ਸੰਸਦ ਮੈਂਬਰ ਅਰੋੜਾ ਨੇ ਲੁਧਿਆਣਾ ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਅਤੇ ਅਪਗ੍ਰੇਡ ਕਰਨ ਦੇ ਪ੍ਰੋਜੈਕਟ ਦਾ ਲਿਆ ਜਾਇਜ਼ਾ.

 

ਕਿਹਾ, ਢੰਡਾਰੀ ਕਲਾਂ ਰੇਲਵੇ ਸਟੇਸ਼ਨ ਦਾ ਕੰਮ ਨਵੰਬਰ, 2024 ਤੱਕ ਹੋ ਜਾਵੇਗਾ ਮੁਕੰਮਲ



ਲੁਧਿਆਣਾ, 2 ਜੁਲਾਈ (ਕੁਨਾਲ ਜੇਤਲੀ) : ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਲੁਧਿਆਣਾ ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਅਤੇ ਅਪਗ੍ਰੇਡ ਕਰਨ ਦੇ 528.95 ਕਰੋੜ ਰੁਪਏ ਦੇ ਪ੍ਰੋਜੈਕਟ ਸਬੰਧੀ ਸਬੰਧਤ ਅਧਿਕਾਰੀਆਂ ਤੋਂ ਹੁਣ ਤੱਕ ਦੀ ਜਾਣਕਾਰੀ ਲਈ।




ਇਸ ਪ੍ਰੋਜੈਕਟ 'ਤੇ ਕੰਮ 2 ਫਰਵਰੀ 2023 ਨੂੰ ਸ਼ੁਰੂ ਕੀਤਾ ਗਿਆ ਸੀ। ਇਹ ਪ੍ਰੋਜੈਕਟ 2025 ਦੇ ਪਹਿਲੇ ਅੱਧ ਵਿੱਚ ਪੂਰਾ ਹੋਣ ਦੀ ਸੰਭਾਵਨਾ ਹੈ। ਇਹ ਪ੍ਰੋਜੈਕਟ ਇੰਜਨੀਅਰਿੰਗ, ਪ੍ਰੋਕਿਓਰਮੈਂਟ ਐਂਡ ਕੰਸਟ੍ਰਕਸ਼ਨ (ਈਪੀਸੀ) ਕੰਟਰੈਕਟ ਰਾਹੀਂ ਚਲਾਇਆ ਜਾ ਰਿਹਾ ਹੈ।




ਅਰੋੜਾ ਨੇ ਅੱਜ ਇੱਥੇ ਹੋਰ ਵੇਰਵੇ ਦਿੰਦਿਆਂ ਦੱਸਿਆ ਕਿ ਸਟੇਟਸ ਰਿਪੋਰਟ ਅਨੁਸਾਰ ਭੂ-ਤਕਨੀਕੀ ਜਾਂਚ, ਸਰਵੇਖਣ ਦਾ ਕੰਮ ਅਤੇ ਆਰਕੀਟੈਕਚਰਲ ਡਿਜ਼ਾਈਨ ਦੀ ਪ੍ਰਵਾਨਗੀ ਦਾ ਕੰਮ 100 ਫੀਸਦੀ ਮੁਕੰਮਲ ਹੋ ਚੁੱਕਾ ਹੈ। ਪੁਨਰਵਾਸ ਦਾ ਕੰਮ ਵੀ 100 ਫੀਸਦੀ ਮੁਕੰਮਲ ਹੋ ਚੁੱਕਾ ਹੈ। ਸਟ੍ਰਕਚਰਲ ਡਿਜ਼ਾਈਨ ਦੀ ਮਨਜ਼ੂਰੀ ਦਾ 80 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ।  ਐਮਈਪੀ ਡਿਜ਼ਾਈਨ ਮਨਜ਼ੂਰੀ ਦਾ 75 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ।




