ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਪਿੰਡ ਈਸੜੂ ਵਿਖੇ ਰਾਜ ਪੱਧਰੀ ਸਮਾਗਮ ਦੇ ਪ੍ਰਬੰਧ ਮੁਕੰਮਲ ਕਰਨ ਸਬੰਧੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਡਿਊਟੀਆਂ ਸੌਪੀਆ.

 


ਪੰਜਾਬ ਸਰਕਾਰ ਵੱਲੋਂ 15 ਅਗਸਤ ਨੂੰ ਪਿੰਡ ਈਸੜੂ ਵਿਖੇ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਦੇ ਸ਼ਹੀਦੀ ਦਿਹਾੜੇ ਮੌਕੇ ਕਰਵਾਇਆ ਜਾ ਰਿਹਾ ਰਾਜ ਪੱਧਰੀ ਸਮਾਗਮ


ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸ਼ਹੀਦ ਨੂੰ ਕਰਨਗੇ ਸ਼ਰਧਾ ਦੇ ਫੁੱਲ ਭੇਟ 


ਲੁਧਿਆਣਾ, 8 ਅਗਸਤ (ਇੰਦਰਜੀਤ) - ਡਿਪਟੀ ਕਮਿਸ਼ਨਰ ਲੁਧਿਆਣਾ ਸਾਕਸ਼ੀ ਸਾਹਨੀ ਵੱਲੋਂ ਗੋਆ ਦੀ ਅਜ਼ਾਦੀ ਦੇ ਮਹਾਨ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਦੇ ਸ਼ਹੀਦੀ ਦਿਹਾੜੇ 'ਤੇ ਪੰਜਾਬ ਸਰਕਾਰ ਵੱਲੋਂ 15 ਅਗਸਤ ਨੂੰ ਪਿੰਡ ਈਸੜੂ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਦੇ ਕੀਤੇ ਜਾਣ ਵਾਲੇ ਪ੍ਰਬੰਧਾਂ ਸਬੰਧੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਵੀਰਵਾਰ ਨੂੰ ਦਾਣਾ ਮੰਡੀ, ਪਿੰਡ ਈਸੜੂ ਵਿਖੇ ਮੀਟਿੰਗ ਕੀਤੀ। 


ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਲੁਧਿਆਣਾ ਸ੍ਰੀ ਅਨਮੋਲ ਸਿੰਘ ਧਾਲੀਵਾਲ, ਐਸ.ਡੀ.ਐਮ. ਖੰਨਾ ਡਾ. ਬਲਜਿੰਦਰ ਸਿੰਘ ਢਿੱਲੋਂ, ਐਸ.ਪੀ ਹੈਡਕੁਆਰਟਰ ਸ੍ਰੀ ਤਰੁਨ ਰਤਨ, ਡੀ.ਐਸ.ਪੀ (ਡੀ) ਸ੍ਰੀ ਸੁਖਅਮਿ੍ਤ  ਰੰਧਾਵਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।


ਇਸ ਰਾਜ ਪੱਧਰੀ ਸਮਾਗਮ ਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਡੀ.ਸੀ ਸਾਕਸ਼ੀ ਸਾਹਨੀ ਵੱਲੋਂ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਰਾਜ ਪੱਧਰੀ ਸਮਾਗਮ ਨੂੰ ਸਫਲ ਬਣਾਉਣ ਅਤੇ ਪੁਖਤਾ ਪ੍ਰਬੰਧ ਕਰਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਵੀ ਸੌਂਪੀਆਂ।


ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਇਸ ਰਾਜ ਪੱਧਰੀ ਸਮਾਗਮ ਵਿੱਚ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਨੂੰ ਸਰਧਾ ਦੇ ਫੁੱਲ ਭੇਟ ਕਰਨ ਲਈ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਵਿਸ਼ੇਸ਼ ਤੌਰ ਤੇ ਪਿੰਡ ਈਸੜੂ ਵਿਖੇ ਪੁੱਜਣਗੇ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਸਰਕਾਰ ਦੇ  ਕੈਬਨਿਟ ਮੰਤਰੀਆਂ, ਵਿਧਾਇਕਾਂ ਤੋਂ ਇਲਾਵਾ ਹੋਰ ਪ੍ਰਮੁੱਖ ਸਖਸ਼ੀਅਤਾਂ ਵੀ ਸ਼ਹੀਦ ਕਰਨੈਲ ਸਿੰਘ ਈਸੜੂ ਜੀ ਨੂੰ ਸਰਧਾਂਜਲੀਆਂ ਭੇਟ ਕਰਨਗੀਆਂ।


ਡੀ.ਸੀ ਸਾਹਨੀ ਨੇ ਕਿਹਾ ਕਿ ਰਾਜ ਪੱਧਰੀ ਸਮਾਗਮ ਦੇ ਆਯੋਜਨ ਲਈ ਪਿੰਡ ਈਸੜੂ ਵਿਖੇ ਸ਼ਮੂਲੀਅਤ ਕਰਨ ਵਾਲੀ ਸੰਗਤ ਦੇ ਬੈਠਣ ਦਾ ਪ੍ਰਬੰਧ ਤੇ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਹੋਰ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸ਼ਹੀਦ ਕਰਨੈਲ ਸਿੰਘ ਜੀ ਦੇ ਆਦਮਕੱਦ ਬੁੱਤ ਅਤੇ ਸਮਾਰਕ ਦੀ ਦਿੱਖ ਸਵਾਰਨ ਅਤੇ ਸ਼ਮਿਆਨਾ ਆਦਿ ਲਗਾਉਣ ਲਈ ਵੀ ਡਿਊਟੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਰਾਜ ਪੱਧਰੀ ਸਮਾਗਮ ਮੌਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਖੰਨਾ ਪੁਲਸ ਵੱਲੋਂ ਕੀਤੇ ਜਾਣਗੇ। ਇਸ ਮੌਕੇ ਹੈਲੀਪੈਡ, ਪਾਰਕਿੰਗ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੀ ਪੁਲਿਸ ਵਿਭਾਗ ਨੂੰ ਜਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ ਨਿਰਵਿਘਨ ਬਿਜਲੀ ਦੀ ਸਪਲਾਈ ਚਾਲੂ ਰੱਖਣ ਲਈ ਪੀ.ਐਸ.ਪੀ.ਸੀ.ਐਲ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ।


ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਿੰਡ ਈਸੜੂ ਵਿਖੇ ਤਿਆਰੀ ਅਧੀਨ ਸ਼ਹੀਦ ਮਾਸਟਰ ਕਰਨੈਲ ਸਿੰਘ ਲਾਇਬਰੇਰੀ ਦਾ ਦੌਰਾ ਕਰਦਿਆਂ ਚੱਲ ਰਹੇ ਕਾਰਜ਼ਾਂ ਦਾ ਜਾਇਜ਼ਾ ਵੀ ਲਿਆ, ਜਿਸਦਾ ਉਦਘਾਟਨ 15 ਅਗਸਤ, 2024 ਨੂੰ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਵੱਲੋਂ ਕੀਤਾ ਜਾਣਾ ਹੈ।