ਗ਼ਜ਼ਲ / ਅਸ਼ਵਨੀ ਜੇਤਲੀ 'ਪ੍ਰੇਮ.
ਬੜਾ ਟੇਢਾ ਹੈ ਇਹ ਪ੍ਰਸ਼ਨ ਕਿ ਇਸ਼ਕ ਕੀ ਬਲਾ ਹੈ।
ਕੋਈ ਕਹਿੰਦਾ ਇਹ ਨਖ਼ਰਾ ਹੈ ਕੋਈ ਆਖੇ ਅਦਾ ਹੈ।
ਇਸ਼ਕ ਕੈਨਵਸ ਹੈ ਕੁਦਰਤ ਦੀ, ਇਸਦੇ ਰੰਗ ਹਜ਼ਾਰਾਂ ਨੇ,
ਕਦੀ ਪੱਤਾ, ਕਦੀ ਬੂਟਾ, ਕਦੀ ਇਹ ਰੁਮਕਦੀ ਵਾ' ਹੈ।
ਉਹ ਕਿਸਮਤ ਦੇ ਧਨੀ ਨੇ ਜੋ ਨਦੀ ਇਹ ਪਾਰ ਕਰ ਲੈਂਦੇ,
ਅਸੀਂ ਡੁੱਬੇ ਹਾਂ ਅਧਵਾਟੇ, ਇਹ ਇਸ਼ਕੇ ਦੀ ਰਜ਼ਾ ਹੈ।
ਮੈਂ ਮਿੱਟੀ ਦੀ ਸੀ ਢੇਰੀ ਹੋ ਗਿਆ, ਜਦ ਉਸਨੇ ਕਿਹਾ,
ਤੇਰਾ ਰਸਤਾ ਜੁਦਾ ਹੈ ਹੁਣ, ਮੇਰਾ ਰਸਤਾ ਜੁਦਾ ਹੈ।
ਸਜ਼ਾ ਦੇ ਕੇ ਜੁਦਾਈ ਦੀ, ਉਹ ਖੁਦ ਖਾਮੋਸ਼ ਸੀ ਹੋਇਆ,
ਪੁੱਛ ਸਕਿਆ ਨਾ 'ਪ੍ਰੇਮ ' ਉਸਨੂੰ, ਕਿ ਮੇਰੀ ਕੀ ਖਤਾ ਹੈ?