21 ਅਕਤੂਬਰ ਨੂੰ ਡਾ. ਏ.ਵੀ.ਐਮ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਵਿਖੇ ਹੋਵੇਗਾ 46ਵਾਂ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ .

 

20 ਅਕਤੂਬਰ ਨੂੰ ਪੰਜਾਬੀ ਭਵਨ ਵਿਖੇ ਕਰਵਾਇਆ ਜਾਵੇਗਾ ਸੈਮੀਨਾਰ; ਮੇਲੇ ਦੀਆਂ ਤਿਆਰੀਆਂ ਸਬੰਧੀ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੀ ਹੋਈ ਮੀਟਿੰਗ


ਲੁਧਿਆਣਾ (ਇੰਦਰਜੀਤ) : ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਸ. ਜਗਦੇਵ ਸਿੰਘ ਜੱਸੋਵਾਲ ਯਾਦਗਾਰੀ 46ਵਾਂ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ 21 ਅਕਤੂਬਰ 2024 ਨੂੰ ਲੁਧਿਆਣਾ ਦੀ ਈਸਾ ਨਗਰੀ ਪੁੱਲੀ ਨੇੜੇ ਡਾ. ਏ.ਵੀ.ਅਮ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਵਿਖੇ ਮਨਾਇਆ ਜਾ ਰਿਹਾ ਹੈ। ਜਦਕਿ ਇਸ ਤੋਂ ਪਹਿਲਾਂ 20 ਅਕਤੂਬਰ 2024  ਨੂੰ ਪੰਜਾਬੀ ਭਵਨ ਵਿਖੇ ਇੱਕ ਸੈਮੀਨਾਰ ਵੀ ਹੋਵੇਗਾ। ਮੇਲੇ ਦੀਆਂ ਤਿਆਰੀਆਂ ਸਬੰਧੀ ਇੱਕ ਮੀਟਿੰਗ ਅੱਜ ਸਵ. ਸ. ਜਗਦੇਵ ਸਿੰਘ ਜੱਸੋਵਾਲ ਦੇ ਘਰ (ਆਲ੍ਹਣਾ), ਗੁਰਦੇਵ ਨਗਰ ਵਿਖੇ ਹੋਈ।

ਫਾਉਂਡੇਸ਼ਨ ਦੇ ਸਰਪਰਸਤ ਸ. ਪ੍ਰਗਟ ਸਿੰਘ ਗਰੇਵਾਲ, ਪ੍ਰੋ. ਡਾ. ਗੁਰਭਜਨ ਸਿੰਘ ਗਿੱਲ ਅਤੇ ਪ੍ਰਧਾਨ ਰਾਜੀਵ ਕੁਮਾਰ ਲਵਲੀ ਦੀ ਪ੍ਰਧਾਨਗੀ ਅਤੇ ਚੇਅਰਮੈਨ ਸ. ਗੁਰਨਾਮ ਸਿੰਘ ਧਾਲੀਵਾਲ, ਸਕੱਤਰ ਜਨਰਲ ਡਾ. ਨਿਰਮਲ ਜੌੜਾ ਤੇ ਸਵਾਗਤੀ ਕਮੇਟੀ ਦੇ ਚੇਅਰਮੈਨ ਸ. ਅਮਰਿੰਦਰ ਸਿੰਘ ਜੱਸੋਵਾਲ ਦੇ ਪ੍ਰਬੰਧਾਂ ਹੇਠ ਹੋਈ ਮੀਟਿੰਗ ਦੀ ਸ਼ੁਰੂਆਤ ਸਦੀਵੀ ਵਿਛੋੜਾ ਦੇ ਗਈਆਂ ਮਹਾਨ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਦੋ ਮਿੰਟ ਦੇ ਮੋਨ ਨਾਲ ਹੋਈ। ਇਸ ਮੌਕੇ ਪ੍ਰਸਿੱਧ ਸਾਹਿਤਕਾਰ ਡਾ. ਸੁਰਜੀਤ ਪਾਤਰ, ਗੀਤਕਾਰ ਚਤਰ ਸਿੰਘ ਪਰਵਾਨਾ, ਗਾਇਕ ਸੁਰਿੰਦਰ ਛਿੰਦਾ, ਐਂਕਰ ਗੀਤਕਾਰ ਸਰਬਜੀਤ ਸਿੰਘ ਬਿਰਦੀ, ਸਾਹਿਤਕਾਰ ਵਿਦਵਾਨ ਡਾ. ਈਸ਼ਰ ਸਿੰਘ ਸੋਬਤੀ, ਫਾਊਂਡੇਸ਼ਨ ਦੇ ਸਰਪ੍ਰਸਤ ਮਾਸਟਰ ਸਾਧੂ ਸਿੰਘ ਤੇ ਕਹਾਣੀਕਾਰ ਸੁਖਜੀਤ ਸਿੰਘ ਮਾਛੀਵਾੜਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।

