ਕੋਲਕਾਤਾ ਦੇ ਜਬਰ ਜਨਾਹ ਅਤੇ ਹੱਤਿਆ ਮਾਮਲੇ ਨੇ ਹਰੇਕ ਹਿਰਦੇ ਨੂੰ ਵਲੂੰਧਰ ਕੇ ਰੱਖ ਦਿੱਤੈ-ਰੁਚੀ ਬਾਵਾ.

 

ਲੁਧਿਆਣਾ, 22 ਅਗਸਤ (ਇੰਦ੍ਰਜੀਤ) - ਔਰਤਾਂ ਅਤੇ ਬੱਚਿਆਂ ਦੇ ਹੱਕਾਂ ਅਤੇ ਹਿੱਤਾਂ ਲਈ ਕੰਮ ਕਰ ਰਹੀ ਆਸ-ਅਹਿਸਾਸ ਸੰਸਥਾ ਦੀ ਸੰਸਥਾਪਕਾ ਅਤੇ ਉੱਘੀ ਸਮਾਜ ਸੇਵਿਕਾ ਸ੍ਰੀਮਤੀ ਰੁਚੀ ਬਾਵਾ ਨੇ ਕੋਲਕਾਤਾ 'ਚ ਇਕ ਔਰਤ ਡਾਕਟਰ ਨਾਲ ਜਬਰ-ਜਨਾਹ ਕਰਨ ਪਿੱਛੋਂ ਉਸ ਦੀ ਹੱਤਿਆ ਕਰ ਦੇਣ ਦੇ ਮਾਮਲੇ ਉਪਰ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਕਾਂਡ ਨੇ ਹਰੇਕ ਵਿਅਕਤੀ ਦਾ ਹਿਰਦਾ ਵਲੂੰਧਰ ਕੇ ਰੱਖ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਂ ਇੱਕ ਮਾਂ ਹੋਣ ਦੇ ਨਾਤੇ, ਇੱਕ ਸਮਾਜ ਸੇਵਿਕਾ  ਅਤੇ ਇੱਕ ਸਮਾਜ ਸ਼ਾਸਤਰੀ ਦੇ ਹੋਣ ਦੇ ਰੂਪ ਵਿੱਚ ਬਹੁਤ ਦਰਦ ਮਹਿਸੂਸ ਕਰ ਰਹੀ ਹਾਂ ਕਿ ਇੱਕ ਮਾਂ ਆਪਣੇ ਪੁੱਤਰਾਂ ਨੂੰ ਚੰਗੀ ਸੇਧ ਸਿਖਾਉਣ ਤੋਂ ਖੁੰਝ ਰਹੀ ਹੈ, ਜਿਸ ਕਰਕੇ ਮੁੰਡੇ /ਮਰਦ ਇੱਕ ਕੁੜੀ /ਔਰਤ ਦਾ ਸਤਿਕਾਰ ਕਰਨਾ ਆਪਣੀ ਹੇਠੀ ਸਮਝ ਰਹੇ ਹਨ ਅਤੇ ਔਰਤ ਨੂੰ ਸਿਰਫ਼ ਇਕ ਮਨਚਾਵੇ ਦਾ ਸਾਧਨ ਮੰਨਦੇ ਹਨ। ਇੱਕ ਮਾਂ ਆਪਣੇ ਮੁੰਡਿਆਂ ਨੂੰ ਮੌਜ ਮਸਤੀਆਂ ਕਰਨ ਦੀ ਜਦੋਂ ਖੁੱਲ੍ਹ ਦਿੰਦੀ ਹੈ ਤਾਂ ਸਮਝੋ ਕਿ ਉਹ ਸਹੀ ਮਾਂਪੁਣੇ ਦੀ ਜਿੰਮੇਵਾਰੀ ਨਿਭਾਉਣ ਤੋਂ ਅਸਫਲ ਰਹੀ ਹੈ। 

