ਸਲੇਮਪੁਰੀ ਦੀ ਚੂੰਢੀ - *ਮੁਕਤੀ ਦਾ ਮਾਰਗ.
-ਮਨੁੱਖ ਮੁਕਤੀ ਦਾ ਮਾਰਗ ਲੱਭਦਿਆਂ - ਲੱਭਦਿਆਂ ਸੁਆਸ ਪੂਰੇ ਕਰਕੇ ਇਸ ਹੁਸੀਨ ਦੁਨੀਆ ਤੋਂ ਰੁਖ਼ਸਤ ਹੋ ਜਾਂਦਾ ਹੈ। ਰੱਬ ਦੇ ਚਲਾਕ ਵਿਚੋਲੇ ਮਨੁੱਖ ਦੇ ਮਨ ਵਿਚ ਇਹ ਗੱਲ ਪੂਰੀ ਤਰ੍ਹਾਂ ਬਿਠਾ ਦਿੰਦੇ ਹਨ, ਕਿ ਪੂਜਾ-ਪਾਠ ਕਰਕੇ ਅਤੇ ਧਾਰਮਿਕ ਸਥਾਨਾਂ 'ਤੇ ਮੱਥਾ ਟੇਕ ਕੇ ਹੀ ਮਨੁੱਖ ਮੁਕਤੀ ਪਾ ਸਕਦਾ ਹੈ ਅਤੇ ਮੌਤ ਪਿੱਛੋਂ ਸਵਰਗ ਵਿਚ ਪਹੁੰਚ ਸਕਦਾ ਹੈ। ਤੀਰਥ ਯਾਤਰਾ, ਵਰਤ, ਪੂਜਾ, ਧਾਰਮਿਕ ਸਥਾਨਾਂ 'ਤੇ ਕੀਤੇ ਇਸ਼ਨਾਨ ਅਤੇ ਕਰਮ-ਕਾਂਡ ਮਨੁੱਖ ਦੀ ਮੁਕਤੀ ਦਾ ਮਾਰਗ ਨਹੀਂ ਹੈ ਅਤੇ ਨਾ ਹੀ ਜੀਵ-ਜੰਤੂਆਂ ਤੇ ਮਨੁੱਖ ਦੀ ਮਨੁੱਖ ਦੁਆਰਾ ਦਿੱਤੀ ਬਲੀ ਮਨੁੱਖ ਦੀ ਮੁਕਤੀ ਦਾ ਮਾਰਗ ਹੈ। ਮਾਲਾ ਫੇਰਨ ਨਾਲ ਮੁਕਤੀ ਨਹੀਂ ਮਿਲਦੀ। ਭਾਰਤ ਦੇਸ਼ ਦੇ ਮੂਲ-ਨਿਵਾਸੀ ਜਿਨ੍ਹਾਂ ਨੂੰ 'ਦਲਿਤ' ਕਹਿ ਕੇ ਪੁਕਾਰਿਆ ਜਾਂਦਾ ਹੈ, ਬੁਰੀ ਤਰ੍ਹਾਂ ਕਰਮ-ਕਾਂਡਾਂ ਵਿਚ ਫਸੇ ਹੋਏ ਹਨ। ਉਹ ਕਰਮ-ਕਾਂਡਾਂ ਦੀ ਅਰਾਧਨਾ ਨੂੰ ਹੀ ਮੁਕਤੀ ਦਾ ਮਾਰਗ ਦਰਸ਼ਨ ਮੰਨਦੇ ਹਨ। ਇਥੇ ਹੀ ਬਸ ਨਹੀਂ ਸਮਾਜ ਵਿਚ ਅਖੌਤੀ ਉੱਚ ਜਾਤੀ ਦੇ ਬਹੁ- ਲੋਕ ਵੀ ਕਰਮ-ਕਾਂਡਾਂ ਤੋਂ ਨਿਰਲੇਪ ਨਹੀਂ ਹੈ। ਕੁਝ ਤੇਜ-ਤਰਾਰ ਲੋਕ ਆਮ ਲੋਕਾਂ ਵਿਸ਼ੇਸ਼ ਕਰਕੇ ਦਲਿਤ ਸਮਾਜ ਨੂੰ ਕਰਮ-ਕਾਂਡਾਂ ਵਿਚ ਫਸਾ ਕੇ /ਉਲਝਾਕੇ ਰੱਖਣਾ ਚਾਹੁੰਦੇ ਹਨ। ਦਲਿਤ ਤਾਂ ਗੰਭੀਰ ਬਿਮਾਰੀ ਦੀ ਹਾਲਤ ਵਿਚ ਵੀ ਡਾਕਟਰੀ ਇਲਾਜ ਕਰਵਾਉਣ ਦੀ ਥਾਂ ਕਰਮ-ਕਾਂਡ ਅਪਣਾਉਣ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਗਰੀਬੀ ਤੋਂ ਮੁਕਤੀ ਪਾਉਣ ਲਈ ਉਹ ਧਾਗੇ-ਤਵੀਤ ਗਲ ਪਾਉਣ ਅਤੇ ਮੋਢੇ ਨਾਲ ਬੰਨ੍ਹਣ ਵਿਚ ਅੰਨ੍ਹੀ-ਸ਼ਰਧਾ ਰੱਖਦੇ ਹਨ।ਉਹ ਇਸ ਗੱਲ ਤੋਂ ਬੇਖ਼ਬਰ ਹਨ ਕਿ ਉਨ੍ਹਾਂ ਦੀ ਨਰਕ ਭਰੀ ਜ਼ਿੰਦਗੀ ਲਈ ਉਨ੍ਹਾਂ ਦੀ ਕਿਸਮਤ ਨਹੀਂ , ਬਲਕਿ ਦੇਸ਼ ਦੀ ਵਿਵਸਥਾ ਹੈ। ਅੰਧ-ਵਿਸ਼ਵਾਸ਼ਾਂ ਅਤੇ ਵਹਿਮਾਂ-ਭਰਮਾਂ ਵਿਚ ਬੁਰੀ ਤਰ੍ਹਾਂ ਫਸਿਆ ਅਤੇ ਉਲਝਿਆ ਦਲਿਤ ਸਮਾਜ ਇਸ ਗੱਲ ਤੋਂ ਬੇਖ਼ਬਰ ਹੈ, ਕਿ ਉਹ ਗੁਲਾਮੀ ਭਰਿਆ ਜੀਵਨ ਬਤੀਤ ਕਰ ਰਿਹਾ ਹੈ। ਕਰਮ-ਕਾਂਡ ਦਲਿਤਾਂ ਨੂੰ ਗਰੀਬੀ ਦੇ ਚੱਕਰਵਿਊ ਤੋਂ ਮੁਕਤੀ ਨਹੀਂ ਦਿਵਾ ਸਕਦੇ ਅਤੇ ਨਾ ਹੀ ਕਾਲਪਨਿਕ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਅੱਗੇ ਨੱਕ ਰਗੜਨ ਨਾਲ ਉਨ੍ਹਾਂ ਨੂੰ ਮੁਕਤੀ ਮਿਲਣ ਵਾਲੀ ਹੈ। ਜੇਕਰ ਉਹ ਧਰਤੀ ਉਪਰ ਨਰਕ ਭਰੀ ਜ਼ਿੰਦਗੀ ਤੋਂ ਮੁਕਤੀ ਪਾਉਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਆਪਣੀ ਕਿਸਮਤ ਕੋਸਣ ਦੀ ਬਜਾਏ ਜ਼ਿੰਦਗੀ ਵਿਚ ਸੰਘਰਸ਼ ਦਾ ਮਾਰਗ ਅਪਣਾਉਣਾ ਪਵੇਗਾ ਅਤੇ ਰੱਬ ਤੋਂ ਕਿਨਾਰਾ ਕਰਨਾ ਪਵੇਗਾ। ਸੱਚ ਇਹ ਹੈ ਕਿ, ਧਰਮ ਮਨੁੱਖ ਲਈ ਹੈ, ਮਨੁੱਖ ਧਰਮ ਲਈ ਨਹੀਂ ਹੈ ਅਤੇ ਜਿਹੜਾ ਧਰਮ ਮਨੁੱਖ ਨੂੰ ਮਨੁੱਖ ਨਹੀਂ ਮੰਨਦਾ, ਮਨੁੱਖਾਂ ਵਿਚ ਵਿਤਕਰਾ ਪਾਉਂਦਾ ਹੈ, ਉਹ ਧਰਮ ਨਹੀਂ ਹੁੰਦਾ। ਜਿਸ ਧਰਮ ਵਿਚ ਬਰਾਬਰਤਾ ਨਹੀਂ, ਉਸ ਤੋਂ ਕਿਨਾਰਾ ਕਰ ਕਰਕੇ 'ਮਾਨਵਤਾ ਦਾ ਧਰਮ' ਅਪਣਾ ਲੈਣਾ ਚਾਹੀਦਾ ਹੈ। ਮਨੁੱਖ ਦੀ ਮੁਕਤੀ ਦਾ ਮਾਰਗ ਪੂਜਾ-ਪਾਠ ਨਹੀਂ ਬਲਕਿ ਗਿਆਨ ਅਤੇ ਵਿਗਿਆਨ ਹੈ। ਗਿਆਨ ਅਤੇ ਵਿਗਿਆਨ ਵਿੱਦਿਅਕ ਅਦਾਰਿਆਂ ਤੋਂ ਪ੍ਰਾਪਤ ਹੁੰਦਾ ਹੈ।
ਇਸ ਧਰਤੀ 'ਤੇ ਜੇ ਮਨੁੱਖ ਅਨੰਦਮਈ ਅਤੇ ਸੁੱਖਮਈ ਜੀਵਨ ਬਤੀਤ ਕਰਦਾ ਹੈ ਤਾਂ ਇਹੀ ਸਵਰਗ ਹੈ, ਜੇ ਉਹ ਦੁੱਖੀ ਅਤੇ ਪ੍ਰੇਸ਼ਾਨ ਰਹਿੰਦਾ ਹੈ, ਤਾਂ ਇਹੀ ਨਰਕ ਹੈ। ਜਿਹੜੇ ਪਾਖੰਡੀ ਲੋਕ ਮੌਤ ਤੋਂ ਬਾਅਦ ਸਵਰਗ-ਨਰਕ ਦੀ ਗੱਲ ਕਰਦੇ ਹਨ, ਤਾਂ ਸਮਝੋ ਇਹ ਨਿਰਾ ਧੋਖਾ ਹੈ। ਜਿਉਂਦਾ ਮਨੁੱਖ ਸਵਰਗ ਵੇਖ ਨਹੀਂ ਸਕਦਾ, ਜਦਕਿ ਮ੍ਰਿਤਕ ਸਵਰਗ ਬਾਰੇ ਦੱਸ ਨਹੀਂ ਸਕਦਾ, ਫਿਰ ਮੌਤ ਤੋਂ ਬਾਅਦ ਦੇ ਸਵਰਗ - ਨਰਕ ਤੋਂ ਮਨੁੱਖੀ ਜੀਵ ਨੇ ਕੀ ਲੈਣਾ ਹੈ?
ਅਸਲ ਵਿਚ ਸਵਰਗ-ਨ ਉਣਰਕ ਇਸ ਧਰਤੀ ਉਪਰ ਹੀ ਹੈ। ਧਰਤੀ ਉਪਰ ਸਵਰਗ-ਨਰਕ ਦੀ ਸਥਾਪਨਾ ਕਰਨਾ ਸਰਕਾਰਾਂ ਦੇ ਹੱਥ ਵਿਚ ਹੈ!
-ਸੁਖਦੇਵ ਸਲੇਮਪੁਰੀ
ਪਿੰਡ - ਸਲੇਮਪੁਰ
ਡਾਕਘਰ-ਨੂਰਪੁਰ ਬੇਟ
ਜਿਲ੍ਹਾ-ਲੁਧਿਆਣਾ
ਮੋਬਾਈਲ ਨੰਬਰ-9780620233