ਮੇਲੇ ਦੀਆਂ ਤਿਆਰੀਆਂ ਸਬੰਧੀ ਜਾਣਕਾਰੀ ਦਿੰਦੇ ਹੋਏ, ਫਾਊਂਡੇਸ਼ਨ ਦੇ ਪ੍ਰਧਾਨ ਰਾਜੀਵ ਕੁਮਾਰ ਲਵਲੀ, ਸਕੱਤਰ ਜਨਰਲ ਡਾ. ਨਿਰਮਲ ਜੌੜਾ, ਚੇਅਰਮੈਨ ਗੁਰਨਾਮ ਸਿੰਘ ਧਾਲੀਵਾਲ ਅਤੇ ਸਵਾਗਤੀ ਕਮੇਟੀ ਦੇ ਚੇਅਰਮੈਨ ਅਮਰਿੰਦਰ ਸਿੰਘ ਜੱਸੋਵਾਲ ਨੇ ਦੱਸਿਆ ਕਿ 21 ਅਕਤੂਬਰ ਨੂੰ ਡਾ. ਏ.ਵੀ.ਐਮ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਨੇੜੇ ਈਸਾ ਨਗਰੀ ਪੁੱਲੀ ਵਿਖੇ ਹੋਣ ਵਾਲੇ ਮੇਲੇ ਦੌਰਾਨ ਲੋਕਾਂ ਨੂੰ ਪੰਜਾਬੀ ਸੱਭਿਆਚਾਰ ਦੇ ਖੁੱਲ੍ਹੇ ਦਰਸ਼ਨ ਹੋਣਗੇ। ਮੇਲਾ ਸਵੇਰੇ ਕਰੀਬ 10.30 ਵਜੇ ਸ਼ੁਰੂ ਹੋ ਕੇ ਦੇਰ ਸ਼ਾਮ ਤੱਕ ਚੱਲੇਗਾ। ਇਸ ਦੌਰਾਨ ਲੋਕ ਗਾਇਕੀ ਦਾ ਖੁੱਲਾ ਅਖਾੜਾ ਲੱਗੇਗਾ, ਜਿਸ ਵਿੱਚ ਪੰਜਾਬ ਦੇ ਉੱਘੇ ਲੋਕ ਕਲਾਕਾਰ ਆਪਣੀ ਪੇਸ਼ਕਾਰੀ ਕਰਨਗੇ ਅਤੇ ਸਕੂਲ ਦੇ ਬੱਚਿਆਂ ਵੱਲੋਂ ਵੀ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਜਾਣਗੀਆਂ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਇਹ ਵੀ ਫੈਸਲਾ ਕੀਤਾ ਗਿਆ ਕਿ ਮੇਲੇ ਦੌਰਾਨ ਵੱਖ-ਵੱਖ ਕਿੱਤਿਆਂ ਵਿੱਚੋਂ ਨਾਮਣਾ ਖੱਟਣ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ, ਜਿਨ੍ਹਾਂ ਦੀ ਚੋਣ ਲਈ ਡਾ. ਨਿਰਮਲ ਜੋੜਾ, ਰਿਟਾਇਰਡ ਐਸ.ਪੀ ਪ੍ਰਿਥੀਪਾਲ ਸਿੰਘ ਤੇ ਸ. ਪ੍ਰਗਟ ਸਿੰਘ ਗਰੇਵਾਲ ਦੀ ਸ਼ਮੂਲੀਅਤ ਵਾਲੀ ਇਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ ਹੋਰ ਸਾਥੀਆਂ ਦੀ ਸਲਾਹ ਨਾਲ ਸਨਮਾਨਿਤ ਸ਼ਖਸੀਅਤਾਂ ਦੀ ਚੋਣ ਕਰੇਗੀ। ਇਸ ਤੋਂ ਇਲਾਵਾ, ਸਰਬਸੰਮਤੀ ਨਾਲ ਫਾਉਂਡੇਸ਼ਨ ਦੀ ਮਹਿਲਾ ਵਿੰਗ ਦੀ ਸਥਾਪਨਾ ਕਰਨ ਦਾ ਵੀ ਫੈਸਲਾ ਕੀਤਾ ਗਿਆ।

