ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਲੁਧਿਆਣਾ ਸ਼ਾਖਾ ਦਾ ਹੋਇਆ ਇਕੱਠ.

 

*ਨਵ-ਨਿਯੁਕਤ ਅਹੁਦੇਦਾਰਾਂ ਨੂੰ ਕੀਤਾ ਸਨਮਾਨਿਤ 

ਲੁਧਿਆਣਾ, 11 ਸਤੰਬਰ (  ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ-295, ਬਲਾਕ ਗਿੱਲ ਰੋਡ ਲੁਧਿਆਣਾ ਦਾ ਇਕ ਇਕੱਠ  ਬਲਾਕ ਪ੍ਰਧਾਨ ਡਾ: ਹਰਦੀਪ ਸਿੰਘ, ਸਕੱਤਰ ਡਾ: ਓਮ ਪ੍ਰਕਾਸ਼ ਯਾਦਵ ਅਤੇ ਵਿੱਤ ਸਕੱਤਰ ਡਾ: ਜਸਵੰਤ ਸਿੰਘ ਗੁਲਾਟੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਿਮਲਾਪੁਰੀ ਲੁਧਿਆਣਾ ਵਿਖੇ ਹੋਇਆ, ਜਿਸ ਵਿੱਚ  ਬਲਾਕ ਦੇ ਸਮੂਹ ਮੈਂਬਰਾਂ ਤੋਂ ਇਲਾਵਾ ਸੂਬਾ ਸਰਪ੍ਰਸਤ ਡਾ:  ਸੁਰਜੀਤ ਸਿੰਘ ਅਤੇ ਸੂਬਾ ਪ੍ਰੈਸ ਸਕੱਤਰ ਡਾ: ਚਮਕੌਰ ਸਿੰਘ  ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਇਸ ਮੌਕੇ ਨਾਮੀ ਪੱਤਰਕਾਰ  ਸੁਖਦੇਵ  ਸਲੇਮਪੁਰੀ ਉਚੇਚੇ ਤੌਰ 'ਤੇ ਸ਼ਾਮਲ ਹੋਏ। ਸਲੇਮਪੁਰੀ ਦੇ ਪਹੁੰਚਣ 'ਤੇ ਲੀਡਰਸ਼ਿਪ ਅਤੇ ਸਮੂਹ ਮੈਂਬਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।   ਇਸ ਮੌਕੇ  ਬਲਾਕ ਪ੍ਰਧਾਨ ਅਤੇ ਸਕੱਤਰ ਵੱਲੋਂ ਮੈਂਬਰਾਂ ਦੀਆਂ ਆਮ ਸਮੱਸਿਆਵਾਂ ' ਤੇ ਵਿਚਾਰ ਚਰਚਾ ਕਰਨ ਉਪਰੰਤ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਡਾ: ਸੁਰਜੀਤ ਸਿੰਘ ਨੇ ਦੱਸਿਆ ਕਿ ਸਲੇਮਪੁਰੀ ਪੰਜਾਬ ਦੇ ਸਾਹਿਤਕ  ਅਤੇ ਪੱਤਰਕਾਰਤਾ ਦੇ ਖੇਤਰ ਅੰਦਰ ਇੱਕ ਵਿਲੱਖਣ ਨਾਂ ਹੈ। ਆਪਣੀਆਂ ਲੋਕ ਪੱਖੀ ਨਜ਼ਮਾਂ, ਕਹਾਣੀਆਂ, ਲੇਖਾਂ ਅਤੇ "ਸਲੇਮਪੁਰੀ ਦੀ ਚੂੰਢੀ" ਵਰਗੀਆਂ ਵਿਅੰਗਆਤਮਕ ਰਚਨਾਵਾਂ ਆਦਿ ਰਾਹੀਂ ਉਹ ਸਮਾਜ ਅੰਦਰ ਸ਼ਾਨਦਾਰ  ਭੂਮਿਕਾ ਅਦਾ  ਕਰ ਰਹੇ ਹਨ। ਸਾਡੇ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਹੱਕ ਵਿੱਚ ਉਹ ਲੰਮੇ ਸਮੇਂ ਤੋਂ ਆਵਾਜ਼ ਉਠਾਉਂਦੇ ਆ ਰਹੇ ਹਨ। ਉਹਨਾਂ ਨੂੰ ਸਨਮਾਨਿਤ ਕਰਕੇ ਅਸੀਂ ਆਪਣੇ ਹਿੱਸੇ ਦਾ ਫਰਜ਼ ਅਦਾ ਕਰ ਰਹੇ ਹਾਂ।                           ਮੌਜੂਦਾ ਹਾਲਾਤਾਂ ਅੰਦਰ ਦਰਪੇਸ਼ ਚੁਣੌਤੀਆਂ ਬਾਰੇ ਗੱਲ ਕਰਦੇ ਹੋਏ ਉਹਨਾਂ ਦੱਸਿਆ ਕਿ ਆਪਣੇ ਮੰਗਾਂ ਮਸਲਿਆਂ ਲਈ ਜੂਝ ਰਹੇ ਲੋਕਾਂ ਦੀ ਆਵਾਜ਼ ਅਤੇ ਸੰਘਰਸ਼ਾਂ ਨੂੰ ਕੁਚਲਣ ਲਈ ਕਾਰਪੋਰੇਟ ਘਰਾਣਿਆਂ ਅਤੇ ਦੇਸੀ-ਵਿਦੇਸ਼ੀ ਕੰਪਨੀਆਂ ਦੀ ਰਖੇਲ ਮੋਦੀ ਸਰਕਾਰ ਵੱਲੋਂ ਅੰਗਰੇਜ਼ਾਂ ਦੇ ਸਮੇਂ ਦੇ ਕਾਲੇ ਕਾਨੂੰਨਾਂ ਨੂੰ ਹੋਰ ਵੀ ਜਾਬਰ ਬਣਾ ਕੇ ਲੋਕਾਂ ਉੱਪਰ ਠੋਸ ਦਿੱਤਾ ਗਿਆ ਹੈ। ਸੋ ਇਹਨਾਂ ਬਾਰੇ ਜਾਗਰੂਕ ਹੋਣਾ ਅਤੇ ਇਹਨਾਂ ਨੂੰ ਰੱਦ ਕਰਵਾਉਣ ਲਈ ਆਵਾਜ਼ ਉਠਾ ਰਹੇ ਜਥੇਬੰਦਕ ਹਲਕਿਆਂ  ਨਾਲ ਜੁੜ ਕੇ ਸਾਂਝੇ ਸੰਘਰਸ਼ਾਂ ਦੇ ਰਾਹ ਪੈਣਾ ਅੱਜ ਸਮੇਂ ਦੀ ਵੱਡੀ ਲੋੜ ਹੈ, ਜਦਕਿ ਡਾ: ਚਮਕੌਰ ਸਿੰਘ ਨੇ ਕਿਹਾ ਕਿ  ਜਥੇਬੰਦੀ ਵਲੋਂ ਆਪਣੀਆਂ ਮੰਗਾਂ ਦੇ ਸਬੰਧ ਵਿੱਚ  ਮਾਨ ਸਰਕਾਰ ਦੇ 85 ਤੋਂ ਵੱਧ ਵਿਧਾਇਕਾਂ ਨੂੰ ਪਿਛਲੇ ਸਮੇਂ ਅੰਦਰ ਵਾਰ ਵਾਰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਅਤੇ ਇਸ ਦੇ ਚੱਲਦਿਆਂ ਮਸਲਾ ਹੱਲ ਕਰਨ ਦੀ ਜ਼ੋਰਦਾਰ ਸਿਫਾਰਿਸ਼ ਕਰਦਿਆਂ ਵਿਧਾਨ ਸਭਾ ਅੰਦਰ ਚਾਰ ਪੰਜ ਵਿਧਾਇਕਾਂ ਵੱਲੋਂ ਵੀ ਆਵਾਜ਼ ਉਠਾਈ ਗਈ ਹੈ। ਜਿਨ੍ਹਾਂ ਦੀ ਜਥੇਬੰਦੀ ਹਮੇਸ਼ਾ ਧੰਨਵਾਦੀ ਰਹੇਗੀ ਪਰ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਪਿਛਲੀਆਂ ਸਭ ਸਰਕਾਰਾਂ ਵਾਂਗ ਮਾਨ ਸਰਕਾਰ ਨੇ ਵੀ ਆਪਣੇ ਢਾਈ ਸਾਲਾਂ ਦੇ ਰਾਜ ਅੰਦਰ ਮੈਡੀਕਲ ਪ੍ਰੈਕਟੀਸ਼ਨਰਜ਼ ਦਾ ਮਸਲਾ ਹੱਲ ਕਰਨ ਸਬੰਧੀ ਭੋਰਾ ਵੀ ਕਦਮ ਨਹੀਂ ਚੱਕਿਆ। ਉਲਟਾ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਅੰਦਰ ਸਿਹਤ ਮੰਤਰੀ ਡਾ :ਬਲਬੀਰ ਸਿੰਘ ਵੱਲੋਂ ਤਾਂ ਮੈਡੀਕਲ ਪ੍ਰੈਕਟੀਸ਼ਨਰਜ਼ ਦਾ ਮਸਲਾ ਹੱਲ ਕਰਨ ਤੋਂ ਕੋਰਾ ਇਨਕਾਰ ਹੀ ਕਰ ਦਿੱਤਾ ਗਿਆ ਹੈ, ਜਿਸ ਪਿੱਛੋਂ ਸਾ ਮੈਡੀਕਲ ਪ੍ਰੈਕਟੀਸ਼ਨਰਾਂ ਅੰਦਰ ਵਿਆਪਕ ਰੂਪ  ਵਿੱਚ ਰੋਸ ਅਤੇ ਰੋਹ ਪੈਦਾ ਕੀਤਾ ਹੈ। ਉਹਨਾਂ ਨੇ ਮੈਂਬਰਾਂ ਨੂੰ ਵੱਡੇ ਸੰਘਰਸ਼ ਲਈ ਤਿਆਰ ਹੋਣ ਦਾ ਸੱਦਾ ਦਿੱਤਾ।       