ਕੋਟਨਿਸ ਹਸਪਤਾਲ ਵਲੋਂ ਸਮਾਜ ਭਲਾਈ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਸ਼ਲਾਘਾਯੋਗ - ਪ੍ਰਿੰਸੀਪਲ ਹਰਦੀਪ ਕੌਰ .
*ਨਸ਼ਿਆਂ ਖਿਲਾਫ਼ ਢੋਲੇਵਾਲ ਸਕੂਲ ਵਿਚ ਜਾਗਰੂਕਤਾ ਸਮਾਗਮ
ਲੁਧਿਆਣਾ, 10 ਅਗਸਤ (ਇੰਦ੍ਰਜੀਤ) : ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਘਰ ਤੇ ਫਿਰ ਸਮੂਹ ਮਰਦਾਂ, ਔਰਤਾਂ ਅਤੇ ਬੱਚਿਆਂ ਦੇ ਸਾਂਝੇ ਇਕੱਠ ਨਾਲ ਮਿਲ ਕੇ ਸਮਾਜ ਬਣਦਾ ਹੈ। ਜੇ ਘਰ ਸਾਫ-ਸੁਥਰਾ ਤੇ ਇਖਲਾਕੀ ਹੋਵੇਗਾ ਤਾਂ ਫਿਰ ਸਮਾਜ ਚੰਗਾ ਹੋਵੇਗਾ, ਚੰਗੇ ਸਮਾਜ ਸਦਕਾ ਹੀ ਵਿਕਾਸ ਹੋਵੇਗਾ ਅਤੇ ਅਸੀਂ ਖੁਸ਼ਹਾਲ ਹੋਵਾਂਗੇ। ਇਹ ਵਿਚਾਰ ਸ੍ਰੀਮਤੀ ਹਰਦੀਪ ਕੌਰ ਪ੍ਰਿੰਸੀਪਲ ਨੇ ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਡਾ: ਕੋਟਨਿਸ ਐਕੂਪੰਕਚਰ ਹਸਪਤਾਲ ਅਤੇ ਸਿਹਤ ਸਿੱਖਿਆ ਸੰਸਥਾ ਲੁਧਿਆਣਾ ਵਲੋਂ ਸਕੂਲ ਆਫ਼ ਐਮੀਨੈੱਸ ਮਿਲਰਗੰਜ /ਢੋਲੇਵਾਲ ਲੁਧਿਆਣਾ ਵਿਚ ਨਸ਼ਿਆਂ ਵਿਰੁੱਧ ਕਰਵਾਏ ਗਏ ਸਿਹਤ ਜਾਗਰੂਕਤਾ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਉਨ੍ਹਾਂ ਅੱਗੇ ਕਿਹਾ ਕਿ ਨਸ਼ਿਆਂ ਦੇ ਵਧ ਰਹੇ ਰੁਝਾਨ ਨੂੰ ਰੋਕਣ ਲਈ ਹਰੇਕ ਵਿਅਕਤੀ ਨੂੰ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ, ਤਾਂ ਜੋ ਨਸ਼ਿਆਂ ਦੀ ਅੱਗ ਦਾ ਸੇਕ ਅੱਗੇ ਵਧਣ ਠੱਲ੍ਹਿਆ ਜਾ ਸਕੇ। ਇਸ ਮੌਕੇ ਉਨ੍ਹਾਂ ਕੋਟਨਿਸ ਐਕੂਪੰਕਚਰ ਹਸਪਤਾਲ ਵਲੋਂ ਨਸ਼ਿਆਂ ਅਤੇ ਐਚ. ਆਈ. ਵੀ. /ਏਡਜ ਦੀ ਰੋਕਥਾਮ ਲਈ ਸ਼ੁਰੂ ਕੀਤੇ ਜਾਗਰੂਕਤਾ ਯਤਨਾਂ ਅਤੇ ਸਮਾਜ ਭਲਾਈ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੋਟਨਿਸ ਐਕੂਪੰਕਚਰ ਹਸਪਤਾਲ ਦੇ ਮੁੱਖ ਪ੍ਰਬੰਧਕ ਡਾ: ਇੰਦਰਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਅਸੀਂ ਨਸ਼ਿਆਂ ਦੀ ਰੋਕਥਾਮ ਲਈ ਹੁਣ ਵੀ ਚੌਕੰਨੇ ਨਾ ਹੋਏ ਤਾਂ ਨੇੜ ਭਵਿੱਖ ਵਿਚ ਨਿਕਲਣ ਵਾਲੇ ਮਾਰੂ ਸਿੱਟਿਆਂ ਨਾਲ ਭੁਗਤਣ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਨਸ਼ਿਆਂ ਦਾ ਸੇਕ ਹੁਣ ਮੁਟਿਆਰਾਂ ਅਤੇ ਨਾਬਾਲਗ ਬੱਚਿਆਂ ਤੱਕ ਵੀ ਪਹੁੰਚ ਗਿਆ ਹੈ। ਇਸ ਮੌਕੇ ਸੀ.ਪੀ.ਐਲ.ਆਈ.ਪ੍ਰੋਜੈਕਟ ਦੇ ਏਰੀਆ ਕੋਆਰਡੀਨੇਟਰ ਗਗਨਦੀਪ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਸਹੁੰ ਚੁੱਕਵਾਈ ਗਈ। ਇਸ ਮੌਕੇ ਉਨ੍ਹਾਂ ਨਸ਼ਿਆਂ ਦੀ ਲਪੇਟ ਵਿਚ ਆਏ ਬਿਮਾਰਾਂ ਦੀ ਸਰੀਰਕ ਅਤੇ ਮਾਨਸਿਕ ਹਾਲਾਤਾਂ ਦੀ ਸਥਿਤੀ ਬਾਰੇ ਵਿਸਥਾਰਪੂਰਵਕ ਚਾਨਣਾ ਪਾਉਂਦਿਆਂ ਕਿਹਾ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅਧਿਆਪਕ ਵਰਗ ਵੱਡਾ ਯੋਗਦਾਨ ਪਾ ਸਕਦਾ ਹੈ। ਇਸ ਮੌਕੇ ਓ.ਡੀ .ਆਈ.ਸੀ. ਇੰਚਾਰਜ ਮਨੀਸ਼ਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੀਨੂੰ, ਅਮਨ , ਮਹੇਸ਼ ਵਿਸ਼ਾਲੀ ਅਤੇ ਹੋਰ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
