ਸੰਸਦ ਮੈਂਬਰ ਅਰੋੜਾ ਨੇ ਸ਼ਿਵ ਸੈਨਾ (ਪੰਜਾਬ) ਦੇ ਆਗੂ ਸੰਦੀਪ ਥਾਪਰ ਦੀ ਸਿਹਤ ਦਾ ਪੁੱਛਿਆ ਹਾਲ-ਚਾਲ.

ਲੁਧਿਆਣਾ, 7 ਜੁਲਾਈ (ਕੁਨਾਲ ਜੇਤਲੀ) : ਲੁਧਿਆਣਾ ਦੇ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਐਤਵਾਰ ਨੂੰ ਡੀਐਮਸੀਐਚ ਲੁਧਿਆਣਾ ਦਾ ਦੌਰਾ ਕੀਤਾ ਅਤੇ ਸ਼ਿਵ ਸੈਨਾ (ਪੰਜਾਬ) ਦੇ ਆਗੂ ਸੰਦੀਪ ਥਾਪਰ ਉਰਫ਼ ਗੋਰਾ ਦੀ ਸਿਹਤ ਬਾਰੇ ਜਾਣਕਾਰੀ ਲਈ, ਜਿਸ 'ਤੇ ਸ਼ੁੱਕਰਵਾਰ ਨੂੰ ਤਿੰਨ ਹਮਲਾਵਰਾਂ ਨੇ ਹਮਲਾ ਕੀਤਾ ਸੀ।



ਉਨ੍ਹਾਂ ਨੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਅਤੇ ਥਾਪਰ ਦੇ ਜਲਦੀ ਠੀਕ ਹੋਣ ਦੀ ਅਰਦਾਸ ਕੀਤੀ।



ਅਰੋੜਾ ਉਥੇ ਕੁਝ ਮਿੰਟ ਰੁਕੇ ਅਤੇ ਉਥੇ ਇਲਾਜ ਅਧੀਨ ਥਾਪਰ ਨਾਲ ਗੱਲਬਾਤ ਕੀਤੀ।



ਅਰੋੜਾ ਨੇ ਇਲਾਜ ਕਰ ਰਹੇ ਡਾਕਟਰਾਂ ਨਾਲ ਵੀ ਵਿਸਥਾਰ ਨਾਲ ਗੱਲਬਾਤ ਕੀਤੀ। ਡਾਕਟਰਾਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਇੱਕ ਹਫ਼ਤੇ ਵਿੱਚ ਥਾਪਰ ਨੂੰ ਛੁੱਟੀ ਦੇ ਦੇਣਗੇ।



ਅਰੋੜਾ ਨੇ ਬਾਅਦ ਵਿੱਚ ਇੱਕ ਬਿਆਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।



ਅਰੋੜਾ ਨੇ ਕਿਹਾ ਕਿ ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।



ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿੱਚ ਅਮਨ-ਕਾਨੂੰਨ ਨੂੰ ਬਰਕਰਾਰ ਰੱਖਣ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਪੂਰਾ ਸਹਿਯੋਗ ਦੇਣ।