ਦੋਸ਼ੀ ਕੌਣ? / ਡਾ : ਰਵਿੰਦਰ ਕੌਰ ਭਾਟੀਆ .

 

ਅਸੀਂ ਹਰ ਗੱਲ ਦਾ ਦੋਸ਼ ਸਮਾਜ ਉੱਤੇ ਮੜ੍ਹ ਦੇਂਦੇ ਹਾਂ। ਕੀ ਅਸੀਂ ਸਮਾਜ ਦਾ ਹਿੱਸਾ ਨਹੀਂ ਹਾਂ? ਕੀ ਸਮਾਜ ਵਿਚ ਅਸੀਂ ਨਹੀਂ ਰਹਿੰਦੇ ?ਅਸੀਂ ਹਰ ਗੱਲ ਦਾ ਦੋਸ਼ ਦੂਜਿਆਂ ਤੇ ਲਾ ਕੇ ਆਪ ਛੁੱਟ ਜਾਂਦੇ ਹਾਂ।ਦੂਜਿਆਂ ਦੀਆਂ ਗਲਤੀਆਂ ਕੱਢਦੇ ਹਾਂ।ਜਦ ਕਿ ਓਹਨਾਂ ਸਭ ਨੂੰ ਕਰਨ ਵਾਲੇ ਅਸੀਂ ਆਪ ਵੀ ਹੁੰਦੇ ਹਾਂ।

     ਅਸੀਂ ਜਦੋਂ ਆਪਣੇ ਆਪ ਨੂੰ ਬਦਲਾਂਗੇ ਤਾਂ ਹੀ ਸਮਾਜ ਬਦਲੇਗਾ।ਧੀਆਂ ਦੀ ਬੇਪੱਤੀ ਹੋਣ ਦੇ ਜਿੰਮੇਦਾਰ ਵੀ ਅਸੀਂ ਆਪ ਹਾਂ। ਅਸੀਂ ਧੀ ਦੇ ਪੈਦਾ ਹੁੰਦੇ ਹੀ ਕਹਿੰਦੇ ਹਾਂ,ਇਹਨੇ ਤੇ ਅੱਗਲੇ ਘਰ ਜਾਣਾ।ਓਹਦੇ ਦਿਲ ਵਿਚ ਸ਼ੁਰੂ ਤੋਂ ਹੀ ਗੰਢ ਬਝ ਜਾਂਦੀ ਹੈ,ਕਿ ਇਹ ਮੇਰਾ ਘਰ ਨਹੀਂ।ਓਹ ਹੀਨ ਭਾਵਨਾ ਦਾ ਸ਼ਿਕਾਰ ਹੋ ਜਾਂਦੀ ਹੈ।

      ਇਸ ਦੇ ਉਲਟਾ ਪੁੱਤਰ ਦੇ ਪੈਦਾ ਹੋਣ ਤੇ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ।ਅਸੀਂ ਕਹਿੰਦੇ ਹਾਂ ਘਰ ਦਾ ਵਾਰਿਸ ਆ ਗਿਆ।ਉਸਨੂੰ ਹਰ ਗੱਲ ਦੀ ਛੂਟ ਦਿੱਤੀ ਜਾਂਦੀ ਹੈ।ਓਹ ਭਾਵੇਂ ਸਾਰਾ ਦਿਨ ਬਾਹਰ ਧੱਕੇ ਖਾਵੇ,ਕੁਝ  ਨਹੀਂ ਕਿਹਾ ਜਾਂਦਾ।ਰਾਤ ਨੂੰ ਦੇਰ ਨਾਲ ਆਵੇ ਤਾਂ ਵੀ ਚੁੱਪ ਰਹਿੰਦੇ ਹਾਂ।ਜੇਕਰ ਕਿਸੇ ਕੁੜੀ ਨਾਲ ਛੇੜਛਾੜ ਕਰਕੇ ਆਵੇ ਤਾਂ ਵੀ ਖੁਸ਼ ਹੁੰਦੇ ਹਾਂ ਕਿਉਂਕਿ ਉਹ ਕਿਹੜਾ ਸਾਡੀ ਧੀ ਹੈ।ਇਸ ਵਿਚ ਸਭ ਤੋਂ ਜ਼ਿਆਦਾ ਹੱਥ ਮਾਵਾਂ ਦਾ ਹੁੰਦਾ ਹੈ।ਇਸ ਸਭ ਦਾ ਇਹ ਨਤੀਜਾ ਹੁੰਦਾ ਹੈ ਕਿ ਪੁੱਤਰ ਵਿਗੜ ਜਾਂਦਾ ਹੈ।ਓਹ ਬਾਹਰ ਜਾ ਕੇ ਕੁੱਝ ਵੀ ਕਰਨ ਲੱਗ ਪੈਂਦਾ ਹੈ।

