*'ਸਵੱਛਤਾ ਹੀ ਸੇਵਾ' ਮੁਹਿੰਮ ਤਹਿਤ 'ਸਫ਼ਾਈ ਕਰਮਚਾਰੀਆਂ' ਨੂੰ ਵੀ ਪ੍ਰਸ਼ੰਸਾ ਪੱਤਰ ਦੇ ਕੇ ਕੀਤਾ ਸਨਮਾਨਿਤ.

 

*'ਈਕੋ-ਮੇਲਾ': ਵਿਧਾਇਕ ਗੋਗੀ ਅਤੇ ਨਗਰ ਨਿਗਮ ਕਮਿਸ਼ਨਰ ਡੇਚਲਵਾਲ ਨੇ ਪੇਂਟਿੰਗ ਮੁਕਾਬਲਿਆਂ ਦੇ ਜੇਤੂਆਂ ਅਤੇ ਭਾਗ ਲੈਣ ਵਾਲਿਆਂ ਨੂੰ ਕੀਤਾ ਸਨਮਾਨਿਤ; 'ਵੇਸਟ ਟੂ ਆਰਟ' ਦੇ ਸਟਾਲਾਂ, ਸੱਭਿਆਚਾਰਕ ਸਮਾਗਮ ਨੇ ਦੂਜੇ ਦਿਨ ਸ਼ਹਿਰ ਵਾਸੀਆਂ ਨੂੰ ਕੀਤਾ ਮੋਹਿਤ* 

ਲੁਧਿਆਣਾ, 22 ਸਤੰਬਰ (ਵਾਸੂ ਜੇਤਲੀ) :

ਨਗਰ ਨਿਗਮ ਲੁਧਿਆਣਾ ਵੱਲੋਂ 'ਸਵੱਛਤਾ ਹੀ ਸੇਵਾ' ਮੁਹਿੰਮ ਤਹਿਤ ਕਰਵਾਇਆ ਗਿਆ ਦੋ ਰੋਜ਼ਾ ਈਕੋ-ਮੇਲਾ ਐਤਵਾਰ ਨੂੰ ਨਹਿਰੂ ਰੋਜ਼ ਗਾਰਡਨ ਵਿਖੇ ਲੁਧਿਆਣਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਅਤੇ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਵੱਲੋਂ ਮੇਲੇ ਦੌਰਾਨ ਕਰਵਾਏ ਗਏ ਪੇਂਟਿੰਗ ਮੁਕਾਬਲਿਆਂ ਦੇ ਜੇਤੂਆਂ ਅਤੇ ਭਾਗ ਲੈਣ ਵਾਲਿਆਂ ਨੂੰ ਸਨਮਾਨਿਤ ਕਰਨ ਉਪਰੰਤ ਸਮਾਪਤ ਹੋ ਗਿਆ।


ਮੇਲੇ ਦੇ ਦੂਜੇ ਦਿਨ ਐਤਵਾਰ ਨੂੰ ਸੱਭਿਆਚਾਰਕ ਸਮਾਗਮਾਂ ਅਤੇ 'ਵੇਸਟ ਟੂ ਆਰਟ' ਸਟਾਲਾਂ ਨੇ ਸ਼ਹਿਰ ਵਾਸੀਆਂ ਨੂੰ ਆਕਰਸ਼ਤ ਕੀਤਾ। ਮੇਲੇ ਦੇ ਦੂਜੇ ਦਿਨ ਈ.ਓ ਗਲਾਡਾ ਅੰਕੁਰ ਮਹਿੰਦਰੂ ਅਤੇ ਨਗਰ ਨਿਗਮ ਸਹਾਇਕ ਕਮਿਸ਼ਨਰ-ਕਮ-ਜ਼ੋਨਲ ਕਮਿਸ਼ਨਰ (ਜ਼ੋਨ ਡੀ) ਜਸਦੇਵ ਸਿੰਘ ਸੇਖੋਂ ਨੇ ਵੀ ਸ਼ਮੂਲੀਅਤ ਕੀਤੀ।


ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਸੇਖੋਂ ਨੇ ਦੱਸਿਆ ਕਿ ਇਹ ਮੇਲਾ ਨਗਰ ਨਿਗਮ ਕਮਿਸ਼ਨਰ ਡੇਚਲਵਾਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਲਗਾਇਆ ਗਿਆ ਸੀ ਅਤੇ ਇਸ ਮੇਲੇ ਦਾ ਉਦੇਸ਼ ਸ਼ਹਿਰ ਵਾਸੀਆਂ ਨੂੰ ਕੂੜੇ ਨੂੰ ਘਟਾਉਣ, ਮੁੜ ਵਰਤੋਂ ਅਤੇ ਰੀਸਾਈਕਲ ਕਰਨ ਬਾਰੇ ਜਾਗਰੂਕ ਕਰਨਾ ਸੀ। ਮੇਲੇ ਦੇ ਦੂਜੇ ਦਿਨ 'ਵੇਸਟ ਟੂ ਆਰਟ' ਸਟਾਲ ਵੀ ਲਗਾਏ ਗਏ ਸਨ ਤਾਂ ਜੋ ਕੂੜੇ ਨੂੰ ਰੀਸਾਈਕਲ/ਦੁਬਾਰਾ ਵਰਤੋਂ ਲਈ ਵੱਖ-ਵੱਖ ਤਕਨੀਕਾਂ ਨੂੰ ਪ੍ਰਦਰਸ਼ਿਤ ਕੀਤਾ ਜਾ ਸਕੇ। ਗਿੱਲੇ ਘਰੇਲੂ ਕੂੜੇ ਨੂੰ ਘਰੇਲੂ ਖਾਦ ਬਣਾਉਣ ਲਈ ਉਤਸ਼ਾਹਿਤ ਕਰਨ ਲਈ ਸਟਾਲ ਵੀ ਲਗਾਏ ਗਏ ਸਨ।


