ਗ਼ਜ਼ਲ/ ਅਸ਼ਵਨੀ ਜੇਤਲੀ.

 

ਰੰਗ ਜਦੋਂ ਦਾ ਬਦਲ ਲਿਆ ਹੈ ਰੁੱਤਾਂ ਨੇ। 

ਕਹਿਰ ਮਚਾਇਆ ਉਦੋਂ ਦਾ ਹੀ ਧੁੱਪਾਂ ਨੇ।


ਕਹਿਰ ਮਚਾ ਕੇ ਉਸਨੇ ਹੋਂਦ ਵਿਖਾ ਦਿੱਤੀ,

ਕੁਦਰਤ ਦਾ ਜਦ ਕੀਤਾ ਘਾਣ ਮਨੁੱਖਾਂ ਨੇ।


ਹੁਣ ਪਛਤਾਉਂਦੇ ਹੋ ਕਿ ਕਾਹਤੋਂ ਵੱਢ ਦਿੱਤੇ,

ਮਮਤਾ ਵਰਗੀ ਛਾਂ ਕਰਨੀ ਸੀ ਰੁੱਖਾਂ ਨੇ।


ਚਾਵਾਂ ਨਾਲ ਜੋ ਬਾਪੂ ਘਰ ਬਣਾਇਆ ਸੀ,

ਬਾਪੂ ਨੂੰ ਉਸ ਘਰ 'ਚੋਂ ਕੱਢਿਆ ਪੁੱਤਾਂ ਨੇ।


ਬੇਬੇ ਦੇ ਲਈ ਬਿਰਧ ਆਸ਼ਰਮ ਸੇਫ ਰਹੂ,

ਬਹਿ ਕੇ ਮਤਾ ਪਕਾਇਆ ਨੂੰਹਾਂ-ਪੁੱਤਾਂ ਨੇ।


ਖੂਹ ਦੇ ਪਾਸ ਵੀ ਜਾ ਕੇ ਰਹੇ ਪਿਆਸੇ ਹੀ,

ਤੇਹ ਬੁਝਾਈ ਸਾਡੀ ਸਬਰ ਦੇ ਘੁੱਟਾਂ ਨੇ।


ਆਪਣੇ ਦੁੱਖ ਦਾ ਲੋਕਾਂ ਨੂੰ ਨਾ ਦੁੱਖ ਕੋਈ,

ਦੁਖੀ ਹੈ ਕੀਤਾ ਦੂਜਿਆਂ ਦੇ ਬਸ ਸੁੱਖਾਂ ਨੇ।


ਲੋਕੀਂ ਕਹਿੰਦੇ ਦੁੱਖ ਬੰਦੇ ਨੂੰ ਢਾਹ ਲੈਂਦੇ,

ਸਾਨੂੰ ਹੋਰ ਵੀ ਤਕੜੇ ਕੀਤਾ ਦੁੱਖਾਂ ਨੇ।


ਕਹਿੰਦੇ ਤਿੱਖੇ ਬੋਲ ਚੀਰਦੇ ਸੀਨਾ, ਪਰ

ਛੱਲਣੀ ਕੀਤਾ ਸਾਨੂੰ ਤੇਰੀਆਂ ਚੁੱਪਾਂ ਨੇ।