ਕਵਿਤਾ / ਦਿਲਾਸੇ / ਮਧੂ ਵਰਮਾ .
ਖਬਰੇ ਜੀ ਕਿਹੜੇ ਦੇਸ 'ਚ ਜਾ ਕੇ ਸੱਜਣਾਂ ਡੇਰੇ ਲਾਏ,
ਅੱਜ ਵੀ ਉਸਨੂੰ ਦੇਖਣ ਦੇ ਲਈ ਨੈਣ ਪਿਆਸੇ ਰਹਿੰਦੇ ਨੇ।
ਸੱਧਰਾਂ ਦੇ ਵਿੱਚ ਵੱਸੇ ਸੱਜਣਾਂ ਏਦਾਂ ਮਨ ਤੋਂ ਲਾਏ ਨੇ,
ਆਉਣਾ ਉਸਨੇ, ਦਿਲ ਨੂੰ ਹਾਲੇ ਤੀਕ ਦਿਲਾਸੇ ਰਹਿੰਦੇ ਨੇ।
ਮਿਲਣ ਵਾਲੀਆਂ ਥਾਵਾਂ ਹੁਣ ਤੇ ਰੋਜ਼ ਦੁਹਾਈਆਂ ਪਾਉਂਦੀਆਂ ਨੇ।
ਕਦ ਆਉਣਾ ਤੇਰੇ ਸੱਜਣਾ? ਪੁੱਛ-ਪੁੱਛ ਸਾਨੂੰ ਰੋਜ਼ ਰਵਾਉਂਦੀਆਂ ਨੇ।
ਤੇਰੇ ਬਿਨ ਤਾਂ ਸੁੰਨੇ ਜੱਗ ਦੇ ਚਾਰੇ ਪਾਸੇ ਰਹਿੰਦੇ ਨੇ,
ਆਉਣਾ ਉਸਨੇ, ਦਿਲ ਨੂੰ ਹਾਲੇ ਤੀਕ ਦਿਲਾਸੇ ਰਹਿੰਦੇ ਨੇ।
ਕੁੱਝ ਤਾਂ ਮੇਰੇ ਯਾਰ ਨੇ ਕਹਿੰਦੇ ਸੱਜਣ ਪਾਸਾ ਵੱਟ ਗਏ ਨੇ।
ਦੁੱਖਾਂ ਵਾਲੇ ਛੱਜ 'ਚ ਪਾ ਕੇ ਸੱਧਰਾਂ ਮੇਰੀਆਂ ਛਟ ਗਏ ਨੇ।
ਮੰਗਦੇ ਤੈਨੂੰ ਰੱਬ ਕੋਲੋਂ, ਹੱਥਾਂ ਵਿਚ ਕਾਸੇ ਰਹਿੰਦੇ ਨੇ।
ਆਉਣਾ ਉਸਨੇ, ਦਿਲ ਨੂੰ ਹਾਲੇ ਤੀਕ ਦਿਲਾਸੇ ਰਹਿੰਦੇ ਨੇ।
ਤੇਰੇ ਬਿਨਾਂ ਨਹੀਂ ਤੁਰਿਆ ਜਾਂਦਾ, ਸਾਹ ਵੀ ਮੇਰੇ ਰੁਕ ਚੱਲੇ।
ਐਸੇ ਪਏ ਵਿਛੋੜੇ, ਨੈਣੋਂ ਹੰਝੂ ਖਾਰੇ ਸੁੱਕ ਚੱਲੇ।
ਨਾ ਦਿਲ ਵਿਚ ਸਕੂਨ ਰਹਿੰਦਾ ਨਾ ਬੁੱਲੀਆਂ 'ਤੇ ਹਾਸੇ ਰਹਿੰਦੇ ਨੇ।
ਆਉਣਾ ਉਸਨੇ, ਦਿਲ ਨੂੰ ਹਾਲੇ ਤੀਕ ਦਿਲਾਸੇ ਰਹਿੰਦੇ ਨੇ।
-ਮਧੂ ਵਰਮਾ