ਸਿੱਧਵਾਂ ਨਹਿਰ ਬੰਦ ਹੋਣ ਤੋਂ ਬਾਅਦ 4 ਪੁਲਾਂ ਦਾ ਕੰਮ 12 ਅਕਤੂਬਰ ਤੋਂ ਮੁੜ ਸ਼ੁਰੂ ਹੋਵੇਗਾ : ਐਮ.ਪੀ ਸੰਜੀਵ ਅਰੋੜਾ.

 

ਲੁਧਿਆਣਾ, 2 ਅਗਸਤ (ਕੁਨਾਲ ਜੇਤਲੀ) : ਸਿੱਧਵਾਂ ਨਹਿਰ 31 ਦਿਨਾਂ ਲਈ ਬੰਦ ਰਹੇਗੀ ਜਿਸ ਦੌਰਾਨ ਇਸ ਨਹਿਰ ’ਤੇ ਚਾਰ ਪੁਲਾਂ ਦੀ ਉਸਾਰੀ ਦਾ ਕੰਮ ਇਸ ਸਾਲ ਅਕਤੂਬਰ ਵਿੱਚ ਮੁੜ ਸ਼ੁਰੂ ਕਰ ਦਿੱਤਾ ਜਾਵੇਗਾ।




ਸ਼ੁੱਕਰਵਾਰ ਨੂੰ ਇੱਥੇ ਇਹ ਜਾਣਕਾਰੀ ਦਿੰਦਿਆਂ ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਦੱਸਿਆ ਕਿ ਜਲ ਸਰੋਤ ਵਿਭਾਗ, ਪੰਜਾਬ ਨੇ 30 ਜੁਲਾਈ, 2024 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਮੌਸਮ ਅਤੇ ਫਸਲਾਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਸਿੱਧਵਾਂ ਨਹਿਰ ਦੇ ਪੁਲਾਂ ਦੀ ਉਸਾਰੀ ਅਤੇ ਸਫ਼ਾਈ ਦਾ ਕੰਮ ਮੁਕੰਮਲ ਕਰਨ ਲਈ 12 ਅਕਤੂਬਰ 2024 ਤੋਂ 11 ਨਵੰਬਰ 2024 ਤੱਕ 31 ਦਿਨਾਂ ਲਈ ਨਹਿਰ ਬੰਦ ਰਹੇਗੀ। ਖੇਤੀ ਲਈ ਪਾਣੀ ਦੀ ਮੰਗ ਨੂੰ ਦੇਖਦੇ ਹੋਏ ਇਸ ਨਹਿਰ ਨੂੰ ਪਹਿਲਾਂ ਬੰਦ ਕਰਨਾ ਸੰਭਵ ਨਹੀਂ ਸੀ।




ਉਨ੍ਹਾਂ ਦੱਸਿਆ ਕਿ ਉਨ੍ਹਾਂ ਜਲ ਸਰੋਤ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਮਿਲ ਕੇ ਸਿੱਧਵਾਂ ਨਹਿਰ ਨੂੰ ਕੁਝ ਦਿਨਾਂ ਲਈ ਬੰਦ ਕਰਨ ਦੀ ਬੇਨਤੀ ਕੀਤੀ ਸੀ ਤਾਂ ਜੋ ਸਬੰਧਤ ਠੇਕੇਦਾਰ ਵੱਲੋਂ ਚਾਰ ਪੁਲਾਂ ਦੀ ਉਸਾਰੀ ਦਾ ਕੰਮ ਕਰਵਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਵੱਲੋਂ ਕਰੀਬ 16 ਕਰੋੜ ਰੁਪਏ ਦੀ ਲਾਗਤ ਨਾਲ ਚਾਰ ਪੁਲਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।




ਅਰੋੜਾ ਨੇ ਦੱਸਿਆ ਕਿ ਉਨ੍ਹਾਂ ਨੂੰ  ਐਨ.ਐਚ.ਏ.ਆਈ.ਦੇ ਪ੍ਰੋਜੈਕਟ ਡਾਇਰੈਕਟਰ ਲੁਧਿਆਣਾ ਨਵਰਤਨ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਹੁਣ ਤੱਕ ਪੁਲਾਂ ਦਾ ਲਗਭਗ 15 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਇਨ੍ਹਾਂ ਪੁਲਾਂ ਦੇ ਕੁੱਲ ਨਿਰਮਾਣ ਕਾਰਜਾਂ ਵਿੱਚੋਂ 30 ਫੀਸਦੀ ਕੰਮ ਪਾਣੀ ਦੇ ਪੱਧਰ ਤੋਂ ਹੇਠਾਂ ਅਤੇ 70 ਫੀਸਦੀ ਕੰਮ ਪਾਣੀ ਦੇ ਪੱਧਰ ਤੋਂ ਉਪਰ ਹੋਣਾ ਹੈ। ਅਜਿਹੀ ਸਥਿਤੀ ਵਿੱਚ ਪਾਣੀ ਦੇ ਪੱਧਰ ਤੋਂ ਹੇਠਾਂ ਹੋਣ ਵਾਲੇ ਨਿਰਮਾਣ ਕਾਰਜ ਨੂੰ ਪੂਰਾ ਕਰਨ ਲਈ ਨਹਿਰ ਨੂੰ ਬੰਦ ਕਰਨਾ ਜ਼ਰੂਰੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਅਗਲੇ ਸਾਲ ਜੂਨ ਮਹੀਨੇ ਤੱਕ ਚਾਰੇ ਪੁਲਾਂ ਦੀ ਉਸਾਰੀ ਦਾ ਕੰਮ ਮੁਕੰਮਲ ਹੋ ਜਾਵੇਗਾ।