ਇਸੇ ਤਰ੍ਹਾਂ, 20 ਅਕਤੂਬਰ ਦਿਨ ਐਤਵਾਰ ਨੂੰ ਪੰਜਾਬੀ ਸਾਹਿਤ ਅਕੈਡਮੀ ਦੇ ਸਹਿਯੋਗ ਨਾਲ ਪੰਜਾਬੀ ਭਵਨ ਵਿਖੇ ਇੱਕ ਸੈਮੀਨਾਰ ਕਵੀ ਦਰਬਾਰ ਤੇ ਪੁਰਾਤਨ ਗਾਇਕੀ ਦਾ ਆਯੋਜਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ, ਪੰਜਾਬੀ ਭਵਨ ਵਿਖੇ ਪ੍ਰੋਫੈਸਰ ਮੋਹਨ ਸਿੰਘ ਜੀ  ਦੇ ਬੁੱਤ ਤੇ ਪੁਸ਼ਪ ਮਾਲਾ ਵੀ ਭੇਂਟ ਕੀਤੀ ਜਾਵੇਗੀ।

ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ, ਮਨਿੰਦਰ ਸਿੰਘ ਥਿੰਦ, ਰਜਿੰਦਰ ਸਿੰਘ ਫਾਈਨਟੋਨ, ਹਰਨੇਕ ਸਿੰਘ ਗਰੇਵਾਲ ਰਾਏਕੋਟ, ਮਨੀ ਗਰੇਵਾਲ, ਸੰਦੀਪ ਸਿੰਘ ਰੁਪਾਲੋ, ਅਮਰਜੀਤ ਸਿੰਘ ਸ਼ੇਰਪੁਰੀ, ਪ੍ਰਤੀਕ ਇੰਦਰ ਸਿੰਘ ਗਰੇਵਾਲ, ਬਲਵਿੰਦਰ ਸਿੰਘ ਗਰੇਵਾਲ, ਕਰਮਜੀਤ ਸਿੰਘ ਗਰੇਵਾਲ, ਹਰਬਰਿੰਦਰ ਪਾਲ ਸਿੰਘ ਜਸੋਵਾਲ, ਦਿਲਬਾਗ ਸਿੰਘ ਖਤਰਾਏ ਕਲਾਂ, ਆਤਮਾ ਬੁੱਢੇਵਾਲੀਆ, ਗੌਰਵ ਮਹਿੰਦਰੂ, ਤਨਿਸ਼ਕ ਕਨੌਜੀਆ, ਬਲਵਿੰਦਰ ਸਿੰਘ ਗੋਲਡੀ ਵੀ ਮੌਜੂਦ ਰਹੇ।