ਕਿਸਾਨੀ ਮਸਲਿਆਂ ਦੇ ਹੱਲ ਲਈ ਬੀਕੇਯੂ ਕਾਦੀਆਂ ਨੇ ਕੀਤੀ ਰਾਸ਼ਟਰਪਤੀ ਨੂੰ ਅਪੀਲ.
ਮੋਗਾ ਵਿਖੇ 9 ਜਨਵਰੀ ਨੂੰ ਹੋਣ ਵਾਲੀ ਕਿਸਾਨ ਪੰਚਾਇਤ ਦੀ ਸਫ਼ਲਤਾ ਲਈ ਆਗੂਆਂ ਦੀਆਂ ਲਗਾਈਆਂ ਡਿਊਟੀਆਂ
ਲੁਧਿਆਣਾ, 31 ਦਸੰਬਰ (ਇੰਦਰਜੀਤ) - ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਨੇ ਰਾਸ਼ਟਰਪਤੀ ਦਰੌਪਦੀ ਮੁਰਮੂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨੀ ਮਸਲਿਆਂ ਦੇ ਹੱਲ ਲਈ ਦਖ਼ਲਅੰਦਾਜ਼ੀ ਕਰਕੇ ਕੇਂਦਰ ਸਰਕਾਰ ਉੱਪਰ ਮੰਗਾਂ ਮੰਨਣ ਸਬੰਧੀ ਦਬਾਅ ਪਾਉਣ।
ਅੱਜ ਬੀਆਰਐਸ ਨਗਰ ਸਥਿਤ ਹਾਊਸਿੰਗ ਬੋਰਡ ਕਲੋਨੀ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿੱਖੇ ਹੋਈ ਸੂਬਾ ਪੱਧਰੀ ਮੀਟਿੰਗ ਦੌਰਾਨ ਯੂਨੀਅਨ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਰਾਸ਼ਟਰਪਤੀ ਨੂੰ ਇੱਕ ਪੱਤਰ ਲਿਖ ਕੇ ਮੁਲਾਕਾਤ ਲਈ ਸਮਾਂ ਵੀ ਮੰਗਿਆ ਗਿਆ ਹੈ। ਉਹਨਾਂ ਅੱਗੇ ਦੱਸਿਆ ਕਿ ਮੀਟਿੰਗ ਦੌਰਾਨ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ 9 ਜਨਵਰੀ ਨੂੰ ਮੋਗਾ ਵਿੱਖੇ ਹੋ ਰਹੀ ਕਿਸਾਨ ਪੰਚਾਇਤ ਨੂੰ ਸਫ਼ਲ ਬਣਾਉਣ ਲਈ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਹਰੇਕ ਜ਼ਿਲ੍ਹੇ ਵਿੱਚੋਂ ਸੈਂਕੜੇ ਕਿਸਾਨ ਟਰੈਕਟਰਾਂ, ਟਰਾਲੀਆਂ ਤੇ ਹੋਰ ਵਾਹਨਾਂ ਰਾਹੀਂ ਮੋਗਾ ਪੁੱਜਣਗੇ।
ਮੀਟਿੰਗ ਦੌਰਾਨ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਦਿਨ ਬਦਿਨ ਵਿਗੜ ਰਹੀ ਸਥਿਤੀ ਉਪਰ ਵੀ ਚਿੰਤਾ ਪ੍ਰਗਟ ਕੀਤੀ ਗਈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਤੁਰੰਤ ਕਿਸਾਨ ਆਗੂ ਡੱਲੇਵਾਲ ਨਾਲ ਗੱਲਬਾਤ ਕਰਕੇ ਸਰਕਾਰ ਕਿਸਾਨ ਮਸਲਿਆਂ ਦਾ ਹੱਲ ਕਢੇ ਤਾਂ ਜੋ ਸੰਘਰਸ਼ ਦੇ ਰਾਹ ਪਏ ਕਿਸਾਨਾਂ ਨੂੰ ਉਨਾਂ ਦੇ ਹੱਕ ਮਿਲ ਸਕਣ।