ਚਾਰ ਪੁੱਲ ਐਫ2 ਰੇਸਵੇਅ ਪੁਲ ਤੋਂ 300 ਮੀਟਰ ਦੂਰ (ਸੱਜੇ ਅਤੇ ਖੱਬੇ ਪਾਸੇ) ਅਤੇ ਬਰਡੇਵਾਲ ਪੁਲ ਤੋਂ 300 ਮੀਟਰ ਦੀ ਦੂਰੀ 'ਤੇ (ਸੱਜੇ ਅਤੇ ਖੱਬੇ ਦੋਵੇਂ ਪਾਸੇ) ਬਣਾਏ ਜਾ ਰਹੇ ਹਨ। ਅਰੋੜਾ ਦੀ ਪਹਿਲਕਦਮੀ 'ਤੇ ਇਨ੍ਹਾਂ ਪੁਲਾਂ ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ, ਜਿਨ੍ਹਾਂ ਨੇ ਕਈ ਯਤਨ ਕੀਤੇ ਅਤੇ ਇਹ ਮਾਮਲਾ ਐਨ.ਐਚ.ਏ.ਆਈ. ਦੇ ਚੇਅਰਮੈਨ ਸੰਤੋਸ਼ ਕੁਮਾਰ ਯਾਦਵ ਕੋਲ ਉਠਾਇਆ ਸੀ। ਅੰਤ ਵਿੱਚ, ਅਰੋੜਾ ਦੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ, ਐਨ.ਐਚ.ਏ.ਆਈ. ਵੱਲੋਂ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਗਈ।




ਲੁਧਿਆਣਾ ਦੇ ਬਹੁਤ ਸਾਰੇ ਵਸਨੀਕਾਂ ਨੇ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਲਈ ਪਹਿਲ ਕਰਨ ਲਈ ਅਰੋੜਾ ਤੱਕ ਪਹੁੰਚ ਕੀਤੀ ਸੀ ਕਿਉਂਕਿ ਇਹ ਸਮੇਂ ਦੀ ਮੁੱਖ ਲੋੜ ਸੀ ਕਿ ਆਉਣ-ਜਾਣ ਵਾਲਿਆਂ ਨੂੰ ਆਵਾਜਾਈ ਦੇ ਜਾਮ ਤੋਂ ਰਾਹਤ ਦਿਵਾਈ ਜਾਵੇ।




ਅਰੋੜਾ ਨੇ ਉਮੀਦ ਜ਼ਾਹਰ ਕੀਤੀ ਕਿ ਇੱਕ ਵਾਰ ਪੁਲ ਬਣ ਜਾਣ ਨਾਲ ਸਾਊਥ ਸਿਟੀ ਖੇਤਰ ਵਿੱਚ ਭਾਰੀ ਆਵਾਜਾਈ ਦੀ ਸਮੱਸਿਆ ਘੱਟ ਜਾਵੇਗੀ। ਉਨ੍ਹਾਂ ਕਿਹਾ ਕਿ ਸਿੱਧਵਾਂ ਨਹਿਰ ਦੇ ਦੋਵੇਂ ਪਾਸੇ ਵੱਡੀ ਗਿਣਤੀ ਵਿੱਚ ਵਪਾਰਕ ਅਦਾਰੇ ਜਿਵੇਂ ਹੋਟਲ, ਰੈਸਟੋਰੈਂਟ ਆਦਿ ਤੋਂ ਇਲਾਵਾ ਰਿਹਾਇਸ਼ੀ ਕੰਪਲੈਕਸ ਵੀ ਬਣਾਏ ਜਾ ਰਹੇ ਹਨ। ਨਤੀਜੇ ਵਜੋਂ ਇਸ ਖੇਤਰ ਵਿੱਚ ਵਪਾਰਕ ਅਤੇ ਹੋਰ ਗਤੀਵਿਧੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ, ਜਿਸ ਕਾਰਨ ਆਵਾਜਾਈ ਕਈ ਗੁਣਾ ਵੱਧ ਰਹੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸਿੱਧਵਾਂ ਨਹਿਰ ’ਤੇ ਚਾਰ ਪੁਲਾਂ ਦੀ ਉਸਾਰੀ ਦਾ ਕੰਮ ਮੁਕੰਮਲ ਹੋਣ ਮਗਰੋਂ ਵਾਹਨਾਂ ਦੀ ਆਵਾਜਾਈ ਵਿੱਚ ਵੱਡੀ ਤਬਦੀਲੀ ਆਵੇਗੀ।