ਇਸ ਮੌਕੇ   ਇਕੱਠ ਨੂੰ ਸੰਬੋਧਨ ਕਰਦਿਆਂ ਸਲੇਮਪੁਰੀ  ਨੇ  ਪੰਜਾਬ ਦੀਆਂ ਮੁਢਲੀਆਂ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਸਾਡੇ ਅਨਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਰਕਾਰਾਂ ਆਪਣੇ ਆਪ ਇਸ ਮਸਲੇ ਦਾ ਹੱਲ ਕਰਨ ਵਾਲੀਆਂ ਨਹੀਂ ਹਨ। ਇਸ ਖਾਤਰ ਸੰਘਰਸ਼ ਤੇ ਬਸ ਸੰਘਰਸ਼ ਹੀ ਇੱਕੋ ਇੱਕ ਸਹੀ ਰਸਤਾ ਹੈ।                  ਅੰਤ ਵਿੱਚ ਸਲੇਮਪੁਰੀ  ਨੂੰ ਸਮੁੱਚੇ ਬਲਾਕ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ।                           ਇਸ ਤੋਂ ਬਿਨਾਂ 29 ਜੁਲਾਈ ਅਗਸਤ 2024 ਨੂੰ ਮੋਗਾ ਵਿਖੇ ਹੋਏ ਸੂਬਾ ਇਜਲਾਸ ਅੰਦਰ ਲੁਧਿਆਣਾ ਜ਼ਿਲ੍ਹੇ ਤੋਂ ਡਾ: ਗੁਲਜੀਤ ਸਿੰਘ ਰਾਏਕੋਟ ਨੂੰ ਸੂਬਾ ਮੀਤ ਪ੍ਰਧਾਨ ਅਤੇ ਡਾਕਟਰ ਚਮਕੌਰ ਸਿੰਘ ਨੂੰ ਸੂਬਾ ਪ੍ਰੈੱਸ ਸਕੱਤਰ ਵਜੋਂ ਚੁਣਿਆ ਗਿਆ ਅਤੇ ਜਥੇਬੰਦੀ ਦੇ ਫਾਊਂਡਰ ਆਗੂ ਡਾ: ਸੁਰਜੀਤ ਸਿੰਘ ਨੂੰ ਉਹਨਾਂ ਦੀਆਂ ਲਗਭਗ ਤਿੰਨ ਦਹਾਕਿਆਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਆ ਜੀਵਨ ਮੈਂਬਰਸ਼ਿਪ ਅਤੇ ਸੂਬਾ ਸਰਪਰਸਤ ਵਜੋਂ ਸਨਮਾਨ ਦਿੱਤਾ ਗਿਆ, ਜਿਸ ਕਰਕੇ ਬਲਾਕ ਐਗਜੈਕਟਿਵ ਕਮੇਟੀ ਵੱਲੋਂ ਡਾ: ਸੁਰਜੀਤ ਸਿੰਘ ਅਤੇ ਡਾ: ਚਮਕੌਰ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਾਕ ਸਰਪ੍ਰਸਤ ਡਾ: ਹੀਰਾ ਲਾਲ, ਆਫਿਸ ਸਕੱਤਰ ਡਾ: ਕੇਦਾਰ ਸਿੰਘ, ਜੋਇੰਟ ਸਕੱਤਰ ਡਾ: ਪ੍ਰਮੋਦ ਕੁਮਾਰ ਅਤੇ ਡਾ: ਇਸਮਾਈਲ ਅੰਸਾਰੀ ਵੀ ਹਾਜ਼ਰ ਸਨ। ਇਸ ਮੌਕੇ ਪ੍ਰਬੰਧ ਅਫ਼ਸਰ ਪਰਮਜੀਤ ਕੌਰ ਸਲੇਮਪੁਰੀ ਵੀ ਹਾਜ਼ਰ ਸਨ।