ਵਿਸ਼ਵ ਪੰਜਾਬੀ ਕਾਨਫ਼ਰੰਸ 23-24 ਜਨਵਰੀ ਨੂੰ : ਡਾ. ਹਰਚੰਦ ਸਿੰਘ ਬੇਦੀ ਨੂੰ ਪ੍ਰਦਾਨ ਕੀਤਾ ਜਾਵੇਗਾ ਪਰਵਾਸੀ ਸਾਹਿਤ ਚਿੰਤਕ ਪੁਰਸਕਾਰ .

ਲੁਧਿਆਣਾ: 27 ਦਸੰਬਰ

ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਵਿਖੇ 23-24 ਜਨਵਰੀ, 2020 ਨੂੰ ਕਰਵਾਈ ਜਾ ਰਹੀ ਤੀਸਰੀ ਅੰਤਰਰਾਸ਼ਟਰੀ ਕਾਨਫ਼ਰੰਸ ਮੌਕੇ ਡਾ. ਹਰਚੰਦ ਸਿੰਘ ਬੇਦੀ ਸਾਬਕਾ ਮੁਖੀ ਤੇ ਪ੍ਰੋਫ਼ੈਸਰ ਸੈਂਟਰ ਫਾਰ ਇਮੀਗਰੈਂਟ ਸਟੱਡੀਜ਼, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੇ ਸਾਬਕਾ ਡਾਇਰੈਕਟਰ ਭਾਈ ਵੀਰ ਸਿੰਘ ਖੋਜ ਕੇਂਦਰ, ਚੀਫ਼ ਖ਼ਾਲਸਾ ਦੀਵਾਨ ਅੰਮ੍ਰਿਤਸਰ ਨੂੰ ਪਹਿਲਾ ਪਰਵਾਸੀ ਸਾਹਿਤ ਚਿੰਤਕ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ। 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰ ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੇ ਆਨਰੇਰੀ ਜਨਰਲ ਸਕੱਤਰ ਗੁਜਰਾਂਵਾਲਾ ਖਾਲਸਾ ਐਜੂਕੇਸ਼ਨ ਕੌਂਸਲ, ਕਾਲਜ ਦੇ ਪਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਤੇ ਪ੍ਰੋ. ਗੁਰਭਜਨ ਗਿੱਲ ਨੇ ਦੱਸਿਆ ਕਿ ਇਸ ਪੁਰਸਕਾਰ ਦੀ ਸਥਾਪਨਾ ਕੈਨੇਡਾ ਵਾਸੀ ਤੇ ਇਸੇ ਕਾਲਿਜ ਦੇ ਪ੍ਰੋਫੈਸਰ ਸਰਬਜੀਤ ਸਿੰਘ ਸਾਬਕਾ ਮੁਖੀ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਨੇ ਆਪਣੇ ਮਾਤਾ ਪਿਤਾ ਸਰਦਾਰਨੀ ਮਹਿੰਦਰ ਕੌਰ ਤੇ ਸਰਦਾਰ ਸ਼ਮਸ਼ੇਰ ਸਿੰਘ ਦੀ ਯਾਦ ਵਿੱਚ ਕੀਤੀ ਹੈ। ਇਸ ਪੁਰਸਕਾਰ ਵਿੱਚ 51,000/- ਰੁਪਏ ਦੀ ਇਨਾਮ ਰਾਸ਼ੀ, ਸਨਮਾਨ ਪੱਤਰ ਦੋਸ਼ਾਲਾ ਤੇ ਸਨਮਾਨ ਚਿੰਨ੍ਹ ਸ਼ਾਮਲ ਹੋਵੇਗਾ 

ਡਾ: ਐੱਸ ਪੀ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਵਾਸੀ ਲੇਖਕ ਬੇਦੀ ਲਾਲ ਸਿੰਘ ਸਾਹਿੱਤਕਾਰ ਦੇ ਖੋਜੀ ਵਿਦਵਾਨ ਪੁੱਤਰ ਡਾ ਹਰਚੰਦ ਸਿੰਘ ਬੇਦੀ ਦੀਆਂ ਹੁਣ ਤੱਕ ਕੁੱਲ 67 ਆਲੋਚਨਾ ਪੁਸਤਕਾਂ, 120 ਦੇ ਕਰੀਬ ਖੋਜ ਪੱਤਰ ਪ੍ਰਕਾਸ਼ਿਤ ਹੋ ਚੁੱਕੇ ਹਨ 70 ਰਾਸ਼ਟਰੀ ਅੰਤਰਰਾਸ਼ਟਰੀ ਸੈਮੀਨਾਰਾਂ ਚ ਉਹ ਪੇਪਰ ਪ੍ਰਸਤੁਤ ਕਰ ਚੁੱਕੇ ਹਨ ਅਤੇ 110 ਪੁਸਤਕਾਂ ਦੀ ਭੂਮਿਕਾ ਉਨ੍ਹਾਂ ਵੱਲੋਂ ਲਿਖੀ ਗਈ ਹੈ। ਪਰਵਾਸੀ ਪੰਜਾਬੀ ਸਾਹਿਤ ਤੇ ਆਧਾਰਿਤ 11 ਤੇ ਅੰਤਰਰਾਸ਼ਟਰੀ ਸੈਮੀਨਾਰ ਤੇ ਕਾਨਫਰੰਸਾਂ ਦਾ ਉਹ ਸਫ਼ਲ ਆਯੋਜਨ ਕਰਵਾ ਚੁੱਕੇ ਹਨ।  ਡਾ. ਹਰਚੰਦ ਸਿੰਘ ਬੇਦੀ ਦਾ ਵਧੇਰੇ ਖੋਜ ਕਾਰਜ ਜਿੱਥੇ ਪ੍ਰਵਾਸੀ ਪੰਜਾਬੀ ਸਾਹਿਤ ਆਲੋਚਨਾ ਦਾ ਹੈ ਉੱਥੇ ਇਸ ਤੋਂ ਇਲਾਵਾ ਉਨ੍ਹਾਂ ਨੇ ਸਿੱਖ ਇਤਿਹਾਸ ਤੇ ਦਰਸ਼ਨ, ਅਦਬੀ ਸ਼ਖ਼ਸੀਅਤਾਂ ਬਾਰੇ ਹਵਾਲਾ ਪੁਸਤਕਾਂ, ਜੀਵਨੀ ਮੂਲਕ ਪੁਸਤਕਾਂ ਵੀ ਸਾਹਿਤ ਜਗਤ ਦੀ ਝੋਲੀ ਪਾਈਆਂ ਹਨ। 

ਡਾ. ਹਰਚੰਦ ਸਿੰਘ ਬੇਦੀ ਨੂੰ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀ ਵਡਮੁੱਲੇ ਕਾਰਜਾਂ ਲਈ ਅਨੇਕਾਂ ਸੰਸਥਾਵਾਂ ਵੱਲੋਂ ਅਨੇਕਾਂ   ਮਾਣ-ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ।