ਐਮਪੀ ਸੰਜੀਵ ਅਰੋੜਾ ਨੇ ਡਾਇਲਸਿਸ ਸੈਂਟਰ ਲਈ 10 ਲੱਖ ਰੁਪਏ ਅਤੇ ਐਂਬੂਲੈਂਸ ਦੇਣ ਦਾ ਕੀਤਾ ਐਲਾਨ.
ਲੁਧਿਆਣਾ, 8 ਦਸੰਬਰ (ਵਾਸੂ ਜੇਤਲੀ) : ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਸ਼ੁੱਕਰਵਾਰ ਨੂੰ ਇੱਥੇ ਸਿਵਲ ਸਰਜਨ ਦਫ਼ਤਰ ਨੇੜੇ ਅਰਬਨ ਕਮਿਊਨਿਟੀ ਹੈਲਥ ਸੈਂਟਰ (ਯੂਸੀਐਚਸੀ) ਦੇ ਉਦਘਾਟਨ ਸਮਾਰੋਹ ਵਿੱਚ ਸ਼ਿਰਕਤ ਕੀਤੀ। ਇਸ ਦਾ ਉਦਘਾਟਨ ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਕੀਤਾ। ਇਸ ਮੌਕੇ ਐਮਪੀ ਅਰੋੜਾ ਨੇ ਯੂਸੀਐਚਸੀ ਵਿਖੇ ਡਾਇਲਸਿਸ ਸੈਂਟਰ ਲਈ ਐਮਪੀਐਲਏਡੀ ਫੰਡ ਵਿੱਚੋਂ 10 ਲੱਖ ਰੁਪਏ ਅਤੇ ਡਾਇਲਸਿਸ ਮਰੀਜ਼ਾਂ ਲਈ ਲੋੜੀਂਦੀ ਐਂਬੂਲੈਂਸ ਦੇਣ ਦਾ ਐਲਾਨ ਕੀਤਾ।
ਐਮਪੀ ਅਰੋੜਾ ਨੇ ਐਤਵਾਰ ਨੂੰ ਇੱਥੇ ਇੱਕ ਬਿਆਨ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਅਤੇ ਵਿਧਾਇਕ (ਲੁਧਿਆਣਾ ਉੱਤਰੀ) ਮਦਨ ਲਾਲ ਬੱਗਾ ਵੱਲੋਂ ਸਥਾਨਕ ਸ਼ਹਿਰੀ ਆਬਾਦੀ ਲਈ ਨਵੀਂ ਬਣੀ ਯੂਸੀਐਚਸੀ ਦੇ ਰੂਪ ਵਿੱਚ ਇੱਕ ਹੋਰ ਸਿਹਤ ਸਹੂਲਤ ਬਣਾਉਣ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਆਸ ਪ੍ਰਗਟਾਈ ਕਿ ਨਵਾਂ ਬਣਿਆ ਸਰਕਾਰੀ ਹਸਪਤਾਲ ਆਸ-ਪਾਸ ਦੇ ਵਸਨੀਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰੇਗਾ।
ਅਰੋੜਾ ਨੇ ਸਿਹਤ ਖੇਤਰ ਵਿੱਚ ਹੋਰ ਬੁਨਿਆਦੀ ਢਾਂਚਾ ਬਣਾਉਣ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਐਮ.ਪੀ.ਐਲ.ਏ.ਡੀ. ਅਤੇ ਸੀ.ਐਸ.ਆਰ. ਤਹਿਤ ਉਪਲਬਧ ਫੰਡਾਂ ਨਾਲ ਸਥਾਨਕ ਸਿਵਲ ਹਸਪਤਾਲ ਨੂੰ ਅਪਗ੍ਰੇਡ ਕਰਨ ਲਈ ਹਰ ਸੰਭਵ ਯਤਨ ਕਰ ਰਹੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਅਗਲੇ ਜਨਵਰੀ ਮਹੀਨੇ ਦੇ ਅੰਤ ਤੱਕ ਸਥਾਨਕ ਸਿਵਲ ਹਸਪਤਾਲ ਨੂੰ ਅਪਗ੍ਰੇਡ ਕਰਨ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਈਐਸਆਈਸੀ ਮੈਡੀਕਲ ਕਾਲਜ ਵੀ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿਹਤ ਖੇਤਰ ਵਿੱਚ ਹੋਰ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਅਫਸੋਸ ਜ਼ਾਹਰ ਕੀਤਾ ਕਿ ਅੱਜ ਕੱਲ੍ਹ ਡਾਕਟਰੀ ਇਲਾਜ ਖਾਸ ਕਰਕੇ ਕ੍ਰਿਟੀਕਲ ਕੇਅਰ ਬਹੁਤ ਮਹਿੰਗੀ ਹੈ, ਜਿਸ ਕਾਰਨ ਇਹ ਗਰੀਬ ਲੋਕਾਂ ਦੀਆਂ ਜੇਬਾਂ 'ਤੇ ਸੱਟ ਮਾਰ ਰਹੀ ਹੈ।
