ਸਮਾਜ ਦੀ ਮੁੱਖ ਧਾਰਾ ਤੋਂ ਟੁੱਟ ਚੁੱਕੇ ਨੌਜਵਾਨਾਂ ਅਤੇ ਮੁਟਿਆਰਾਂ ਨੂੰ ਸਹੀ ਰਾਹ 'ਤੇ ਲਿਆਉਣਾ ਬਹੁਤ ਜਰੂਰੀ - ਸਲੇਮਪੁਰੀ.

 

* ਕੋਟਨਿਸ ਐਕੂਪੰਕਚਰ ਹਸਪਤਾਲ ਸਮਾਜ ਭਲਾਈ ਲਈ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ - ਵਰਧਨ 

ਲੁਧਿਆਣਾ, 9 ਅਗਸਤ (ਇੰਦ੍ਰਜੀਤ) - ਸਮਾਜ ਵਿਚ ਨੌਜਵਾਨ ਪੀੜ੍ਹੀ ਨੂੰ ਸਹੀ ਸੇਧ ਨਾ ਮਿਲਣ ਕਾਰਨ ਅੱਜ ਉਹ ਆਪਣੇ ਰਾਹ ਤੋਂ ਬੁਰੀ ਤਰ੍ਹਾਂ ਭਟਕ ਚੁੱਕੀ ਹੈ, ਜਿਸ ਕਰਕੇ ਚਾਰੇ ਪਾਸੇ ਬੇਚੈਨੀ ਪਾਈ ਜਾ ਰਹੀ ਹੈ। ਇਹ ਵਿਚਾਰ ਸਟੇਟ ਅਵਾਰਡੀ ਅਧਿਆਪਕ ਸੁਖਦੇਵ ਸਲੇਮਪੁਰੀ ਨੇ ਡਾ: ਕੋਟਨਿਸ ਐਕੂਪੰਕਚਰ ਹਸਪਤਾਲ ਅਤੇ ਸਿੱਖਿਆ ਕੇਂਦਰ ਲੁਧਿਆਣਾ ਵਲੋਂ ਏਡਜ਼ ਕੰਟਰੋਲ ਸੁਸਾਇਟੀ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕੋਟਨਿਸ ਐਕੂਪੰਕਚਰ ਹਸਪਤਾਲ ਦੇ ਮੁੱਖ ਪ੍ਰਬੰਧਕ ਡਾ: ਇੰਦਰਜੀਤ ਸਿੰਘ ਦੀ ਅਗਵਾਈ ਹੇਠ ਖੰਨਾ ਵਿਚ ਕਰਵਾਏ ਗਏ ਸਿਹਤ ਜਾਗਰੂਕਤਾ ਤੀਜ ਮੇਲਾ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦਿਆਂ ਪ੍ਰਗਟ ਕੀਤੇ। ਇਸ ਮੌਕੇ ਉਨ੍ਹਾਂ ਅੱਗੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਨਾਬਾਲਗ ਉਮਰ ਦੇ ਕੁੜੀਆਂ - ਮੁੰਡੇ ਨਸ਼ਿਆਂ ਦੀ ਦਲਦਲ ਵਿਚ ਧੱਸ ਦੇ ਜਾ ਰਹੇ ਹਨ ਅਤੇ ਜਦੋਂ ਉਨ੍ਹਾਂ ਨੂੰ ਨਸ਼ੇ ਲਈ ਪੈਸੇ ਨਹੀਂ ਮਿਲਦੇ, ਤਦ ਉਹ ਚੋਰੀਆਂ, ਲੁੱਟਾਂ ਖੋਹਾਂ ਤੇ ਮਾਰਧਾੜ ਕਰਨ ਤੁਰ ਪੈਂਦੇ ਹਨ, ਜਿਸ ਨਾਲ ਸਮਾਜ ਵਿਚ ਬੇਚੈਨੀ ਦਾ ਮਾਹੌਲ ਪੈਦਾ ਹੁੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਨਸ਼ਿਆਂ ਦੀ ਦਲਦਲ ਵਿਚ ਫਸੇ ਨੌਜਵਾਨ ਕੁੜੀਆਂ-ਮੁੰਡੇ ਹੌਲੀ-ਹੌਲੀ ਟੀਕੇ ਲਗਾਉਣ ਤੱਕ ਪੁੱਜ ਜਾਂਦੇ ਹਨ। ਇੱਕ ਸਰਿੰਜ - ਸੂਈ ਦੀ ਕਈ ਕਈ ਮੁੰਡੇ-ਕੁੜੀਆਂ ਵਰਤੋਂ ਕਰਨ ਲੱਗ ਜਾਂਦੇ ਹਨ, ਜਿਸ ਨਾਲ ਐਚ. ਆਈ. ਵੀ. /ਏਡਜ਼ / ਕੈਂਸਰ ਅਤੇ ਹੈਪੇਟਾਈਟਸ ਵਰਗੀਆਂ ਬੀਮਾਰੀਆਂ ਪੈਦਾ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਨਸ਼ੇ ਦੀ ਜਿਆਦਾ ਲੋਰ ਵਧਣ ਕਾਰਨ ਕੁੜੀਆਂ-ਮੁੰਡੇ ਆਪਾ ਖੋ ਬੈਠਦੇ ਹਨ ਅਤੇ ਇੱਕ ਦੂਜੇ ਨਾਲ ਅਸੁਰੱਖਿਅਤ ਸਰੀਰਕ ਸੰਬੰਧ ਪੈਦਾ ਕਰ ਬੈਠਦੇ ਹਨ, ਜੋ ਅੱਗਿਓਂ ਇੱਕ ਦੂਜੇ ਕੋਲੋਂ ਏਡਜ਼ ਵਰਗੀਆਂ ਬੀਮਾਰੀਆਂ ਸਹੇੜ ਕੇ ਆਪਣੀ ਜਿੰਦਗੀ ਤਬਾਹ ਕਰ ਲੈਂਦੇ ਹਨ। ਇਸ ਮੌਕੇ ਉਨ੍ਹਾਂ ਅਖੀਰ ਵਿਚ ਕਿਹਾ ਕਿ ਆਪਣੀ ਰਾਹ ਤੋਂ ਭਟਕ ਨੌਜਵਾਨਾਂ ਨੂੰ ਸਹੀ ਰਾਹ 'ਤੇ ਲਿਆਉਣਾ ਬਹੁਤ ਜਰੂਰੀ ਹੈ। ਇਸ ਮੌਕੇ ਸਮਾਗਮ ਵਿਚ ਉਚੇਚੇ ਤੌਰ 'ਤੇ ਪਹੁੰਚੇ ਸੀਨੀਅਰ ਕਾਂਗਰਸੀ ਆਗੂ ਸ਼ਸ਼ੀ ਵਰਧਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਦੇਸ਼ ਦਾ ਬਹੁਮੁੱਲਾ ਸਰਮਾਇਆ ਹੁੰਦੇ ਹਨ, ਇਸ ਲਈ ਉਨ੍ਹਾਂ ਵਿਚ ਪਰਿਵਾਰ, ਸਮਾਜ ਅਤੇ ਦੇਸ਼ ਪ੍ਰਤੀ ਸੇਵਾ ਦੀ ਭਾਵਨਾ ਪੈਦਾ ਕਰਨ ਲਈ ਉਨ੍ਹਾਂ ਵਿਚ ਇਕ ਚੰਗੇ ਸ਼ਹਿਰੀ ਵਾਲੇ ਗੁਣ ਪੈਦਾ ਕਰਨ ਲਈ ਮਾਪਿਆਂ, ਅਧਿਆਪਕਾਂ ਅਤੇ ਸਰਕਾਰ ਨੂੰ ਇੱਕ ਸੁਰ ਵਿੱਚ ਰਹਿ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਮਾਜ ਵਿਚ ਨਸ਼ਿਆਂ ਦਾ ਵਧ ਰਿਹਾ ਰੁਝਾਨ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਇਸ ਗੱਲ ਦਾ ਖੁਲਾਸਾ ਵੀ ਕੀਤਾ ਕਿ ਨਸ਼ੇ ਘਟਣ ਦੀ ਬਜਾਏ ਦਿਨ-ਬ-ਦਿਨ ਵੱਧ ਰਹੇ ਹਨ। ਇਸ ਮੌਕੇ ਉਨ੍ਹਾਂ ਕੋਟਨਿਸ ਐਕੂਪੰਕਚਰ ਹਸਪਤਾਲ ਲੁਧਿਆਣਾ ਵਲੋਂ ਨਸ਼ਿਆਂ ਅਤੇ ਐਚ. ਆਈ. ਵੀ. /ਏਡਜ਼ ਦੀ ਰੋਕਥਾਮ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਡਾ:ਇੰਦਰਜੀਤ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਨਸ਼ਿਆਂ ਦੀ ਲਾਹਨਤ ਨੂੰ ਖਤਮ ਕਰਨਾ ਬਹੁਤ ਵੱਡੀ ਗੱਲ ਨਹੀਂ ਹੈ, ਪਰ ਸਾਨੂੰ ਸੁਹਿਰਦਤਾ ਵਿਖਾਉਣ ਦੀ ਜਰੂਰਤ ਹੈ। ਉਨ੍ਹਾਂ ਅੱਗੇ ਕਿਹਾ ਕਿ ਨਸ਼ਿਆਂ ਅਤੇ ਏਡਜ਼ ਵਰਗੀ ਲਾਹਣਤ ਨੂੰ ਠੱਲ੍ਹਣ ਲਈ ਮਾਪਿਆਂ, ਆਧਿਆਪਕਾਂ, ਪੁਲਿਸ ਪ੍ਰਸ਼ਾਸਨ, ਆਮ ਪ੍ਰਸ਼ਾਸਨ ਤੇ ਸਮਾਜਿਕ, ਧਾਰਮਿਕ, ਰਾਜਨੀਤਕ,  ਮੁਲਾਜਮ ਜਥੇਬੰਦੀਆਂ ਸਮੇਤ ਸਰਕਾਰ ਨੂੰ ਇੱਕ ਮੰਚ ਉਪਰ ਇਕੱਠੇ ਹੋ ਕੇ ਕੰਮ ਕਰਨਾ ਪਵੇਗਾ। ਇਸ ਮੌਕੇ ਪੁਲਿਸ ਵਿਭਾਗ ਤੋਂ ਕਰਨਵੀਰ ਸਿੰਘ ਅਤੇ ਸਮਾਜ ਸੇਵਕ ਤਰਸੇਮ ਸਿੰਘ ਨੇ ਵੀ ਸੰਬੋਧਨ ਕੀਤਾ ਅਤੇ ਨਸ਼ਿਆਂ ਵਿਰੁੱਧ ਲੋਕ ਮੁਹਿੰਮ ਪੈਦਾ ਕਰਨ 'ਤੇ ਜੋਰ ਦਿੱਤਾ। ਇਸ ਮੌਕੇ ਸਮਾਗਮ ਨੂੰ ਸਫਲ ਬਣਾਉਣ ਲਈ ਖੰਨਾ ਸੈਂਟਰ ਦੇ ਪ੍ਰੋਜੈਕਟ ਮੈਨੇਜਰ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਮਨਪ੍ਰੀਤ, ਕਪਲਿਸ਼, ਨਰਿੰਦਰ ਕੌਰ, ਰਣਦੀਪ ਕੌਰ, ਆਂਚਲ, ਇੰਦਰਜੀਤ ਕੌਰ, ਵਰਿੰਦਰ ਕੁਮਾਰ, ਅਤੇ ਦਲਜੀਤ  ਵਲੋਂ ਸਮਾਗਮ ਨੂੰ ਸਫਲ ਬਣਾਉਣ ਲਈ ਸ਼ਾਨਦਾਰ ਭੂਮਿਕਾ ਨਿਭਾਈ ਗਈ। ਇਸ ਮੌਕੇ ਵੱਡੀ ਗਿਣਤੀ ਕੁੜੀਆਂ ਵਲੋਂ ਗਿੱਧਾ ਭੰਗੜਾ ਪਾ ਕੇ ਦਰਸ਼ਕਾਂ ਨੂੰ ਘੰਟਿਆਂਬੱਧੀ ਕੀਲੀ ਰੱਖਿਆ ਅਤੇ ਆਪਣੇ ਆਪ ਵਿੱਚ ਸੁਧਾਰ ਲਿਆਉਣ ਪ੍ਰਤਿੱਗਿਆ ਕੀਤੀ ਗਈ।