ਮੇਲੇ ਦੌਰਾਨ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਜੀਤ ਫਾਊਂਡੇਸ਼ਨ, ਹੈਲਪਿੰਗ ਹੈਂਡਜ਼ ਕਲੱਬ, ਕ੍ਰਿਏਟਿਵ ਐਂਟਰਪ੍ਰਾਈਜਿਜ਼, ਨੇਚਰਜ਼ ਫਰੈਂਡ, ਗਣੇਸ਼ ਹਰਬਲਜ਼, ਰੋਟਰੈਕਟ ਕਲੱਬ ਲੁਧਿਆਣਾ, ਭਾਈ ਘਨਈਆ ਜੀ ਸੈਲਫ ਹੈਲਪ ਗਰੁੱਪ ਸਮੇਤ ਹੋਰਨਾਂ ਨੇ ਆਪਣੇ ਸਟਾਲ ਲਗਾਏ। 


ਅਸ਼ਕੇ ਡਾਂਸ ਅਕੈਡਮੀ ਵੱਲੋਂ ਸੱਭਿਆਚਾਰਕ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ ਅਤੇ ਵਿਦਿਆਰਥੀਆਂ ਦੇ ਇੱਕ ਸਮੂਹ ਨੇ ਸਵੱਛਤਾ ਅਤੇ ਕੂੜੇ ਦੇ ਪ੍ਰਬੰਧਨ ਬਾਰੇ ਨਿਵਾਸੀਆਂ ਵਿੱਚ ਜਾਗਰੂਕਤਾ ਫੈਲਾਉਣ ਲਈ 'ਨੁੱਕੜ ਨਾਟਕ' ਵੀ ਪੇਸ਼ ਕੀਤਾ। 


ਮੇਲੇ ਦੇ ਪਹਿਲੇ ਦਿਨ ਸ਼ਨੀਵਾਰ ਨੂੰ ਵੱਖ-ਵੱਖ ਉਮਰ ਵਰਗਾਂ ਦੇ ਪੇਂਟਿੰਗ ਮੁਕਾਬਲਿਆਂ ਵਿੱਚ 500 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਸੀ। ਮੁਕਾਬਲਿਆਂ ਦੇ ਜੇਤੂਆਂ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਐਤਵਾਰ ਨੂੰ ਵਿਧਾਇਕ ਗੋਗੀ ਅਤੇ ਨਗਰ ਨਿਗਮ ਕਮਿਸ਼ਨਰ ਡੇਚਲਵਾਲ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਭਾਗ ਲੈਣ ਵਾਲੇ ਵਿਦਿਆਰਥੀਆਂ ਦੇ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ। 


'ਸਵੱਛਤਾ ਹੀ ਸੇਵਾ' ਮੁਹਿੰਮ ਤਹਿਤ ਨਗਰ ਨਿਗਮ ਲੁਧਿਆਣਾ ਦੇ ਦੋ ਦਰਜਨ ਦੇ ਕਰੀਬ ਸਫ਼ਾਈ ਕਰਮਚਾਰੀਆਂ ਨੂੰ ਵੀ ਪ੍ਰਸ਼ੰਸਾ ਪੱਤਰ ਅਤੇ ਸਟੇਨਲੈਸ ਸਟੀਲ ਦੀਆਂ ਪਾਣੀ ਦੀਆਂ ਬੋਤਲਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਕਰਮਚਾਰੀਆਂ ਦੀ ਚੋਣ ਸ਼ਹਿਰ ਭਰ ਵਿੱਚ ਚਲਾਈ ਜਾ ਰਹੀ ਸਫਾਈ ਅਭਿਆਨ ਤਹਿਤ ਉਨ੍ਹਾਂ ਦੇ ਯਤਨਾਂ ਦੇ ਆਧਾਰ ’ਤੇ ਕੀਤੀ ਗਈ ਹੈ।


ਇਸ ਉਪਰੰਤ ਵਿਧਾਇਕ ਗੋਗੀ ਅਤੇ ਨਗਰ ਨਿਗਮ ਕਮਿਸ਼ਨਰ ਡੇਚਲਵਾਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਦੇਣ। ਸ਼ਹਿਰ ਵਾਸੀਆਂ ਨੂੰ ਇਹ ਅਪੀਲ ਵੀ ਕੀਤੀ ਗਈ ਕਿ ਉਹ ਖਾਲੀ ਪਲਾਟਾਂ/ਖੁੱਲ੍ਹੇ ਇਲਾਕਿਆਂ ਵਿੱਚ ਕੂੜਾ ਸੁੱਟਣਾ ਬੰਦ  ਕਰਨ ਅਤੇ ਸੁੱਕੇ ਅਤੇ ਗਿੱਲੇ ਕੂੜੇ ਨੂੰ ਵੱਖ-ਵੱਖ ਕਰਕੇ ਕੂੜਾ ਇਕੱਠਾ ਕਰਨ ਵਾਲਿਆਂ ਨੂੰ ਸੌਂਪਣ। 

 

ਮੇਲੇ ਵਿੱਚ ਨਗਰ ਨਿਗਮ ਸਿਹਤ ਅਧਿਕਾਰੀ ਵਿਪਲ ਮਲਹੋਤਰਾ, ਸੀ.ਡੀ.ਓ ਮਹੇਸ਼ਵਰ ਸਿੰਘ ਸਮੇਤ ਹੋਰ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ।