*ਵਿਧਾਇਕ ਸਿੱਧੂ ਨੇ ਆਤਮ ਨਗਰ ਹਲਕੇ ਵਿੱਚ ਵਸਨੀਕਾਂ ਤੋਂ ਫੀਡਬੈਕ ਲੈਣ ਅਤੇ ਸ਼ਿਕਾਇਤਾਂ ਦੇ ਜਲਦ ਨਿਪਟਾਰੇ ਲਈ 'ਫੀਡਬੈਕ ਆਟੋ-ਰਿਕਸ਼ਾ' ਕੀਤਾ ਲਾਂਚ.
ਲੁਧਿਆਣਾ, 30 ਜੁਲਾਈ।(ਇੰਦਰਜੀਤ) :ਹਲਕਾ ਵਾਸੀਆਂ ਤੋਂ ਫੀਡਬੈਕ ਲੈਣ ਅਤੇ ਸ਼ਿਕਾਇਤਾਂ ਦਾ ਜਲਦੀ ਨਿਪਟਾਰਾ ਕਰਨ ਲਈ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਆਪਣੇ ਹਲਕੇ ਵਿੱਚ 'ਫੀਡਬੈਕ ਆਟੋ-ਰਿਕਸ਼ਾ' ਲਾਂਚ ਕੀਤਾ।
ਗਿੱਲ ਰੋਡ ਨਹਿਰ ਪੁਲ ਨੇੜੇ ਆਪਣੇ ਦਫ਼ਤਰ ਦੇ ਬਾਹਰ 'ਫੀਡਬੈਕ ਆਟੋ-ਰਿਕਸ਼ਾ' ਨੂੰ ਲਾਂਚ ਕਰਦੇ ਹੋਏ ਵਿਧਾਇਕ ਸਿੱਧੂ ਨੇ ਕਿਹਾ ਕਿ ਇਹ ਪਹਿਲਕਦਮੀ ਲੋਕਾਂ ਦੀ ਆਵਾਜ਼ ਸੁਣਨ ਲਈ ਅਤੇ ਵਸਨੀਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦਾ ਜਲਦੀ ਹੱਲ ਯਕੀਨੀ ਬਣਾਉਣ ਲਈ ਕੀਤੀ ਗਈ ਹੈ।
ਵਿਧਾਇਕ ਸਿੱਧੂ ਨੇ ਕਿਹਾ ਕਿ ਇਹ ਸਮਰਪਿਤ ਆਟੋ-ਰਿਕਸ਼ਾ ਪੂਰੇ ਹਲਕੇ ਵਿੱਚ ਘੁੰਮੇਗਾ ਅਤੇ ਵਸਨੀਕਾਂ ਨੂੰ ਆਪਣੀਆਂ ਚਿੰਤਾਵਾਂ ਅਤੇ ਸੁਝਾਅ ਸਾਂਝੇ ਕਰਨ ਦਾ ਇੱਕ ਸੁਵਿਧਾਜਨਕ ਤਰੀਕਾ ਪ੍ਰਦਾਨ ਕਰੇਗਾ।
ਆਟੋ-ਰਿਕਸ਼ਾ ਦੋ ਲਾਕਡ ਬਾਕਸਾਂ ਨਾਲ ਲੈਸ ਹੈ ਜਿਸ ਵਿੱਚ ਨਿਵਾਸੀ ਗੁਮਨਾਮ ਰੂਪ ਵਿੱਚ ਆਪਣੇ ਸੁਝਾਅ/ਸ਼ਿਕਾਇਤਾਂ ਜਾਂ ਫੀਡਬੈਕ ਦਰਜ ਕਰ ਸਕਦੇ ਹਨ।
ਵਿਧਾਇਕ ਸਿੱਧੂ ਨੇ ਕਿਹਾ ਕਿ ਬਕਸਿਆਂ ਦੀਆਂ ਚਾਬੀਆਂ ਸਿਰਫ਼ ਉਨ੍ਹਾਂ ਕੋਲ ਹਨ ਅਤੇ ਸਿਰਫ਼ ਉਹ ਹੀ ਵਸਨੀਕਾਂ ਵੱਲੋਂ ਪੇਸ਼ ਕੀਤੀਆਂ ਸ਼ਿਕਾਇਤਾਂ/ਫੀਡਬੈਕ ਪੜ੍ਹਣਗੇ। ਵਸਨੀਕ ਆਪਣੇ ਇਲਾਕੇ ਵਿੱਚ ਪੇਸ਼ ਆ ਰਹੀ ਕਿਸੇ ਵੀ ਸਮੱਸਿਆ, ਭ੍ਰਿਸ਼ਟਾਚਾਰ ਆਦਿ ਸਮੇਤ ਕਿਸੇ ਵੀ ਮੁੱਦੇ ਬਾਰੇ ਸ਼ਿਕਾਇਤ/ਸੁਝਾਅ ਦੇ ਸਕਦੇ ਹਨ ਅਤੇ ਉਹਨਾਂ ਦਾ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾਵੇਗਾ।
ਵਿਧਾਇਕ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਭਰ ਦੇ ਲੋਕਾਂ ਦੀ ਬਿਹਤਰੀ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਵੱਡੀ ਪੱਧਰ 'ਤੇ ਸਹੂਲਤ ਲਈ ਅਤੇ ਜ਼ਮੀਨੀ ਪੱਧਰ 'ਤੇ ਦਰਪੇਸ਼ ਸਮੱਸਿਆਵਾਂ ਨੂੰ ਜਲਦੀ ਹੱਲ ਕਰਨ ਲਈ ਇਹ ਪਹਿਲਕਦਮੀ ਕੀਤੀ ਗਈ ਹੈ। ਆਤਮ ਨਗਰ ਹਲਕੇ ਦੇ ਵਾਸੀ ਮੇਰਾ ਪਰਿਵਾਰ ਹਨ ਅਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਸਮਾਜ ਦੀ ਬਿਹਤਰੀ ਲਈ ਕੰਮ ਕਰਨਾ ਚਾਹੀਦਾ ਹੈ।
ਇਸ ਮੌਕੇ ਅਪਨਜੀਤ ਸਿੰਘ ਐਮ.ਡੀ, ਪਵਨ ਚੌਧਰੀ ਸੀ.ਓ.ਓ, ਐਨ.ਪੀ ਗੁਪਤਾ ਹੀਰੋ ਸੀ.ਈ.ਓ, ਮੋਹਿਤ ਰਤਨਾ ਮਨੀ ਵਾਈਸ ਪ੍ਰੈਜੀਡੈਂਟ ਹੀਰੋ ਮੋਟਰ ਆਦਿ ਵੀ ਹਾਜਰ ਸਨ।