*ਵਿਧਾਇਕ ਗਰੇਵਾਲ ਤੇ ਬੱਗਾ ਦੀ ਅਗਵਾਈ ਹੇਠ ਐਨ.ਐਚ.ਏ.ਆਈ. ਟੀਮ ਵੱਲੋਂ ਸ਼ਹਿਰ 'ਚ ਦਿੱਲੀ ਹਾਈਵੇ ਦਾ ਦੌਰਾ.

 

*-ਨੈਸ਼ਨਲ ਹਾਈਵੇ 'ਤੇ ਟਰੈਫਿਕ ਸਮੱਸਿਆ ਨੂੰ ਲੈ ਕੇ  ਕੀਤਾ ਨਿਰੀਖਣ* 


*-ਹਲਕਾ ਪੂਰਬੀ ਤੇ ਉੱਤਰੀ ਦੇ ਲੋਕਾਂ ਨੂੰ ਸੜਕ ਪਾਰ ਕਰਨ ਸਬੰਧੀ ਸਮੱਸਿਆ ਤੋਂ ਜਲਦ ਮਿਲੇਗਾ ਛੁਟਕਾਰਾ - ਵਿਧਾਇਕ ਗਰੇਵਾਲ/ਬੱਗਾ* 


ਲੁਧਿਆਣਾ,10 ਅਗਸਤ (ਕੁਨਾਲ ਜੇਤਲੀ) - ਵਿਧਾਇਕ ਦਲਜੀਤ ਸਿੰਘ ਗਰੇਵਾਲ ਅਤੇ ਵਿਧਾਇਕ ਮਦਨ ਲਾਲ ਬੱਗਾ ਦੀ ਅਗਵਾਈ ਹੇਠ ਐਨ.ਐਚ.ਏ.ਆਈ. ਟੀਮ ਵੱਲੋਂ ਲੁਧਿਆਣਾ ਸ਼ਹਿਰ 'ਚ ਪੈਂਦੇ ਦਿੱਲੀ ਹਾਈਵੇ ਦਾ  ਦੌਰਾ ਕੀਤਾ ਗਿਆ।


ਬੀਤੇ ਦਿਨੀਂ ਵਿਧਾਨ ਸਭਾ ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਅਤੇ ਹਲਕਾ ਉੱਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਵੱਲੋਂ ਸੰਸਦ ਮੈਂਬਰ ਸੰਜੀਵ ਅਰੋੜਾ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਗਈ ਸੀ ਜਿਸ ਵਿੱਚ ਹਲਕਾ ਪੂਰਬੀ ਅਤੇ ਹਲਕਾ ਉੱਤਰੀ ਦੇ ਇਲਾਕਿਆਂ ਵਿੱਚ ਓਵਰ ਬ੍ਰਿਜ ਅੰਡਰ ਪਾਸ ਬਣਾਉਣ ਸਬੰਧੀ ਮੰਗ ਰੱਖੀ ਗਈ ਸੀ।


ਕੇਂਦਰੀ ਮੰਤਰੀ ਗਡਕਰੀ ਵੱਲੋਂ ਇਸ ਮੰਗ ਨੂੰ ਜਾਇਜ਼ ਠਹਿਰਾਇਆ ਗਿਆ ਸੀ ਅਤੇ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਐਨ ਐਚ ਏ ਆਈ ਦੀ ਟੀਮ ਵੱਲੋਂ ਮੁਆਇਨਾ ਕੀਤਾ ਗਿਆ।


ਅੱਜ ਵਿਧਾਇਕਾਂ ਗਰੇਵਾਲ ਅਤੇ ਬੱਗਾ ਵੱਲੋਂ ਨੈਸ਼ਨਲ ਹਾਈਵੇ ਉੱਤੇ ਪੇਸ਼ ਆ ਰਹੀ ਟਰੈਫਿਕ ਦੀ ਸਮੱਸਿਆ ਨੂੰ ਲੈ ਕੇ ਐਨ ਐਚ ਏ ਦੀ ਟੀਮ ਨੂੰ ਜਾਣੂ ਕਰਵਾਇਆ ਗਿਆ।


ਇਸ ਮੌਕੇ ਐਨ ਐਚ ਏ ਆਈ ਦੀ ਟੀਮ ਨਾਲ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਮੈਨੇਜਰ ਵੀ ਮੌਜੂਦ ਰਹੇ।