ਜਿੱਥੋਂ ਤੱਕ ਮਲਟੀ ਲੈਵਲ ਕਾਰ ਪਾਰਕਿੰਗ (ਐਮਐਲਸੀਪੀ) ਦੇ ਕੰਮ ਦਾ ਸਬੰਧ ਹੈ, ਦੂਜੀ ਮੰਜ਼ਿਲ 'ਤੇ ਸਲੈਬ ਦਾ ਕੰਮ ਪੂਰਾ ਹੋ ਗਿਆ ਹੈ ਅਤੇ ਦੂਜੀ ਮੰਜ਼ਿਲ 'ਤੇ ਰੈਂਪ ਦਾ ਕੰਮ ਚੱਲ ਰਿਹਾ ਹੈ। ਈਸਟ ਸਾਈਡ ਮੇਨ ਸਟੇਸ਼ਨ ਬਿਲਡਿੰਗ ਵਿੱਚ ਮੇਨ ਸਟੇਸ਼ਨ ਕਾਲਮ ਦਾ ਕੰਮ ਕੰਪੋਜ਼ਿਟ ਲੈਵਲ ਤੱਕ ਪੂਰਾ ਕਰ ਲਿਆ ਗਿਆ ਹੈ।




ਇਸੇ ਤਰ੍ਹਾਂ, ਜਿੱਥੋਂ ਤੱਕ ਐਲੀਵੇਟਿਡ ਪਹੁੰਚ ਸੜਕ ਦੇ ਕੰਮ ਦਾ ਸਬੰਧ ਹੈ, 14 ਪੀਅਰ ਅਤੇ 17 ਪਾਈਲ ਕੈਪਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਇਸੇ ਤਰ੍ਹਾਂ ਈਸਟ ਸਾਈਡ ਅੰਡਰ ਗਰਾਊਂਡ ਟੈਂਕ ਸਟਰਕਚਰ ਦਾ ਕੰਮ ਵੀ ਪੂਰਾ ਹੋ ਚੁੱਕਾ ਹੈ।




ਜਿੱਥੋਂ ਤੱਕ ਕੰਕੋਰਸ ਅਤੇ ਐਫਓਬੀ (ਫੁੱਟ ਓਵਰ ਬ੍ਰਿਜ) ਦੇ ਕੰਮ ਦਾ ਸਬੰਧ ਹੈ, ਪਲੇਟਫਾਰਮ ਨੰਬਰ 1 'ਤੇ ਕੰਕੋਰਸ ਦੀ ਫਾਊਂਡੇਸ਼ਨ ਦਾ ਕੰਮ ਪੂਰਾ ਹੋ ਗਿਆ ਹੈ।




ਬਹੁਮੰਜ਼ਿਲਾ ਕੁਆਰਟਰ ਦੀ ਉਸਾਰੀ ਦਾ ਕੰਮ ਵੀ ਚੱਲ ਰਿਹਾ ਹੈ। ਟਾਈਪ-II (ਏ ਅਤੇ ਬੀ ਬਲਾਕ) ਦਾ ਆਰਸੀਸੀ ਪੈਰਾਪੈਟ ਕੰਮ ਪ੍ਰਗਤੀ ਵਿੱਚ ਹੈ। ਟਾਈਪ-II ਸੀ ਬਲਾਕ ਵਿੱਚ ਟੈਰੇਸ ਫਲੋਰ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਟਾਈਪ-II ਡੀ ਬਲਾਕ ਵਿੱਚ ਚੌਥੀ ਮੰਜ਼ਿਲ ਦੀ ਸਲੈਬ ਦਾ ਕੰਮ ਚੱਲ ਰਿਹਾ ਹੈ। ਇਸੇ ਤਰ੍ਹਾਂ ਟਾਈਪ-III (ਈ ਬਲਾਕ) ਵਿੱਚ ਕਾਲਮ ਦਾ ਕੰਮ ਚੱਲ ਰਿਹਾ ਹੈ ਅਤੇ ਐਫ ਬਲਾਕ ਵਿੱਚ ਤੀਜੀ ਮੰਜ਼ਿਲ ਦੀ ਸਲੈਬ ਬਣਾਉਣ ਦਾ ਕੰਮ ਚੱਲ ਰਿਹਾ ਹੈ। ਜਿਥੋਂ ਤੱਕ ਟਾਈਪ-IV ਬਹੁ-ਮੰਜ਼ਿਲਾ ਕੁਆਰਟਰਾਂ ਦੀ ਉਸਾਰੀ ਦਾ ਸਬੰਧ ਹੈ, ਪਹਿਲੀ ਮੰਜ਼ਿਲ ਦੀ ਸਲੈਬ ਦਾ ਕੰਮ ਚੱਲ ਰਿਹਾ ਹੈ।




ਸਟੇਟਸ ਰਿਪੋਰਟ ਵਿੱਚ ਅੱਗੇ ਦੱਸਿਆ ਗਿਆ ਹੈ ਕਿ ਰੈਸਟ ਹਾਊਸ ਵਿੱਚ ਛੱਤ ਦੀ ਸਲੈਬ ਅਤੇ ਮਮਟੀ ਬਣਾਉਣ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ।




ਹਸਪਤਾਲ ਬਿਲਡਿੰਗ ਦਾ ਕੰਮ ਵੀ ਚੱਲ ਰਿਹਾ ਹੈ। ਟੈਰੇਸ ਸਲੈਬ ਅਤੇ ਮਮਟੀ ਦਾ ਕੰਮ ਪਹਿਲਾਂ ਹੀ ਪੂਰਾ ਹੋ ਚੁੱਕਾ ਹੈ ਅਤੇ ਪਹਿਲੀ ਮੰਜ਼ਿਲ ਦੇ ਏਏਸੀ ਬਲਾਕ ਦਾ ਕੰਮ ਚੱਲ ਰਿਹਾ ਹੈ।




ਲੁਧਿਆਣਾ ਰੇਲਵੇ ਸਟੇਸ਼ਨ ਦੀ ਸਥਾਪਨਾ 1860 ਵਿੱਚ ਬ੍ਰਿਟਿਸ਼ ਸ਼ਾਸਨ ਦੌਰਾਨ ਹੋਈ ਸੀ। ਅਤੇ ਉਦੋਂ ਤੋਂ, ਇਸ ਰੇਲਵੇ ਸਟੇਸ਼ਨ ਜੋ ਕਿ ਇੱਕ ਜੰਕਸ਼ਨ ਹੈ, ਵਿੱਚ ਕਦੇ ਵੀ ਕੋਈ ਵੱਡਾ ਨਵੀਨੀਕਰਣ ਨਹੀਂ ਹੋਇਆ।  




ਇਸ ਦੌਰਾਨ, ਅਰੋੜਾ ਨੇ ਦੱਸਿਆ ਕਿ ਢੰਡਾਰੀ ਕਲਾਂ ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਅਤੇ ਅਪਗ੍ਰੇਡ ਕਰਨ ਦਾ ਕੰਮ ਵੀ ‘ਅੰਮ੍ਰਿਤ ਭਾਰਤ ਸਟੇਸ਼ਨ ਸਕੀਮ’ ਤਹਿਤ ਚੱਲ ਰਿਹਾ ਹੈ। ਕੀਤੇ ਜਾ ਰਹੇ ਕੰਮਾਂ ਵਿੱਚ ਐਂਟਰੀ ਗੇਟ ਦਾ ਵਿਸਤਾਰ, ਐਂਟਰੀ ਲਾਬੀ, ਪੰਜ ਟਿਕਟ ਕਾਊਂਟਰ, ਹਾਈ ਲੈਵਲ ਪਲੇਟਫਾਰਮ, ਨਵਾਂ ਪਲੇਟਫਾਰਮ ਨੰਬਰ 3, ਵਧਿਆ ਸਰਕੂਲੇਟਿੰਗ ਏਰੀਆ ਅਤੇ ਅਪਾਹਜਾਂ ਲਈ ਰੈਂਪ ਦੀ ਸਹੂਲਤ ਵਾਲੇ ਦੋ ਫੁੱਟ ਓਵਰ ਬ੍ਰਿਜ (ਐਫਓਬੀ) ਸ਼ਾਮਲ ਹਨ। ਪਲੇਟਫਾਰਮ ਸ਼ੈਲਟਰ ਦੀ ਸਹੂਲਤ ਵੀ ਬਣਾਈ ਜਾ ਰਹੀ ਹੈ। ਯਾਤਰੀਆਂ ਲਈ ਲੋੜੀਂਦੀ ਗਿਣਤੀ ਵਿੱਚ ਟਾਇਲਟ ਬਲਾਕ ਬਣਾਏ ਜਾ ਰਹੇ ਹਨ। ਪਲੇਟਫਾਰਮ 'ਤੇ ਪਾਣੀ ਦੀ ਟੂਟੀ ਦਾ ਪ੍ਰਬੰਧ ਹੋਵੇਗਾ। ਬੈਠਣ ਦਾ ਉਚਿਤ ਪ੍ਰਬੰਧ ਹੋਵੇਗਾ। ਯਾਤਰੀਆਂ ਲਈ 110 ਵਰਗ ਮੀਟਰ ਏਅਰਕੰਡੀਸ਼ਨਡ ਵੇਟਿੰਗ ਰੂਮ ਹੋਵੇਗਾ। ਪੁਰਸ਼ਾਂ ਅਤੇ ਔਰਤਾਂ ਲਈ ਪਹਿਲੀ ਸ਼੍ਰੇਣੀ ਦੇ ਵੇਟਿੰਗ ਰੂਮ ਵੀ ਬਣਾਏ ਜਾ ਰਹੇ ਹਨ। ਇੱਕ ਕਾਰਜਕਾਰੀ ਲੌਂਜ ਹੋਵੇਗਾ। ਗ੍ਰੀਨ ਏਰੀਆ ਦਾ ਵੀ ਪ੍ਰਬੰਧ ਹੋਵੇਗਾ। ਕਰੀਬ 25 ਫੀਸਦੀ ਕੰਮ ਅਜੇ ਪੂਰਾ ਹੋਣਾ ਬਾਕੀ ਹੈ। ਜ਼ਿਆਦਾਤਰ ਫਿਨਿਸ਼ਿੰਗ ਵਰਕ, ਐਫ.ਓ.ਬੀ. ਦਾ ਕੰਮ ਅਤੇ ਗ੍ਰੀਨ ਏਰੀਏ ਦੇ ਵਿਕਾਸ ਦਾ ਕੰਮ ਅਜੇ ਬਾਕੀ ਹੈ।





ਅਰੋੜਾ ਨੇ ਦੱਸਿਆ ਕਿ ਪਹਿਲਾਂ ਢੰਡਾਰੀ ਕਲਾਂ ਰੇਲਵੇ ਸਟੇਸ਼ਨ ਦਾ ਕੰਮ ਅਪ੍ਰੈਲ 2024 ਤੱਕ ਮੁਕੰਮਲ ਕੀਤਾ ਜਾਣਾ ਸੀ। ਹੁਣ ਇਸ ਨੂੰ ਪੂਰਾ ਕਰਨ ਦੀ ਸਮਾਂ ਸੀਮਾ ਨਵੰਬਰ 2024 ਰੱਖੀ ਗਈ ਹੈ। ਇਨ੍ਹਾਂ ਕੰਮਾਂ ਲਈ 11.62 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਹਰ ਚੀਜ਼ ਦੀ ਬਾਕਾਇਦਾ ਨਿਗਰਾਨੀ ਕਰ ਰਹੇ ਹਨ ਅਤੇ ਜਦੋਂ ਤੱਕ ਸਾਰਾ ਕੰਮ ਪੂਰਾ ਨਹੀਂ ਹੋ ਜਾਂਦਾ ਉਦੋਂ ਤੱਕ ਅਜਿਹਾ ਕਰਦੇ ਰਹਿਣਗੇ।





ਲੁਧਿਆਣਾ ਰੇਲਵੇ ਸਟੇਸ਼ਨ ਅਤੇ ਢੰਡਾਰੀ ਰੇਲਵੇ ਸਟੇਸ਼ਨ ਨੂੰ ਪਹਿਲੇ ਪੜਾਅ ਵਿੱਚ ਸ਼ਾਮਲ ਕਰਨਾ ਅਰੋੜਾ ਦੀ ਪਹਿਲ ਸੀ ਅਤੇ ਇਸ ਲਈ ਉਹ ਲਗਾਤਾਰ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਮਿਲਦੇ ਰਹੇ ਹਨ। ਅਰੋੜਾ ਨੇ ਇਸ ਲਈ ਮੰਤਰੀ ਦਾ ਧੰਨਵਾਦ ਕੀਤਾ।