ਵੈਟਨਰੀ ਯੂਨੀਵਰਸਿਟੀ ਵੱਲੋਂ ਤਿੰਨ ਅਗਾਂਹਵਧੂ ਕਿਸਾਨਾਂ ਨੂੰ ਦਿੱਤਾ ਗਿਆ ਮੁੱਖ ਮੰਤਰੀ ਪੁਰਸਕਾਰ.

 


ਲੁਧਿਆਣਾ 13 ਸਤੰਬਰ ਗੁਰੂ  ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪਸ਼ੂ ਪਾਲਣ ਕਿੱਤਿਆਂ ਵਿੱਚ ਨਿਵੇਕਲੀ ਕਾਰਗੁਜ਼ਾਰੀ ਵਿਖਾਉਣ ਵਾਲੇ ਤਿੰਨ ਅਗਾਂਹਵਧੂ ਕਿਸਾਨਾਂ ਨੂੰ ਅੱਜ ਪਸ਼ੂ ਪਾਲਣ ਮੇਲੇ ਵਿਚ ਮੁੱਖ ਮੰਤਰੀ ਪੁਰਸਕਾਰ ਭੇਟ ਕੀਤੇ ਗਏ। ਉਨ੍ਹਾਂ ਨੂੰ ਇਹ ਪੁਰਸਕਾਰ ਬੜੇ ਪ੍ਰਭਾਵਸ਼ਾਲੀ ਸਮਾਰੋਹ ਵਿਚ ਸ. ਗੁਰਮੀਤ ਸਿੰਘ ਖੁੱਡੀਆਂ, ਕੈਬਨਿਟ ਮੰਤਰੀ, ਪੰਜਾਬ, ਖੇਤੀਬਾੜੀ, ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਫੂਡ ਪ੍ਰਾਸੈਸਿੰਗ ਨੇ ਵੈਟਨਰੀ ਯੂਨੀਵਰਸਿਟੀ ਮੇਲਾ ਗਰਾਊਂਡ ਵਿਖੇ ਪ੍ਰਦਾਨ ਕੀਤੇ। 


ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ, ਨੇ ਪੁਰਸਕਾਰਾਂ ਬਾਰੇ ਦੱਸਦਿਆਂ ਕਿਹਾ ਕਿ ਪਸ਼ੂ ਪਾਲਣ ਕਿੱਤਿਆਂ ਨੂੰ ਉਤਸਾਹਿਤ ਕਰਨ ਲਈ ਪੰਜਾਬ ਦੇ ਸਮੂਹ ਕਿਸਾਨਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਪ੍ਰਾਪਤ ਹੋਈਆਂ ਅਰਜ਼ੀਆਂ ਦੀ ਮੁਢਲੀ ਜਾਂਚ ਪੜਤਾਲ ਤੋਂ ਬਾਅਦ ਯੂਨੀਵਰਸਿਟੀ ਦੇ ਮਾਹਿਰਾਂ ਦੀ ਟੀਮ ਨੇ ਵੱਖ ਵੱਖ ਫਾਰਮਾਂ ਦਾ ਦੌਰਾ ਕੀਤਾ ਅਤੇ ਪਸ਼ੂ ਪਾਲਕਾਂ ਵੱਲੋਂ ਅਪਣਾਈਆਂ ਜਾਣ ਵਾਲੀਆਂ ਨਵੀਨਤਮ ਤੇ ਆਪਣੇ ਤੌਰ `ਤੇ ਵਿਕਸਿਤ ਤਕਨੀਕਾਂ ਦਾ ਬਾਰੀਕੀ ਨਾਲ ਮੁਆਇਨਾ ਕਰਨ ਉਪਰੰਤ ਗਾਂਵਾਂ ਪਾਲਣ ਦੀ ਸ਼੍ਰੇਣੀ ਵਿਚ ਸ. ਹਰਪ੍ਰੀਤ ਸਿੰਘ, ਪੁੱਤਰ ਸ. ਲਖਬੀਰ ਸਿੰਘ, ਪਿੰਡ ਸੋਹਲ, ਜ਼ਿਲ੍ਹਾ ਤਰਨਤਾਰਨ ਨੂੰ ਸਨਮਾਨ ਪ੍ਰਦਾਨ ਕੀਤਾ ਗਿਆ। ਉਨ੍ਹਾਂ ਕੋਲ 145 ਗਾਂਵਾਂ ਹਨ ਤੇ ਉਨ੍ਹਾਂ ਦੇ ਫਾਰਮ ’ਤੇ ਰੋਜ਼ਾਨਾ 12.5 ਕਵਿੰਟਲ ਦੁੱਧ ਦਾ ਉਤਪਾਦਨ ਹੁੰਦਾ ਹੈ। ਉਨ੍ਹਾਂ ਨੇ ਆਧੁਨਿਕ ਮਿਲਕਿੰਗ ਪਾਰਲਰ ਲਗਾਇਆ ਹੋਇਆ ਹੈ ਅਤੇ ਟੈਗ ਲਗਾ ਕੇ ਸਾਰੇ ਜਾਨਵਰਾਂ ਦੀ ਗਤੀਵਿਧੀ ਰਿਕਾਰਡ ਕਰਦੇ ਹਨ। ਰਹਿੰਦ-ਖੂੰਹਦ ਪ੍ਰਬੰਧਨ ਲਈ ਵੀ ਆਟੋਮੈਟਿਕ ਮਸ਼ੀਨ ਲਗਾਈ ਹੋਈ ਹੈ।