       ਇਸ ਸਭ ਦਾ ਨਤੀਜਾ ਇਹ ਹੁੰਦਾ ਹੈ ਕਿ ਓਹ ਕਿਸੇ ਦੀ ਵੀ ਧੀ ਭੈਣ ਨਾਲ ਇਕ ਦਿਨ ਜਬਰਦਸਤੀ ਕਰਨ ਤੇ ਵੀ ਉਤਾਰੂ ਹੋ ਜਾਂਦਾ ਹੈ।ਬਲਾਤਕਾਰੀ ਤੇ ਬਦਮਾਸ਼ ਬਣਾਉਣ ਵਿੱਚ ਘਰ ਵਾਲਿਆਂ ਦਾ ਹੀ ਹੱਥ ਹੁੰਦਾ।ਜੇਕਰ ਸ਼ੁਰੂ ਤੋਂ ਹੀ ਪੁੱਤਰ ਨੂੰ ਚੰਗੀ ਸ਼ਿਖਸ਼ਾ ਦਿੱਤੀ ਜਾਵੇ ।ਉਸ ਨੂੰ ਦੀ ਭੈਣ ਦੀ ਇੱਜ਼ਤ ਕਰਨੀ ਸਿਖਾਈ ਜਾਵੇ ।ਧੀਆਂ ਨੂੰ ਬਰਾਬਰੀ ਦੀ ਜਗ੍ਹਾ ਦਿੱਤੀ ਜਾਵੇ ਤਾਂ ਕੁੱਝ ਕੂ ਹੱਦ ਤੱਕ ਸਮਾਜ ਵਿਚ ਬਦਲਾਅ ਆ ਸਕਦਾ ਹੈ।ਜੇਕਰ ਅਸੀਂ ਆਪਣੇ ਆਪ ਨੂੰ ਬਦਲ ਕੇ ਧੀਆਂ ਦੀ ਕਦਰ ਕਰਾਂਗੇ ਤਾਂ ਹੀ ਦੂਜੇ ਵੀ ਕਦਰ ਕਰਨਗੇ।

      ਧੀਆਂ ਤੋਂ ਬਿਨਾਂ ਨਾ ਤਾਂ ਦੁਨੀਆਂ ਬਣ ਸਕਦੀ ਤੇ ਨਾ ਹੀ ਕੋਈ ਸਮਾਜ।ਕਿਉਂਕਿ ਜੇਕਰ ਧੀ ਹੀ ਪੈਦਾ ਨਹੀਂ ਹੋਏਗੀ ਤਾਂ ਪੁੱਤਰ ਕਿੱਥੋਂ ਹੋਣਗੇ।

       ਇਸ ਲਈ ਸਮਾਜ ਨੂੰ ਵੀ ਬਦਲਣ ਦੀ ਲੋੜ ਹੈ ਤੇ ਸਰਕਾਰੀ ਕਾਨੂੰਨਾਂ ਨੂੰ ਵੀ।ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਜੇਕਰ ਕਿਸੇ ਦੀ ਧੀ ਭੈਣ ਦੀ ਬੇਪੱਤੀ ਕੋਈ ਕਰਦਾ ਹੈ ਤਾਂ ਓਹਨੂੰ ਏਨੀ ਕੜੀ ਸਜ਼ਾ ਦਿੱਤੀ ਜਾਵੇ ਤਾਂ ਕੋਈ ਹੋਰ ਐਸਾ ਕੰਮ ਨਾ ਕਰ ਸਕੇ।

      ਡਾ. ਰਵਿੰਦਰ ਕੌਰ ਭਾਟੀਆ