24 ਜਨਵਰੀ ਨੂੰ ਵਰਲਡਵਾਈਡ ਸਿਨੇਮਿਆਂ ਦਾ ਸ਼ਿੰਗਾਰ ਬਣੇਗੀ ਪੰਜਾਬੀ ਫ਼ਿਲਮ 'ਕਬੂਤਰਬਾਜ਼' - ਸੁਖਪਾਲ ਸਿੱਧੂ.

 

* ਫ਼ਿਲਮ ਦਾ ਪੋਸਟਰ ਜਾਰੀ 

ਪੰਜਾਬੀ ਸਿਨੇਮਾ ਜਗਤ ਵਿੱਚ ਸ਼ਿਕਾਰੀ,ਜੱਟ  ਜੀਊਣਾ"ਣਾ ਮੌੜ (ਇੱਕ ਸੱਚੀ ਗਾਥਾ ), ਵਲੈਤਣ ਜੱਟੀ, ਦੇਸ਼ ਧ੍ਰੋਹੀ, ਚੰਨੋ, ਬਲੈਕ ਐਂਡ ਵਾਈਟ ਟੀ ਵੀ, ਗੂੰਗਾ ਪਹਿਲਵਾਨ ਵਰਗੀਆਂ ਪੰਜਾਬੀ ਫੀਚਰ ਫ਼ਿਲਮਾਂ ਰਾਹੀਂ ਵਿਸ਼ੇਸ ਨਾਮਣਾ ਖੱਟਣ ਵਾਲੇ ਪੰਜਾਬੀ ਫ਼ਿਲਮਾਂ ਦੇ ਪ੍ਰਸਿੱਧ ਪ੍ਰੋਡਿਊਸਰ, ਡਾਇਰੈਕਟਰ ਤੇ ਅਦਾਕਾਰ ਸੁਖਪਾਲ ਸਿੱਧੂ 24 ਜਨਵਰੀ ਨੂੰ ਪਰਮਜੀਤ ਫਿਲਮਜ਼ ਦੇ ਬੈਨਰ ਹੇਠ ਆਪਣੀ ਨਵੀਂ ਪੰਜਾਬੀ ਫਿਲਮ 'ਕਬੂਤਰਬਾਜ਼' ਨਾਲ ਦਰਸ਼ਕਾਂ ਦੀ ਕਚਿਹਰੀ ਵਿੱਚ ਆਪਣੀ ਹਾਜ਼ਰੀ ਲਵਾਉਣਗੇ ਜਿਸਦਾ ਆਕਰਸ਼ਿਕ ਪੋਸਟਰ ਨੂੰ ਅੱਜ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਸੁਖਪਾਲ ਸਿੱਧੂ ਨੇ ਦੱਸਿਆ ਕਿ  ਇਸ ਫਿਲਮ ਵਿੱਚ ਪੰਜਾਬੀਆਂ ਦੇ ਕਬੂਤਰਬਾਜ਼ੀ ਦੇ ਵਿਲੱਖਣ ਸ਼ੌਕ ਨੂੰ ਸਮਰਪਿਤ ਅਤੇ ਪੇਂਡੂ ਪੰਜਾਬੀ ਜੀਵਨ ਦੀ ਰੌਚਕ ਵੰਨਗੀ ਦੀ ਝਲਕ ਪ੍ਰਸਤੁਤ ਕਰਦੀ ਕਹਾਣੀ ਪੇਸ਼ ਕੀਤੀ ਗਈ ਹੈ, ਜਿਸਨੂੰ ਲਿਖਿਆ ਵੀ ਖ਼ੁਦ ਸੁਖਪਾਲ ਸਿੱਧੂ ਨੇ ਹੈ ਅਤੇ ਇਸ ਪੰਜਾਬੀ ਫ਼ਿਲਮ ਵਿੱਚ ਅਦਾਕਾਰ ਰਾਜਵੀਰ ਗਰੇਵਾਲ ਤੇ ਅਦਾਕਾਰਾ ਸਿਮਰ ਜੌਹਲ ਪ੍ਰਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ ਜਦਕਿ ਦਿੱਗਜ ਅਦਾਕਾਰ  ਮਲਕੀਤ ਰੌਣੀ, ਰਣਜੀਤ ਮਣੀ, ਰਾਣਾ ਜੰਗ ਬਹਾਦਰ, ਦਿਲਾਵਰ ਸਿੱਧੂ, ਗੁਰਵਿੰਦਰ ਸਰਾਂ ( ਮਿੰਨੀ ਮੇਹਰ ਮਿੱਤਲ ), ਭੋਟੂ ਸ਼ਾਹ, ਅਮਰਜੀਤ ਕੌਰ, ਪਾਲੀ ਮਾਂਗਟ, ਮਹਾਂਵੀਰ ਭੁੱਲਰ, ਨਗਿੰਦਰ ਗੱਖੜ, ਰਾਜ ਧਾਲੀਵਾਲ, ਨੀਰਜ ਕਾਂਤ, ਸੰਜੀਵ ਕਲੇਰ, ਬਲਕਾਰ ਸਿੰਘ, ਜ਼ੀ ਗੁਰਜਾਨ, ਪ੍ਰਭ ਰਾਮਗੜ੍ਹੀਆ ਆਦਿ ਨੇ ਵੀ ਆਪੋ ਆਪਣੇ ਕਿਰਦਾਰਾਂ ਨਾਲ ਪੂਰਾ ਇਨਸਾਫ਼ ਕੀਤਾ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਬਤੌਰ ਹੀਰੋ ਅਦਾਕਾਰ ਰਾਜਵੀਰ ਗਰੇਵਾਲ ਦੀ ਇਹ ਦੂਸਰੀ ਫਿਲਮ ਹੈ। ਇਸਤੋਂ ਪਹਿਲਾਂ ਉਹ ਪੰਜਾਬੀ ਫੀਚਰ ਫਿਲਮ ਬਲੈਕ ਐਂਡ ਵਾਈਟ ਟੀ ਵੀ ਵਿੱਚ ਵੀ ਬਤੌਰ ਹੀਰੋ ਭੂਮਿਕਾ ਨਿਭਾ ਚੁੱਕੇ ਹਨ ਅਤੇ ਇਸ ਫਿਲਮ ਵਿੱਚ ਅਦਾਕਾਰਾ ਸਿਮਰ ਜੌਹਲ ਵੀ ਉਹਨਾਂ ਨਾਲ ਆਪਣੀਆਂ ਅਦਾਵਾਂ ਦੇ ਜਲਵੇ ਬਿਖੇਰਦੇ ਨਜ਼ਰ ਆਉਣਗੇ। ਇਸ ਫਿਲਮ ਵਿੱਚ ਗੀਤਕਾਰ ਕੁਲਦੀਪ ਸਿੰਘ ਦੁੱਗਲ ਦੇ ਲਿਖੇ ਗੀਤਾਂ ਨੂੰ ਰਣਜੀਤ ਮਣੀ ਤੇ ਅਮਰਿੰਦਰ ਬੌਬੀ, ਰੂਪ ਕੌਰ ਸਮੇਤ ਕਈ ਗਾਇਕਾਂ ਨੇ ਬਾਖੂਬੀ ਗਾਇਆ ਹੈ ਤੇ ਜਿਹਨਾਂ ਦਾ ਸੰਗੀਤ ਸੰਗੀਤਕਾਰ ਕੇ ਵੀ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਫਿਲਮ ਦੀ ਸਿਨੇ ਆਟੋਗ੍ਰਾਫੀ ਬਾਲੀਵੁੱਡ ਦੇ ਨਾਮਵਰ ਕੈਮਰਾਮੈਨ ਕਮਲ ਸ਼ਰਮਾ ਨੇ ਕੀਤੀ ਹੈ ਜਦਕਿ ਐਕਸ਼ਨ ਸਤਵੰਤ ਬੱਲ ਵੱਲੋਂ ਕੀਤਾ ਗਿਆ ਹੈ। ਇਸਦੇ ਨਾਲ ਹੀ ਸਟਿਲ ਫੋਟੋਗ੍ਰਾਫੀ ਇੰਦਰ ਸਰਾਂ ਵੱਲੋਂ ਕੀਤੀ ਗਈ ਹੈ ਅਤੇ ਇਸ ਫਿਲਮ ਦੇ ਐਡੀਟਰ ਸ਼ਾਮ ਸੁੰਦਰ ਲਾਭ ਤੇ ਪ੍ਰੋਡਕਸ਼ਨ ਮੈਨੇਜਰ ਬਲਕਾਰ ਸਿੰਘ ਹਨ। ਸ. ਸਿੱਧੂ ਨੇ ਇਹ ਫਿਲਮ ਪੰਜਾਬੀ ਫਿਲਮ ਪ੍ਰੇਮੀਆਂ ਨੂੰ ਭਰਪੂਰ ਪਸੰਦ ਆਉਣ ਦੀ ਆਸ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਪੰਜਾਬੀ ਜੀਵਨ ਸ਼ੈਲੀ ਦੇ ਵਿਲੱਖਣ ਪੱਖਾਂ ਨੂੰ ਪੇਸ਼ ਕਰਦੀਆਂ ਫ਼ਿਲਮਾਂ ਪੰਜਾਬੀ ਦਰਸ਼ਕਾਂ ਦੀ ਝੋਲੀ ਪਾਉਣ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ।