*'ਸਵੱਛਤਾ ਹੀ ਸੇਵਾ': ਵਿਧਾਇਕ ਗੋਗੀ ਨੇ 2 ਅਕਤੂਬਰ ਨੂੰ 'ਸਵੱਛ ਭਾਰਤ ਦਿਵਸ' ਮਨਾਉਣ ਲਈ ਆਯੋਜਿਤ 'ਸਾਈਕਲੋਥਨ' ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ.
*ਸਾਈਕਲੋਥੌਨ 'ਸਵੱਛਤਾ' ਦਾ ਸੰਦੇਸ਼ ਦਿੰਦੇ ਹੋਏ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚੋਂ ਨਿੱਕਲੀ*
ਲੁਧਿਆਣਾ, 2 ਅਕਤੂਬਰ: (ਵਾਸੂ ਜੇਤਲੀ) - 'ਸਵੱਛਤਾ' ਦਾ ਸੰਦੇਸ਼ ਦਿੰਦੇ ਹੋਏ ਲੁਧਿਆਣਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਬੁੱਧਵਾਰ (2 ਅਕਤੂਬਰ - ਗਾਂਧੀ ਜਯੰਤੀ) ਨੂੰ 'ਸਵੱਛ ਭਾਰਤ ਦਿਵਸ' ਦੇ ਮੌਕੇ 'ਤੇ ਨਗਰ ਨਿਗਮ ਵੱਲੋਂ ਆਯੋਜਿਤ 'ਸਾਈਕਲੋਥੌਨ' ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
'ਸਵੱਛਤਾ ਹੀ ਸੇਵਾ' ਮੁਹਿੰਮ ਤਹਿਤ ਕਰਵਾਈ ਗਈ ਇਸ ਸਾਈਕਲੋਥੌਨ ਨੂੰ ਸਰਾਭਾ ਨਗਰ ਸਥਿਤ ਨਗਰ ਨਿਗਮ ਜ਼ੋਨ-ਡੀ ਦਫ਼ਤਰ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਅਤੇ ਇਹ 'ਸਵੱਛਤਾ' ਦਾ ਸੰਦੇਸ਼ ਦਿੰਦੇ ਹੋਏ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਨਿੱਕਲੀ।
ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਅੰਕੁਰ ਮਹਿੰਦਰੂ ਨੇ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕੰਮ ਕਰਦੇ ਹੋਏ ਨਗਰ ਨਿਗਮ ਵੱਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਦਿ ਪੈਡਲਰਸ, ਫਿਟ ਕਲੱਬ, ਲੁਧਿਆਣਾ ਸਾਈਕਲਿਸਟ, ਲੁਧਿਆਣਾ ਸਾਈਕਲ ਕਲੱਬ ਆਦਿ ਦੇ ਸਹਿਯੋਗ ਨਾਲ ਸਾਈਕਲੋਥੌਨ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਨਗਰ ਨਿਗਮ ਸਹਾਇਕ ਕਮਿਸ਼ਨਰ ਨੀਰਜ ਜੈਨ, ਸੀ.ਐਸ.ਆਈ ਗੁਰਿੰਦਰ ਸਿੰਘ, ਸੀ.ਡੀ.ਓ ਮਹੇਸ਼ਵਰ, ਕਮਿਊਨਿਟੀ ਫੈਸੀਲੀਟੇਟਰ ਅਤੇ ਹੋਰ ਵੀ ਹਾਜ਼ਰ ਸਨ।
ਸਾਈਕਲੋਥੌਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਪਹਿਲਾਂ ਵਿਧਾਇਕ ਗੋਗੀ ਅਤੇ ਹੋਰਨਾਂ ਪ੍ਰਤੀਭਾਗੀਆਂ ਨੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦਾ ਪ੍ਰਣ ਵੀ ਲਿਆ। ਵਿਧਾਇਕ ਗੋਗੀ ਨੇ 40 ਤੋਂ ਵੱਧ ਸਫ਼ਾਈ ਕਰਮਚਾਰੀਆਂ ਅਤੇ ਸੈਨੇਟਰੀ ਸੁਪਰਵਾਈਜ਼ਰਾਂ ਨੂੰ ਉਨ੍ਹਾਂ ਦੇ ਸਮਰਪਣ ਅਤੇ ਸਖ਼ਤ ਮਿਹਨਤ ਲਈ ਸੁਰੱਖਿਆ ਕਿੱਟਾਂ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ।
ਇਹ ਸਾਈਕਲੋਥੌਨ ਗੁਰੂ ਨਾਨਕ ਪਬਲਿਕ ਸਕੂਲ ਰੋਡ, ਮਲਹਾਰ ਰੋਡ, ਆਰਤੀ ਚੌਕ, ਘੁਮਾਰ ਮੰਡੀ, ਰੋਜ਼ ਗਾਰਡਨ, ਫੁਹਾਰਾ ਚੌਕ, ਦੁਰਗਾ ਮਾਤਾ ਮੰਦਰ, ਭਾਰਤ ਨਗਰ ਚੌਕ, ਭਾਈ ਬਾਲਾ ਚੌਕ ਅਤੇ ਮਲਹਾਰ ਰੋਡ ਸਮੇਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਦੀ ਹੁੰਦੀ ਹੋਈ ਨਗਰ ਨਿਗਮ ਜ਼ੋਨ-ਡੀ ਦਫਤਰ ਵਿਖੇ ਸਮਾਪਤ ਹੋਈ।
ਸਾਈਕਲੋਥੌਨ ਦੀ ਸਮਾਪਤੀ ਤੋਂ ਬਾਅਦ ਭਾਗ ਲੈਣ ਵਾਲਿਆਂ ਨੂੰ ਭਾਗ ਲੈਣ ਲਈ ਈ-ਸਰਟੀਫਿਕੇਟ ਅਤੇ ਰਿਫਰੈਸ਼ਮੈਂਟ ਵੀ ਪ੍ਰਦਾਨ ਕੀਤੇ ਗਏ।
ਵਿਧਾਇਕ ਗੋਗੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਵਿੱਚ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਹਰਿਆਲੀ ਫੈਲਾਉਣ ਲਈ ਉਪਰਾਲੇ ਕਰਨ। ਵਿਧਾਇਕ ਗੋਗੀ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰਦੂਸ਼ਣ ਮੁਕਤ ਵਾਤਾਵਰਨ ਪ੍ਰਦਾਨ ਕਰਨ ਲਈ ਸਾਨੂੰ ਸਾਰਿਆਂ ਨੂੰ ਸਾਂਝੇ ਤੌਰ 'ਤੇ ਉਪਰਾਲੇ ਕਰਨ ਦੀ ਲੋੜ ਹੈ |