ਹਾਈਕੋਰਟ ਨੇ ਟੋਲ ਪਲਾਜ਼ਾ ਮਾਮਲੇ 'ਚ ਅਟਾਰਨੀ ਜਨਰਲ ਤੋਂ ਕੀਤਾ ਜਵਾਬ ਤਲਬ,10 ਨੂੰ ਜਵਾਬ ਦੇਣ ਲਈ ਕਿਹਾ.
ਲੁਧਿਆਣਾ/ਲਾਡੋਵਾਲ, 3 ਜੁਲਾਈ (ਇੰਦਰਜੀਤ) - ਨੈਸ਼ਨਲ ਹਾਈਵੇਅ ਸਥਿਤ ਲਾਡੋਵਾਲ ਟੋਲ ਪਲਾਜਾ ਵਿਖੇ ਕਿਸਾਨ ਜਥੇਬੰਦੀਆਂ ਨੇ ਟੋਲ ਦਰਾਂ ਵਿਚ ਵਾਧੇ ਦੇ ਵਿਰੋਧ ਵਿਚ 16 ਜੂਨ ਤੋਂ 30 ਜੂਨ ਤੱਕ ਧਰਨਾ ਲਗਾ ਕੇ ਗੱਡੀਆਂ ਨੂੰ ਟੋਲ ਮੁਕਤ ਲਾਂਘਾ ਦਿੱਤਾ। ਇਸਦੇ ਮੱਦੇ ਨਜ਼ਰ ਐਨ.ਐਚ.ਏ.ਨੇ ਮਾਨਯੋਗ ਹਾਈਕੋਰਟ ਵਿਚ ਰਿਟ ਲਗਾ ਦਿੱਤੀ ਹੈ, ਜਿਸ ਦੀ ਅਗਲੀ ਤਰੀਕ 10 ਜੁਲਾਈ ਹੈ। ਇਸ ਸਬੰਧੀ ਕਿਸਾਨ ਜਥੇਬੰਦੀਆਂ ਵੱਲੋਂ ਇਕ ਮੀਟਿੰਗ ਕੀਤੀ ਗਈ।
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ, ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਮਾਲਵਾ ਜੋਨ ਪ੍ਰਧਾਨ ਇੰਦਰਵੀਰ ਸਿੰਘ ਕਾਦੀਆਂ, ਕੋਰ ਕਮੇਟੀ ਮੈਂਬਰ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਅਤੇ ਕਿਸਾਨ ਆਗੂ ਸੁਖਦੇਵ ਸਿੰਘ ਮੰਗਲੀ ਨੇ ਦੱਸਿਆ ਕਿ ਲੋਕ ਮੁੱਦਿਆਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਤੇ ਹੋਰਾਂ ਵੱਲੋਂ ਲਾਡੋਵਾਲ ਟੋਲ ਪਲਾਜਾ ਤੇ ਧਰਨਾ ਲਗਾਇਆ ਗਿਆ ਸੀ, ਇਹ ਧਰਨਾ ਲਗਾਤਾਰ 15 ਦਿਨ ਚੱਲਿਆ, ਜਿਸ ਦੌਰਾਨ ਧਰਨਾਕਾਰੀਆਂ ਨਾਲ ਐਨ.ਐਚ.ਏ. ਦਾ ਕੋਈ ਵੀ ਅਧਿਕਾਰੀ ਸਾਡੀਆਂ ਹੱਕੀ ਮੰਗਾਂ ਸਬੰਧੀ ਗੱਲਬਾਤ ਕਰਨ ਲਈ ਨਹੀਂ ਆਇਆ। ਜਿਸ ਕਰਕੇ ਅਸੀਂ ਧਰਨਾ ਲਗਾ ਕੇ ਬੈਠ ਗਏ। ਕਿਸਾਨ ਆਗੂਆਂ ਨੇ ਕਿਹਾ ਕਿ ਸਾਨੂੰ ਬੀਤੇ ਕੱਲ ਪਤਾ ਲੱਗਿਆ ਕਿ ਐਨ.ਐਚ.ਏ. ਨੇ ਮਾਨਯੋਗ ਹਾਈ ਕੋਰਟ ਵਿਚ ਕਿਸਾਨਾਂ ਖਿਲਾਫ ਰਿੱਟ ਪਾ ਦਿੱਤੀ ਹੈ। ਮਾਨਯੋਗ ਹਾਈਕੋਰਟ ਵੱਲੋਂ ਜਨਰਲ ਅਟਾਰਨੀ ਨੂੰ 10 ਜੁਲਾਈ ਨੂੰ ਪੇਸ਼ ਹੋ ਕੇ ਜਵਾਬ ਦੇਣ ਲਈ ਕਿਹਾ ਗਿਆ ਹੈ, ਲੇਕਿਨ ਕਿਸਾਨ ਜਥੇਬੰਦੀਆਂ ਲਾਡੋਵਾਲ ਟੋਲ ਪਲਾਜਾ ਦੇ ਸਬੰਧ ਵਿਚ ਮਾਨਯੋਗ ਹਾਈਕੋਰਟ ਵਿਚ ਖੁਦ ਆਪਣੇ ਵਕੀਲ ਦੇ ਰਾਹੀਂ ਪੇਸ਼ ਹੋ ਕੇ ਜਵਾਬ ਦੇਣਗੀਆਂ। ਉਨਾਂ ਕਿਹਾ ਕਿ ਅਸੀਂ ਮਾਨਯੋਗ ਹਾਈਕੋਰਟ ਨੂੰ ਦੱਸਣਾ ਚਾਹਾਂਗੇ ਕਿ ਸ਼ੰਭੂ ਤੋਂ ਲੈ ਕੇ ਲਾਡੋਵਾਲ ਅਤੇ ਲਾਡੋਵਾਲ ਤੋਂ ਮਾਨਾਂਵਾਲ ਤੱਕ ਐਨ.ਐਚ.ਏ. ਦੀਆਂ ਤਰੁਟੀਆਂ ਕਾਰਨ ਸੜਕਾਂ ਦੀ ਮਾੜੀ ਹਾਲਤ ਕਰਕੇ ਕਿੰਨੇ ਐਕਸੀਡੈਂਟ ਹੋਏ। ਤਰੁੱਟੀਆਂ ਬਾਰੇ ਕਿਸਾਨ ਖੁਦ ਮਾਨਯੋਗ ਹਾਈਕੋਰਟ ਨੂੰ ਜਾਣੂ ਕਰਵਾਉਣਗੇ। ਕਿਸਾਨ ਆਗੂਆਂ ਨੇ ਆਸ ਪ੍ਰਗਟਾਈ ਕਿ ਮਾਨਯੋਗ ਹਾਈਕੋਰਟ ਵੱਲੋਂ ਉਨ੍ਹਾਂ ਦੀ ਗੱਲ ਸੁਣੀ ਜਾਵੇਗਈ। ਇਕ ਦੋ ਦਿਨ ਵਿਚ ਹੀ ਵਕੀਲ ਨੂੰ ਨਾਲ ਲੈ ਕੇ ਆਪਣੇ ਵੱਲੋਂ ਰਿਟ ਦਿੱਤੀ ਜਾਵੇਗੀ।