ਮੁਰਗੀ ਪਾਲਣ ਸ਼੍ਰੇਣੀ ਵਿਚ ਸ. ਗੁਰਦਰਸ਼ਨ ਸਿੰਘ ਟਿਵਾਣਾ, ਪੁੱਤਰ ਸ. ਮਲਕੀਤ ਸਿੰਘ, ਪਿੰਡ ਚਨਾਰਥਲ ਖੁਰਦ, ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ 2004 ਵਿਚ ਬਰਾਇਲਰ ਫਾਰਮਿੰਗ ਸ਼ੁਰੂ ਕੀਤੀ ਹੁਣ ਉਹ ਸਾਲ ਵਿਚ 60000 ਬਰਾਲਿੲਰ ਦੇ 6 ਬੈਚ ਤਿਆਰ ਕਰਦੇ ਹਨ ਯਾਨਿ 3.5 ਲੱਖ ਤੋਂ ਵੱਧ ਬਰਾਇਲਰ ਪੈਦਾ ਹੁੰਦੇ ਹਨ। ਰੋਗਾਂ ਤੋਂ ਬਚਾਉਣ ਲਈ ਉਨ੍ਹਾਂ ਨੇ ਜੈਵਿਕ ਸੁਰੱਖਿਆ ਢਾਂਚਾ ਵੀ ਲਗਾਇਆ ਹੋਇਆ ਹੈ।


ਗੁਣਵੱਤਾ ਭਰਪੂਰ ਉਤਪਾਦ ਬਨਾਉਣ ਦੀ ਸ਼੍ਰੇਣੀ ਵਿਚ ਸ਼੍ਰੀ ਕੁਲਜਸ ਰਾਏ ਅਰੋੜਾ ਪੁੱਤਰ ਸ਼੍ਰੀ ਮੋਹਨ ਲਾਲ, ਵਾਸੀ ਪਿੰਡ ਵਡਾਲਾ ਵੀਰਮ, ਜ਼ਿਲ੍ਹਾ ਅੰਮ੍ਰਿਤਸਰ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ 1975 ਵਿਚ 1000 ਪੰਛੀਆਂ ਨਾਲ ਮੁਰਗੀ ਪਾਲਣ ਸ਼ੁਰੂ ਕੀਤਾ ਅਤੇ 2017 ਵਿਚ ਉਨ੍ਹਾਂ ਨੇ ਆਪਣੇ ਉਤਪਾਦਾਂ ਦੀ ਪ੍ਰਾਸੈਸਿੰਗ ਸ਼ੁਰੂ ਕੀਤੀ ਜਿਸ ਵਿਚ ਉਹ ਹਰ ਮਹੀਨੇ 618 ਟਨ ਮੀਟ ਅਤੇ 49 ਟਨ ਗੁਣਵੱਤਾ ਭਰਪੂਰ ਉਤਪਾਦ ਜਿਵੇਂ ਸਾਸੇਜ਼, ਨਗਟਸ ਅਤੇ ਸੀਖ ਕਬਾਬ ਆਦਿ ਦੀ ਮੰਡੀਕਾਰੀ ਕਰਦੇ ਹਨ। ਉਨ੍ਹਾਂ ਕੋਲ 245 ਕਰਮਚਾਰੀ ਕਰਦੇ ਹਨ।


ਡਾ. ਬਰਾੜ ਨੇ ਦੱਸਿਆ ਕਿ ਪੁਰਸਕਾਰ ਵਿਚ ਨਗਦ ਇਨਾਮ ਤੋਂ ਇਲਾਵਾ ਸਨਮਾਨ ਪੱਤਰ, ਸ਼ਾਲ ਅਤੇ ਸਜਾਵਟੀ ਤਖ਼ਤੀ ਪ੍ਰਦਾਨ ਕੀਤੀ ਗਈ