ਵਿਧਾਇਕਾਂ ਵੱਲੋਂ ਸਾਂਝੇ ਤੌਰ 'ਤੇ ਦੱਸਿਆ ਗਿਆ ਕਿ ਇਸ ਦੌਰੇ ਦਾ ਮਕਸਦ ਨੈਸ਼ਨਲ ਹਾਈਵੇ ਦੇ ਨਾਲ ਲੱਗਦੇ ਰਿਹਾਇਸ਼ੀ ਇਲਾਕਿਆਂ ਵਿੱਚ ਵੱਸਦੇ ਲੋਕਾਂ ਨੂੰ ਸੜਕ ਪਾਰ ਕਰਦੇ ਸਮੇਂ  ਪੇਸ਼ ਆ ਰਹੀ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨਾ ਹੈ।  


ਜ਼ਿਕਰਜੋਗ ਹੈ ਕਿ ਲੁਧਿਆਣਾ ਦੇ ਇਸ ਨੈਸ਼ਨਲ ਹਾਈਵੇ 'ਤੇ ਆਏ ਦਿਨ ਹੋ ਰਹੀਆਂ ਮੰਦਭਾਗੀਆਂ ਦੁਰਘਟਨਾਂਵਾਂ ਕਾਰਨ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ।


ਨੈਸ਼ਨਲ ਹਾਈਵੇ ਦੇ ਨੇੜੇ ਸਮਰਾਲਾ ਚੌਂਕ  ਤੋਂ ਸ਼ਕਤੀ ਨਗਰ, ਕਾਕੋਵਲ ਰੋਡ, ਕਾਲੀ ਸੜਕ, ਜੱਸੀਆਂ ਰੋਡ ਅਤੇ ਹੋਰ ਕਈ ਥਾਵਾਂ ਤੇ  ਕਿਸੇ ਵੀ ਕਟ ਦੇ ਨਾ ਹੋਣ ਕਾਰਨ ਆਮ ਲੋਕਾਂ ਵੱਲੋਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਸੜਕ ਪਾਰ ਕੀਤੀ ਜਾਂਦੀ ਹੈ।  


ਇਸ ਦੌਰਾਨ ਐਨ ਐਚ ਏ ਆਈ ਦੀ ਟੀਮ ਅਤੇ  ਵਿਧਾਇਕਾਂ ਵੱਲੋਂ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਮੈਨੇਜਰ ਨਾਲ ਅੱਜ ਉਨਾਂ ਪੁਆਇੰਟਾਂ ਦੀ ਭਾਲ ਕੀਤੀ ਗਈ ਜਿੱਥੇ ਕਟ ਬਣਾਏ ਜਾ ਸਕਦੇ ਹਨ ਤਾਂ ਜੋ ਆਮ ਲੋਕ ਆਸਾਨੀ ਨਾਲ ਸੜਕ ਪਾਰ ਕਰ ਸਕਣ ਅਤੇ ਦੁਰਘਟਨਾਵਾਂ ਤੋਂ ਉਹਨਾਂ ਦੀਆਂ ਕੀਮਤੀ ਜਾਨਾਂ ਦਾ ਬਚਾ ਹੋ ਸਕੇ। 


ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਅਤੇ ਵਿਧਾਇਕ ਮਦਨ ਲਾਲ ਬੱਗਾ ਵੱਲੋਂ ਆਸ ਪ੍ਰਗਟਾਈ ਕਿ ਜਲਦ ਹੀ ਐਨ ਐਚ ਏ ਆਈ ਵੱਲੋਂ ਇਹਨਾਂ ਪੁਆਇੰਟਾਂ ਤੇ ਓਵਰ ਬ੍ਰਿਜ ਅੰਡਰ ਪਾਸ ਬਣਾਉਣ ਦੀ ਮੋਹਰ ਲਗਾਈ ਜਾਵੇਗੀ।


ਇਸ ਮੌਕੇ ਨਗਰ ਨਿਗਮ ਦੇ ਐਕਸੀਅਨ ਪਰਸ਼ੋਤਮ ਲਾਲ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ, ਬੈਂਕ ਮੈਨੇਜਰ ਦਲਵਿੰਦਰ ਸਿੰਘ, ਵਾਰਡ ਪ੍ਰਧਾਨ ਅਨੁਜ ਚੌਧਰੀ, ਜਸਵਿੰਦਰ ਸਿੰਘ ਸੰਧੂ, ਲਖਵਿੰਦਰ ਚੌਧਰੀ , ਹਰਸ਼ਰਨ ਸਿਫ਼ਤੀ, ਗੱਗੀ ਸ਼ਰਮਾ, ਭੂਸ਼ਨ ਸ਼ਰਮਾ , ਚਰਨਜੀਤ ਸਿੰਘ ਚੰਨੀ, ਅਮਰੀਕ ਸਿੰਘ ਸੈਣੀ ਤੋਂ ਇਲਾਵਾ ਵਿਧਾਇਕ ਪੀਏ ਗੁਰਸ਼ਰਨਦੀਪ ਸਿੰਘ ਵੀ ਹਾਜਰ ਸਨ।