ਬੁੱਢੇ ਦਰਿਆ ਵਿੱਚ ਪੈ ਰਹੇ ਗੰਦੇ ਪਾਣੀਆਂ ਨੂੰ ਰੋਕਣ ਲਈ ਦੋ ਹੋਰ ਮੋਟਰਾਂ ਚਾਲੂ.

 

*ਪੰਪ ਸ਼ਟੇਸ਼ਨ ਰਾਹੀ 225 ਐਮ.ਐਲ.ਡੀ ਪਲਾਂਟ ਤੱਕ ਤਿੰਨ ਮੋਟਰਾਂ ਰਾਹੀ ਜਾ ਰਿਹਾ ਹੈ ਗੰਦਾ ਪਾਣੀ*

 

*ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਹਰ ਪਾਸਿਉਂ ਪ੍ਰਸ਼ੰਸਾ*


ਲੁਧਿਆਣਾ,18 ਜਨਵਰੀ (ਵਾਸੂ ਜੇਤਲੀ) -ਦੋ ਹੋਰ ਮੋਟਰਾਂ ਚੱਲਣ ਨਾਲ ਬੁੱਢੇ ਦਰਿਆ ਵਿੱਚ ਨਗਰ ਨਿਗਮ ਲੁਧਿਆਣਾ ਦਾ ਗਾਊਸ਼ਾਲਾ ਘਾਟ ਤੋਂ ਪੈ ਰਿਹਾ ਗੰਦਾ ਪਾਣੀ ਬੰਦ ਕਰ ਦਿੱਤਾ ਗਿਆ ਹੈ। ਹੁਣ ਇਹ ਸਾਰਾ ਗੰਦਾ ਪਾਣੀ ਪੰਪ ਸ਼ੇਟਸ਼ਨ ਰਾਹੀ  225 ਐਮ.ਐਲ.ਡੀ ਟਰੀਟਮੈਂਟ ਪਲਾਂਟ ਤੱਕ ਪਾਈ ਗਈ ਪਾਇਪ ਲਾਇਨ ਵਿੱਚ ਜਾਣਾ ਸ਼ੁਰੂ ਹੋ ਗਿਆ ਹੈ। ਅੱਜ ਦੋ ਹੋਰ ਮੋਟਰਾਂ ਚਾਲੂ ਕਰਦਿਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੇਰ ਸ਼ਾਮ ਬੁੱਢੇ ਦਰਿਆ ਵਿੱਚ ਪੈ ਰਹੇ ਗੰਦੇ ਪਾਣੀ ਨੂੰ ਇੱਥੇ ਬੰਨ੍ਹ ਮਾਰ ਦਿੱਤਾ। ਬੁੱਢੇ ਦਰਿਆ ਵਿੱਚ ਗੰਦੇ ਪਾਣੀ ਨੂੰ ਪੈਣ ਤੋਂ ਰੋਕਣ ਦੀ ਇਸ ਕਾਰਵਾਈ ਨੂੰ ਹੁਣ ਤੱਕ ਦੀ ਵੱਡੀ ਕਾਰਵਾਈ ਵੱਜੋਂ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬੁੱਢੇ ਦਰਿਆ ਦੀ ਕਾਰ ਸੇਵਾ ਦਾ ਦੂਜਾ ਪੜ੍ਹਾਅ 22 ਦਸੰਬਰ 2024 ਨੂੰ ਸ਼ੁਰੂ ਕੀਤਾ ਗਿਆ ਸੀ।


ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਇੱਕ ਮੋਟਰ ਚਾਲੂ ਕੀਤੀ ਗਈ ਸੀ ਤੇ ਹੁਣ ਇੱਥੇ ਦੋ ਹੋਰ ਮੋਟਰਾਂ ਚਾਲੂ ਕਰ ਦਿੱਤੀਆਂ ਗਈਆਂ ਹਨ। ਇੰਨ੍ਹਾਂ ਤਿੰਨ੍ਹਾਂ ਮੋਟਰਾਂ ਦੇ ਚੱਲਣ ਨਾਲ ਨਗਰ ਨਿਗਮ ਦਾ ਗੰਦਾ ਪਾਣੀ ਜਿਹੜਾ ਕਿ ਸਿੱਧੇ ਰੂਪ ਵਿੱਚ ਬੁੱਢੇ ਦਰਿਆ ਵਿੱਚ ਜਾ ਰਿਹਾ ਸੀ ਉਸ ਦਾ ਸਚੁੱਜਾ ਪ੍ਰਬੰਧ ਕਰ ਦਿੱਤਾ ਗਿਆ ਹੈ। ਇਹ ਗੰਦਾ ਪਾਣੀ ਉਸੇ ਤਰ੍ਹਾਂ ਰੋਕਿਆ ਗਿਆ ਹੈ ਜਿਵੇਂ ਪਵਿੱਤਰ ਕਾਲੀ ਵੇਈਂ ਵਿੱਚ ਸੁਲਤਾਨਪੁਰ ਲੋਧੀ ਦੀ ਇੱਕ ਡਰੇਨ ਦਾ ਗੰਦਾ ਪਾਣੀ ਬੰਨ੍ਹ ਮਾਰ ਕੇ ਰੋਕਿਆ ਗਿਆ ਸੀ।


ਇਹ ਮੋਟਰਾਂ ਚਾਲੂ ਕਰਨ ਤੋਂ ਪਹਿਲਾਂ ਵੀ ਗੁਰਦੁਆਰਾ ਗਾਊਘਾਟ ਵਿਖੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਅਰਦਾਸ ਬੇਨਤੀ ਕੀਤੀ ਸੀ। ਉਨ੍ਹਾਂ ਪੰਜਾਬ ਦੀਆਂ ਨਦੀਆਂ ਤੇ ਦਰਿਆਵਾਂ ਨੂੰ ਪਹਿਲਾਂ ਵਾਂਗ ਸਾਫ਼ ਸੁਥਰੇ ਵਗਣ ਦੀ ਕਾਮਨਾ ਕਰਦਿਆ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਨਦੀਆਂ ਅਤੇ ਦਰਿਆਵਾਂ ਦੇ ਰੂਪ ਵਿੱਚ ਮਿਲੀ ਆਪਣੀ ਵਿਰਾਸਤ ਨੂੰ ਸੰਭਾਲਣ ਅਤੇ ਸਾਫ ਸੁਥਰਾ ਰੱਖਣ ਲਈ ਅੱਗੇ ਆਉਣ।