ਢੋਲੇਵਾਲ ਸਕੂਲ ਵਿਚ ਸਾਇਕਲ ਪਾਰਕਿੰਗ ਸ਼ੈੱਡ ਦਾ ਉਦਘਾਟਨ ਹੋਇਆ.
* ਜੇ. ਸੀ. ਆਈ. ਸੈਂਟਰਲ ਲੁਧਿਆਣਾ ਦੇ ਯਤਨਾਂ ਸਦਕਾ ਹੋਈ ਉਸਾਰੀ
* ਸਕੂਲ ਗੁਸਲਖਾਨੇ ਦੀ ਉਸਾਰੀ ਲਈ ਜੇ. ਸੀ. ਆਈ. ਸੈਂਟਰਲ ਲੁਧਿਆਣਾ ਨੇ ਚੁੱਕਿਆ ਬੀੜਾ
ਲੁਧਿਆਣਾ, 17 ਅਗਸਤ (ਇੰਦਰਜੀਤ ) - ਸਕੂਲ ਆਫ਼ ਐਮੀਨੈੱਸ ਮਿਲਰਗੰਜ /ਢੋਲੇਵਾਲ ਲੁਧਿਆਣਾ ਵਿਚ ਸਮਾਜ ਸੇਵੀ ਸੰਸਥਾ ਜੇ. ਸੀ. ਆਈ. ਸੈਂਟਰਲ ਲੁਧਿਆਣਾ ਦੇ ਭਰਪੂਰ ਸਹਿਯੋਗ ਸਦਕਾ ਸਕੂਲ ਵਿਚ ਬਹੁਤ ਹੀ ਸ਼ਾਨਦਾਰ ਸਾਇਕਲ ਪਾਰਕਿੰਗ ਸ਼ੈੱਡ ਦੀ ਉਸਾਰੀ ਕੀਤੀ ਗਈ। ਦੇਸ਼ ਦੇ 78 ਵੇਂ ਅਜ਼ਾਦੀ ਦਿਵਸ ਨੂੰ ਸਮਰਪਿਤ ਕੀਤੇ ਗਏ ਇਕ ਛੋਟੇ ਜਿਹੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਾਇਕਲ ਪਾਰਕਿੰਗ ਸ਼ੈੱਡ ਦਾ ਉਦਘਾਟਨ ਕੀਤਾ ਗਿਆ। ਸ਼ੈੱਡ ਦਾ ਉਦਘਾਟਨ ਪ੍ਰਿੰਸੀਪਲ ਹਰਦੀਪ ਕੌਰ, ਜੇ. ਸੀ. ਆਈ. ਸੈਂਟਰਲ ਲੁਧਿਆਣਾ ਦੇ ਪ੍ਰਧਾਨ ਪ੍ਰਦੀਪ ਸਿੰਘ ਮੁੰਡੀ, ਉੱਘੀ ਸਮਾਜ ਸੇਵਿਕਾ ਸ੍ਰੀਮਤੀ ਰੁਚੀ ਬਾਵਾ ਸੰਯੁਕਤ ਸਕੱਤਰ ਆਮ ਆਦਮੀ ਪਾਰਟੀ ਪੰਜਾਬ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨਦੀਪ ਸਿੰਘ ਢੋਲੇਵਾਲ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਹਰਦੀਪ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੌਰਾਨ ਸ੍ਰੀਮਤੀ ਰੁਚੀ ਬਾਵਾ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਅਤੇ ਉਨ੍ਹਾਂ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਤੱਕ ਦੇਸ਼ ਦੇ ਵਿੱਦਿਅਕ ਅਦਾਰਿਆਂ ਦੀ ਦਿਸ਼ਾ ਅਤੇ ਦਸ਼ਾ ਵਿਚ ਸੁਧਾਰ ਨਹੀਂ ਹੁੰਦਾ, ਉਦੋਂ ਤੱਕ ਨਾ ਤਾਂ ਇਥੋਂ ਦੇ ਲੋਕ ਅੱਗੇ ਵਧ ਸਕਦੇ ਹਨ ਅਤੇ ਨਾ ਹੀ ਦੇਸ਼ ਅੱਗੇ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਉਹ ਵਿੱਦਿਅਕ ਅਦਾਰਿਆਂ ਵਿੱਚ ਸੁਧਾਰ ਲਿਆਉਣ ਲਈ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਵਿੱਦਿਅਕ ਅਦਾਰਿਆਂ ਅਤੇ ਵਿੱਦਿਅਕ ਢਾਂਚੇ ਵਿੱਚ ਸੁਧਾਰ ਲਿਆਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਮਾਨ ਸਰਕਾਰ ਦਾ ਮੁੱਖ ਉਦੇਸ਼ ਸੂਬੇ ਦੇ ਲੋਕਾਂ ਨੂੰ ਵਧੀਆ ਸਿੱਖਿਆ ਅਤੇ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ। ਇਸ ਮੌਕੇ ਉਨ੍ਹਾਂ ਜੇ. ਆਈ. ਸੀ. ਸੈਂਟਰਲ ਲੁਧਿਆਣਾ ਵਲੋਂ ਢੋਲੇਵਾਲ ਸਕੂਲ ਵਿਚ ਉਸਾਰੇ ਗਏ ਸਾਈਕਲ ਪਾਰਕਿੰਗ ਸ਼ੈੱਡ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪਹੁੰਚੇ ਜੇ. ਸੀ. ਆਈ. ਸੈਂਟਰਲ ਲੁਧਿਆਣਾ ਦੇ ਪ੍ਰਧਾਨ ਪ੍ਰਦੀਪ ਸਿੰਘ ਮੁੰਡੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਦਾ ਮੁੱਖ ਉਦੇਸ਼ ਸਮਾਜ ਭਲਾਈ ਦੇ ਕੰਮ ਕਰਨਾ ਹੈ। ਇਸ ਮੌਕੇ ਸਕੂਲ ਪ੍ਰਸ਼ਾਸਨ ਵਲੋਂ ਰੱਖੀਆਂ ਗਈਆਂ ਮੰਗਾਂ ਦੇ ਸੰਦਰਭ ਵਿਚ ਸ. ਮੁੰਡੀ ਨੇ ਸੰਬੋਧਨ ਕਰਦਿਆਂ ਕਿਹਾ ਜੇ. ਸੀ. ਆਈ. ਸੈਂਟਰਲ ਲੁਧਿਆਣਾ ਵਲੋਂ ਸਕੂਲ ਵਿਚ ਵਿਦਿਆਰਥੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਗੁਸਲਖਾਨੇ ਬਣਾ ਕੇ ਦਿੱਤੇ ਜਾਣਗੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਸਕੂਲ ਦੀਆਂ ਲੋੜਵੰਦ 10 ਹੁਸ਼ਿਆਰਪੁਰ ਵਿਦਿਆਰਥਣਾਂ ਨੂੰ ਵਜੀਫਾ਼ ਦੇਣ ਦਾ ਐਲਾਨ ਵੀ ਕੀਤਾ। ਸ. ਮੁੰਡੀ ਨੇ ਕਿਹਾ ਕਿ ਸਮੇਂ-ਸਮੇਂ 'ਤੇ ਉਨ੍ਹਾਂ ਦੀ ਸੰਸਥਾ ਸਕੂਲ ਦੀ ਭਲਾਈ ਲਈ ਕੰਮ ਕਰਦੀ ਰਹੇਗੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨਦੀਪ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਟੇਟ ਅਵਾਰਡੀ ਸੁਖਦੇਵ ਸਲੇਮਪੁਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਤੱਕ ਦੇਸ਼ ਦੇ ਹਰੇਕ ਬੱਚੇ ਨੂੰ ਸਿੱਖਿਆ ਦਾ ਮੌਕਾ ਪ੍ਰਦਾਨ ਨਹੀਂ ਕੀਤਾ ਜਾਂਦਾ, ਉਦੋਂ ਤਕ ਅਜ਼ਾਦੀ ਦਿਵਸ ਦੀ ਮਹੱਤਤਾ ਸਿਫ਼ਰ ਬਰਾਬਰ ਹੈ। ਇਸ ਮੌਕੇ ਪ੍ਰਿੰਸੀਪਲ ਹਰਦੀਪ ਕੌਰ ਨੇ ਸਕੂਲ ਨੂੰ ਦਰਪੇਸ਼ ਸਮੱਸਿਆਵਾਂ ਦੇ ਨਾਲ ਨਾਲ ਸਕੂਲ ਦੀਆਂ ਸ਼ਾਨਦਾਰ ਪ੍ਰਾਪਤੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਹਰ ਸਾਲ ਇਸ ਸਕੂਲ ਦਾ ਸਲਾਨਾ ਨਤੀਜਾ ਸ਼ਾਨਦਾਰ ਰਹਿੰਦਾ ਹੈ। ਇਸ ਮੌਕੇ ਪ੍ਰਬੰਧ ਅਫ਼ਸਰ ਪਰਮਜੀਤ ਕੌਰ ਸਲੇਮਪੁਰੀ, ਆਸ-ਅਹਿਸਾਸ ਸੰਸਥਾ ਦੀ ਕੋਆਰਡੀਨੇਟਰ ਗੁਰਪ੍ਰੀਤ ਕੌਰ ਕੋਟਨਿਸ ਹਸਪਤਾਲ ਦੇ ਨੁਮਾਇੰਦੇ ਗਗਨ ਅਤੇ ਜੇ. ਸੀ. ਆਈ. ਸੈਂਟਰਲ ਲੁਧਿਆਣਾ ਦੇ ਸੰਘਰਸ਼ਸ਼ੀਲ ਨੁਮਾਇੰਦੇ ਜਸਪਾਲ ਸਿੰਘ ਗਰੇਵਾਲ ਉਚੇਚੇ ਤੌਰ 'ਤੇ ਹਾਜਰ ਹੋਏ। ਇਸ ਮੌਕੇ ਉਕਤ ਸਖਸ਼ੀਅਤਾਂ ਵਲੋਂ ਕੌਮੀ ਝੰਡਾ ਚੜ੍ਹਾਇਆ ਗਿਆ ਅਤੇ ਕੌਮੀ ਗੀਤ ਦਾ ਗਾਇਨ ਕੀਤਾ ਗਿਆ। ਇਸ ਮੌਕੇ ਸਮਾਗਮ ਨੂੰ ਸਫਲ ਬਣਾਉਣ ਲਈ ਜੇ. ਸੀ. ਆਈ. ਦੇ ਨੁਮਾਇੰਦੇ ਰਸਲੀਨ ਕੌਰ, ਆਨੰਦ ਤਾਇਲ, ਵਿਪੁਲ ਤਾਇਲ, ਪ੍ਰਣਵ ਤਾਇਲ, ਮੰਡੂਤ ਸ਼ਰਮਾ, ਸਾਹਿਲ ਗੁਪਤਾ, ਅਵਤਾਰ ਸਿੰਘ
, ਸੁਸ਼ੀਲ ਕੁਮਾਰ ਜੈਨ ਅਤੇ ਮਨਜੀਤ ਸਿੰਘ ਲੋਟੇ ਤੋਂ ਇਲਾਵਾ ਸਕੂਲ ਦੇ ਸਮੂਹ ਸਟਾਫ ਮੈਂਬਰਾਂ ਵਲੋਂ ਵੱਧ ਚੜ੍ਹ ਕੇ ਸਹਿਯੋਗ ਦਿੱਤਾ ਗਿਆ। ਇਸ ਮੌਕੇ ਗੁਸਲਖਾਨਿਆਂ ਦੀ ਉਸਾਰੀ ਜੇ. ਸੀ. ਆਈ. ਲੁਧਿਆਣਾ ਸੈਂਟਰਲ ਵਲੋਂ 31000 ਰੁਪਏ ਤੋਂ ਇਲਾਵਾ ਜੇ. ਸੀ. ਆਈ. ਦੇ ਨੁਮਾਇੰਦੇ ਮੰਦੱਤ ਸ਼ਰਮਾ, ਅਵਤਾਰ ਸਿੰਘ, ਵਿਪੁਲ ਤਾਇਲ, ਸੁਸ਼ੀਲ ਜੈਨ, ਅਤੇ ਪ੍ਰਣਵ ਤਾਇਲ ਵਲੋਂ
5000-5000 ਰੁਪਏ ਦਾ ਯੋਗਦਾਨ ਪਾਇਆ ਗਿਆ ਜਦਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨਦੀਪ ਸਿੰਘ ਵਲੋਂ ਵੀ 5000 ਰੁਪਏ ਦਾ ਵਿਸ਼ੇਸ਼ ਤੌਰ 'ਤੇ ਯੋਗਦਾਨ ਪਾਇਆ ਗਿਆ। ਇਸ ਮੌਕੇ ਜੇ. ਸੀ. ਆਈ. ਲੁਧਿਆਣਾ ਸੈਂਟਰਲ ਵਲੋਂ ਪ੍ਰਿੰਸੀਪਲ ਹਰਦੀਪ ਕੌਰ ਅਤੇ ਡਾ: ਇੰਦਰਜੀਤ ਸਿੰਘ ਦਾ ਉਚੇਚੇ ਤੌਰ ' ਤੇ ਸਨਮਾਨਿਤ ਕੀਤਾ ਗਿਆ ਜਦ ਕਿ ਸਕੂਲ ਪ੍ਰਸ਼ਾਸਨ ਵਲੋਂ ਬਾਹਰੋਂ ਆਏ ਸਮੂਹ ਪਤਵੰਤਿਆਂ ਨੂੰ ਫੁਲਕਾਰੀਆਂ ਅਤੇ ਸ਼ਾਲ ਤੋਂ ਇਲਾਵਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।