ਉਨ੍ਹਾਂ ਅੱਗੇ ਕਿਹਾ ਕਿ ਕੋਲਕਾਤਾ 'ਚ ਵਾਪਰੇ ਦਰਦਨਾਕ ਕਾਂਡ ਨੇ ਮੇਰੇ ਹਿਰਦੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਕੀ ਕੁੜੀ ਪੈਦਾ ਕਰਨਾ ਪਾਪ ਹੈ, ਕੀ ਇਸ ਮਰਦ ਪ੍ਰਧਾਨ ਸਮਾਜ ਵਿੱਚ ਕੁੜੀ ਪੈਦਾ ਹੋਣਾ ਪਾਪ ਹੈ? ਉਂਝ ਹਰ ਸਾਲ ਨਵਰਾਤਰੀ 'ਤੇ ਦੋ ਵਾਰ ਕੁੜੀ ਦੀ ਪੂਜਾ ਕੀਤੀ ਜਾਂਦੀ ਹੈ। ਕੁੜੀ ਨੂੰ ਇੱਕ ਦੇਵੀ ਦੇ ਪ੍ਰਗਟਾਵੇ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ, ਪੂਜਾ ਕੀਤੀ ਜਾਂਦੀ ਹੈ। ਉਂਝ ਕੁੜੀ ਨੂੰ ਲਕਸ਼ਮੀ ਦਾ ਰੁਤਬਾ ਦਿੱਤਾ ਜਾਂਦਾ ਹੈ ਪਰ ਇਸ ਦੇ ਉਲਟ ਹਮੇਸ਼ਾ ਮੁੰਡੇ ਦੀ ਇੱਛਾ ਜਤਾਈ ਜਾਂਦੀ ਹੈ। ਘਰ ਵਿਚ ਕੋਈ ਵੀ ਕੰਮ ਕਰਨਾ ਹੋਵੇ ਮੁੰਡੇ ਨੂੰ ਪਹਿਲ ਦਿੱਤੀ ਜਾਂਦੀ ਹੈ, ਰੋਟੀ ਪਹਿਲਾਂ ਮੁੰਡੇ ਨੂੰ ਪਰੋਸ ਕੇ ਦਿੱਤੀ ਜਾਂਦੀ ਹੈ, ਪਰ ਕੁੜੀ ਕਦੇ ਵੀ ਇਸ ਗੱਲ ਦਾ ਗੁੱਸਾ ਨਹੀਂ ਕਰਦੀ, ਕਿਉਂਕਿ ਉਹ ਸਮਝਦੀ ਹੈ ਕਿ ਉਹ ਮਾਂ ਦਾ ਪੁੱਤਰ ਹੋਣ ਦੇ ਨਾਲ ਨਾਲ ਮੇਰਾ ਵੀਰ ਵੀ ਹੈ। ਕੁੜੀ ਨੂੰ ਪੜ੍ਹਾਉਣ ਤੋਂ ਪਹਿਲਾਂ 100 ਵਾਰ ਸੋਚਿਆ ਜਾਂਦਾ ਹੈ, ਜਦ ਉਹ ਪੜ੍ਹਾਈ ਕਰਕੇ ਡਾਕਟਰ, ਇੰਜੀਨੀਅਰ, ਅਧਿਆਪਕ ਜਾਂ ਸਮਾਜ ਸੇਵਿਕਾ ਬਣ ਕੇ ਸਮਾਜ ਦੀ ਸੇਵਾ ਵਿਚ ਜੁਟਦੀ ਹੈ ਤਾਂ ਉਹ ਘਰ ਤੋਂ ਬਾਹਰ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੀ ਹੈ, ਆਮ ਤੌਰ 'ਤੇ ਉਸ ਨੂੰ ਆਪਣੇ ਘਰੋਂ, ਰਿਸ਼ਤੇਦਾਰਾਂ ਅਤੇ ਆਂਢ-ਗੁਆਂਢ ਤੋਂ ਵੀ ਡਰ ਮਹਿਸੂਸ ਹੋਣ ਲੱਗ ਪੈਂਦਾ ਹੈ। ਅਤੇ ਉਹ ਆਪਣੇ ਆਪ ਨੂੰ ਇਕ ਅਜਨਬੀ ਮਹਿਸੂਸ ਕਰਦੀ ਹੈ, ਆਪਣੇ ਆਪ ਨੂੰ ਬੁੱਝਿਆ ਬੁੱਝਿਆ ਮਹਿਸੂਸ ਕਰਦੀ ਹੈ। ਉਹ ਮਹਿਸੂਸ ਕਰਦੀ ਹੈ ਕਿ ਸਮਾਜ ਵਿੱਚ ਇੱਕ ਲੜਕੀ ਦਾ ਜਨਮ ਲੈਣਾ ਇੱਕ ਪਾਪ ਹੈ। ਦੇਵੀ ਦੇ ਰੂਪ ਵਿਚ ਉਸ ਦੀ ਪੂਜਾ ਕਰਨਾ ਮਹਿਜ ਇਕ ਲੋਕ ਦਿਖਾਵਾ ਹੈ। ਇਸੇ ਲਈ ਤਾਂ ਕਦੇ ਹਾਥਰਸ ਵਿਚ, ਕਦੀ ਦਿੱਲੀ ਵਿਚ ਤੇ ਕਦੀ ਕੋਲਕਾਤਾ ਵਿਚ ਪਹਿਲਾਂ ਉਸ ਨਾਲ ਜਬਰ-ਜਨਾਹ ਕੀਤਾ ਜਾਂਦਾ ਹੈ ਤੇ ਫਿਰ ਕਤਲ ਕਰ ਦਿੱਤਾ ਜਾਂਦਾ ਹੈ।