ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵੱਲੋਂ 'ਸਾਡਾ ਰੁਜਗਾਰ-ਸਾਡਾ ਅਧਿਕਾਰ' ਮਿਸ਼ਨ ਤਹਿਤ ਸ਼ਹੀਦ ਭਗਤ ਸਿੰਘ ਦੀ ਜਨਮ ਸ਼ਤਾਬਦੀ ਮਨਾਉਣ ਦਾ ਸੱਦਾ .

 

ਲੁਧਿਆਣਾ, 22 ਸਤੰਬਰ  (ਤਮੰਨਾ) : ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295 ਮੁੱਖ ਦਫਤਰ ਨੇੜੇ ਟੀ. ਵੀ. ਟਾਵਰ ਬਠਿੰਡਾ ਦੇ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ , ਸੂਬਾ ਜਨਰਲ ਸਕੱਤਰ ਡਾ: ਗੁਰਮੇਲ ਸਿੰਘ ਮਾਛੀਕੇ ,ਚੇਅਰਮੈਨ ਡਾ ਐਚ. ਐਸ. ਰਾਣੂ, ਸਰਪ੍ਰਸਤ ਡਾ: ਸੁਰਜੀਤ ਸਿੰਘ ਲੁਧਿਆਣਾ , ਸੂਬਾ ਕੈਸੀਅਰ ਡਾ: ਰਾਕੇਸ਼ ਕੁਮਾਰ ਮਹਿਤਾ, ਲੀਗਲ ਐਡਵਾਈਜ਼ਰ  ਡਾ: ਜਸਵਿੰਦਰ ਭੋਗਲ ਅਤੇ  ਪ੍ਰੈਸ ਸਕੱਤਰ ਚਮਕੌਰ ਸਿੰਘ ਨੇ ਦੱਸਿਆ ਕਿ  ਜਥੇਬੰਦੀ ਵੱਲੋਂ ਆਪਣੀ ਪਿਰਤ ਅਨੁਸਾਰ ਪੂਰੇ ਪੰਜਾਬ ਅੰਦਰ ਜ਼ਿਲਾ / ਬਲਾਕ ਪੱਧਰ 'ਤੇ 'ਸਾਡਾ ਰੁਜ਼ਗਾਰ- ਸਾਡਾ ਅਧਿਕਾਰ' ਮਿਸ਼ਨ ਤਹਿਤ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਜਾਗਰੂਕਤਾ ਸੈਮੀਨਾਰ ਖੂਨ ਦਾਨ ਕੈਂਪ ਆਦਿ ਲਗਵਾ ਕੇ ਪੰਜਾਬ ਦੇ ਸਮੂਹ ਮੈਡੀਕਲ ਪ੍ਰੈਕਟੀਸ਼ਨਰਜ਼ ਨੂੰ ਮਨਾਉਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਜਿਹੜੇ ਸੁਪਨਿਆਂ ਨੂੰ ਲੈਕੇ ਸਾਡੇ ਦੇਸ਼ ਭਗਤਾਂ ਨੇ ਜੇਲ੍ਹਾਂ ਕੱਟੀਆਂ ਅਤੇ ਜਾਨਾਂ ਵਾਰੀਆਂ ਦੇਸ਼ ਦੇ ਲੋਕ ਸਹੀ ਰੂਪ ਵਿੱਚ ਅਜਾਦੀ ਦਾ ਨਿੱਘ ਮਾਣ ਸਕਣ ਹਰ ਇੱਕ ਲਈ ਸਿਹਤ ਸਿੱਖਿਆ ਅਤੇ ਰੁਜਗਾਰ ਦਾ ਪ੍ਰਬੰਧ ਹੋਵੇ ਅਤੇ ਮੁੱਢਲੀਆਂ ਲੋੜਾਂ ਕੁੱਲੀ ਗੁੱਲੀ ਅਤੇ ਜੁੱਲੀ ਦੀ ਪੂਰਤੀ ਹੋਵੇ, ਪਰ ਅਜਾਦੀ ਦੇ 77 ਸਾਲ ਬੀਤ ਜਾਣ ਦੇ ਬਾਵਜੂਦ ਦੇਸ਼ ਦੇ ਕਰੋੜਾਂ ਲੋਕ ਰੱਜਵੀਂ ਰੋਟੀ ਤੋਂ ਵਾਂਝੇ ਹਨ। ਤਨ ਉਪਰ ਕੱਪੜੇ ਦੀ ਅਣਹੋਂਦ ਅਤੇ ਖੁੱਲੇ ਅਸਮਾਨ ਹੇਠਾਂ ਨਰਕਮਈ ਜੀਵਨ ਬਤੀਤ ਕਰ ਰਹੇ ਹਨ। ਦੂਜੇ ਪਾਸੇ ਸਮੇਂ ਦੀਆਂ ਸਰਕਾਰਾਂ ਵੱਲੋਂ ਦੇਸ਼ ਵਿੱਚ ਨਿੱਜੀਕਰਨ ਨਿਗਮੀਕਰਨ ਉਦਾਰੀਕਰਨ ਦੀਆਂ ਨੀਤੀਆਂ ਰਾਹੀਂ ਦੇਸ ਦੇ ਕੁਦਰਤੀ ਖਜ਼ਾਨਿਆਂ ਨੂੰ ਕਾਰਪੋਰੇਟ ਘਰਾਣਿਆਂ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਪਬਲਿਕ ਅਦਾਰਿਆਂ ਨੂੰ ਨਿੱਜੀ ਹੱਥਾਂ ਵਿੱਚ  ਸੌਂਪਿਆ ਜਾ ਰਿਹਾ ਹੈ। ਇਸ ਲਈ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਲੜਨ ਲਈ ਅਤੇ ਸਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਉਹਨਾਂ ਦੇ ਜਨਮ ਦਿਨ ਤੇ ਸ਼ਹੀਦੀ ਦਿਨ ਮਨਾਉਣੇ  ਅਤੇ ਉਨ੍ਹਾਂ ਦੀ ਜੀਵਨ ਘਾਲਣਾ ਤੋਂ ਸੇਧ ਲੈਕੇ ਅੱਗੇ ਵਧਣਾ ਸਮੇਂ ਦੀ ਅਹਿਮ ਜਰੂਰਤ ਹੈ। ਉਹਨਾਂ ਅਣਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਰਜਿਸਟਰਡ ਕਰਨ ਦੀ ਚਿਰੋਕਣੀ ਮੰਗ ਸਬੰਧੀ ਵਿਧਾਨ ਸਭਾ ਵਿੱਚ ਸਿਹਤ ਮੰਤਰੀ ਡਾ :ਬਲਵੀਰ ਸਿੰਘ ਵੱਲੋਂ ਕਾਨੂੰਨ ਦਾ ਵਾਸਤਾ ਪਾ ਕੇ ਕੀਤੀ ਕੋਰੀ ਨਾਂਹ ਦਾ ਸਖਤ ਨੋਟਿਸ ਲੈਦਿਆਂ ਕਿਹਾ ਕਿ ਜਥੇਬੰਦੀ ਇਸ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਆਉਣ ਵਾਲੀ ਸੂਬਾ ਕਮੇਟੀ ਮੀਟਿੰਗ ਵਿੱਚ ਲੰਬੇ ਅਤੇ ਬੱਝਵੇਂ ਸੰਘਰਸ਼ ਦਾ ਪ੍ਰੋਗਰਾਮ ਉਲੀਕੇਗੀ।