਕੇ ਮੰਗਾਂ ਸਬੰਧੀ ਏ.ਡੀ.ਸੀ. ਲੁਧਿਆਣਾ ਨੂੰ ਇਕ ਮੰਗ ਪੱਤਰ ਭੇਟ ਕਰਕੇ ਮੰਗਾਂ ਨੂੰ ਜਲਦੀ ਪ੍ਰਵਾਨ ਕਰਨ ਲਈ ਕਿਹਾ ਗਿਆ। 



ਇਸ ਮੌਕੇ ਮੌਕੇ ਸੁਰਿੰਦਰ ਸਿੰਘ ਪਵਾਰ, ਜਗਜੀਤ ਸਿੰਘ ਪ੍ਰਧਾਨ ਹਲਕਾ ਉੱਤਰੀ, ਤੀਰਥ ਸਿੰਘ ਨਾਮਧਾਰੀ, ਰਘਬੀਰ ਸਿੰਘ ਗਿੱਲ, ਐਡਵੋਕੇਟ ਗੁਰਦੇਵ ਸਿੰਘ, ਜਸਪਾਲ ਸਿੰਘ ਜੱਸਾ, ਜੋਗਿੰਦਰ ਸਿੰਘ ਜੱਗੀ ਬਾੜੇਵਾਲ, ਭੁਪਿੰਦਰ ਸਿੰਘ ਸੀੜਾ ਨੰਬਰਦਾਰ ਸੁਰਜੀਤ ਸਿੰਘ ਸੀੜਾ, ਸਰਪੰਚ ਗੁਰਦੀਪ ਸਿੰਘ, ਮਨਜੀਤ ਸਿੰਘ ਅਰੋੜਾ, ਜਸਪ੍ਰੀਤ ਸਿੰਘ ਲਾਦੀਆਂ ਹਾਜ਼ਰ ਸਨ।


 ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਅਤੇ ਮੰਗ ਪੱਤਰ ਲੈਣ ਲਈ ਏ.ਡੀ.ਸੀ. ਲੁਧਿਆਣਾ ਲਾਡੋਵਾਲ ਟੋਲ ਪਲਾਜਾ ਤੇ ਪੁੱਜੇ, ਇਸ ਮੌਕੇ ਉਹਨਾਂ ਨਾਲ ਹਲਕਾ ਐਸ.ਡੀ.ਐਮ. ਵੀ ਮੌਜੂਦ ਸਨ। ਏ.ਡੀ.ਸੀ. ਲੁਧਿਆਣਾ ਨੇ ਕਿਸਾਨ ਜਥੇਬੰਦੀਆਂ ਤੇ ਹੋਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੇ ਵੱਲੋਂ ਦਿੱਤਾ ਮੰਗ ਪੱਤਰ ਐਨ.ਐਚ.ਏ. ਨੂੰ ਭੇਜਿਆ ਜਾਵੇਗਾ ਅਤੇ ਜਦ ਤੱਕ ਐਨ.ਐਚ.ਏ. ਵੱਲੋਂ ਮੰਗਾਂ ਸਬੰਧੀ ਜਵਾਬ ਨਹੀਂ ਆਉਂਦਾ, ਤਦ ਤੱਕ ਲਾਡੋਵਾਲ ਟੋਲ ਪਲਾਜਾ ਤੇ ਵਾਹਨ ਚਾਲਕਾਂ ਤੋਂ ਜਵਾਬ ਆਉਣ ਤੱਕ ਟੋਲ ਫੀਸ ਨਹੀਂ ਲਈ ਜਾਵੇਗੀ ਅਤੇ ਸਮੂਹ ਵਾਹਨ ਟੋਲ ਮੁਕਤ ਲੰਘਾਏ ਜਾਣਗੇ। ਇਸ ਸਮੇਂ ਦੌਰਾਨ ਜੇਕਰ ਅਧਿਕਾਰੀਆਂ ਵੱਲੋਂ ਟੋਲ ਪਲਾਜਾ ਚਲਾਇਆ ਗਿਆ ਤਾਂ ਉਨਾਂ ਉਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।