ਮੁਰਾਦ ਜਸਵੀਰ ਸਿੰਘ ਨੇ ਬਤੌਰ ਏ. ਸੀ. ਪੀ. ਆਰਥਿਕ ਅਤੇ ਸਾਈਬਰ ਅਪਰਾਧ ਸ਼ਾਖਾ ਵਜੋਂ ਚਾਰਜ ਸੰਭਾਲਿਆ.

 

ਲੁਧਿਆਣਾ, 21 ਅਗਸਤ (ਇੰਦ੍ਰਜੀਤ) - ਪੰਜਾਬ ਸਰਕਾਰ ਦੇ ਗ੍ਰਹਿ ਅਤੇ ਪੁਲਿਸ ਵਿਭਾਗ ਵਲੋਂ ਪੰਜਾਬ ਪੁਲਿਸ ਵਿਭਾਗ ਦੇ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਬਦਲੀਆਂ ਤਹਿਤ ਮੁਰਾਦ ਜਸਵੀਰ ਸਿੰਘ ਨੂੰ ਏ. ਸੀ. ਪੀ. ਆਰਥਿਕ ਅਤੇ ਸਾਈਬਰ ਅਪਰਾਧ ਸ਼ਾਖਾ ਲੁਧਿਆਣਾ ਵਜੋਂ ਚਾਰਜ ਸੰਭਾਲਿਆ ਹੈ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਹਮੇਸ਼ਾ ਤੱਤਪਰ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਪੁਲਿਸ ਦਾ ਮੁੱਖ ਉਦੇਸ਼ ਸੂਬੇ ਦੇ ਲੋਕਾਂ ਨਾਲ ਭਾਈਚਾਰਕ ਸਾਂਝ ਪੈਦਾ ਕਰਦਿਆਂ ਸਮਾਜ ਦੇ ਹਰੇਕ ਨਾਗਰਿਕ ਨੂੰ ਇਨਸਾਫ਼ ਦੇਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਆਪਣੇ ਟੀਮ ਦੇ ਮੈਂਬਰਾਂ ਦੇ ਸਹਿਯੋਗ ਨਾਲ ਆਰਥਿਕ ਅਤੇ ਸਾਈਬਰ ਅਪਰਾਧ ਨਾਲ ਸਬੰਧਿਤ ਮਾਮਲਿਆਂ ਦਾ ਨਿਪਟਾਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ਅਤੇ ਲੋਕਾਂ ਨੂੰ ਜਲਦੀ ਇਨਸਾਫ਼ ਮੁਹੱਈਆ ਕਰਵਾਉਣ ਲਈ ਕੰਮ ਕਰਨਗੇ। ਇਸ ਮੌਕੇ ਉਕਤ ਵੱਖ ਵੱਖ ਅਹੁਦਿਆਂ 'ਤੇ ਇੰਚਾਰਜ ਸੰਭਾਲਣ ' ਤੇ ਮੁਰਾਦ ਜਸਵੀਰ ਸਿੰਘ ਨੂੰ ਉੱਘੇ ਸਨਅਤਕਾਰ ਅਮਿਤ ਸੇਠੀ, ਸਟੇਟ ਅਵਾਰਡੀ ਸੁਖਦੇਵ ਸਲੇਮਪੁਰੀ, ਬਿਜਨਸਮੈਨ ਜਗਦੀਪ ਸਿੰਘ ਸਰਾਭਾ ਨਗਰ, ਲੈਕਚਰਾਰ ਯੂਨੀਅਨ ਦੇ ਸੂਬਾਈ ਆਗੂ ਦੀਪਇੰਦਰ ਸਿੰਘ ਸੋਢੀ, ਅਧਿਆਪਕ ਆਗੂ ਮਨੀਸ਼ ਕੁਮਾਰ ਕਥੂਰੀਆ, ਸਰਪੰਚ ਯੂਨੀਅਨ ਦੇ ਸੂਬਾਈ ਆਗੂ ਮੇਵਾ ਸਿੰਘ ਸਲੇਮਪੁਰ, ਬਲਾਕ ਸੰਮਤੀ ਸਿੱਧਵਾਂ ਬੇਟ ਦੇ ਚੇਅਰਮੈਨ ਲਖਵਿੰਦਰ ਸਿੰਘ ਘਮਣੇਵਾਲ ਅਤੇ ਧਾਰਮਿਕ ਆਗੂ ਸਤਪਾਲ ਸਿੰਘ ਵਲੋਂ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ ਗਏ।ਇਸ ਮੌਕੇ ਹੋਰਨਾਂ ਤੋਂ ਇਲਾਵਾ ਵੱਖ-ਵੱਖ ਧਾਰਮਿਕ, ਸਮਾਜਿਕ, ਰਾਜਨੀਤਕ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ  ਵਲੋਂ ਵੀ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ ਗਏ।