ਸ਼ਹੀਦ ਜੋਗਿੰਦਰ ਪਾਲ ਪਾਂਡੇ ਦੀ 27ਵੀਂ ਬਰਸੀ ਸ਼ਰਧਾਪੂਰਵਕ ਮਨਾਈ.
ਲੁਧਿਆਣਾ, 19 ਜਨਵਰੀ (ਇੰਦਰਜੀਤ) - ਖਾੜਕੂਵਾਦ ਦੇ ਕਾਲੇ ਦਿਨਾਂ ਵਿਚ ਸ਼ਹੀਦ ਹੋਏ ਪੰਜਾਬ ਦੇ ਸਾਬਕਾ ਮੰਤਰੀ ਅਤੇ ਸਿਰਕੱਢ ਕਾਂਗਰਸੀ ਨੇਤਾ ਜੋਗਿੰਦਰ ਪਾਲ ਪਾਂਡੇ ਦੀ 27ਵੀ ਬਰਸੀ ਅੱਜ ਇਥੇ ਚਾਂਦ ਸਿਨੇਮਾ ਦੇ ਸਾਹਮਣੇ ਪਾਰਕ ਵਿਚ ਸ਼ਰਧਾਪੂਰਵਕ ਮਨਾਈ ਗਈ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ, ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਪਤਨੀ ਅਤੇ ਸਾਬਕਾ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਸਾਬਕਾ ਮੰਤਰੀ ਰਾਕੇਸ਼ ਪਾਂਡੇ, ਸੁਰਿੰਦਰ ਡਾਬਰ, ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ, ਸਾਬਕਾ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ, ਪੰਜਾਬ ਭਾਜਪਾ ਦੇ ਉਪ ਪ੍ਰਧਾਨ ਪਰਵੀਨ ਬਾਂਸਲ, ਸੀਨੀਅਰ ਕਾਂਗਰਸੀ ਆਗੂ ਅਮਰਜੀਤ ਜੀਤਾ, ਪ੍ਰਦੀਪ ਢੱਲ, ਚਮਨ ਲਾਲ ਲੂਥਰਾ ਆਦਿ ਨੇ ਸ਼ਹੀਦ ਪਾਂਡੇ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਜਦੋਂ ਪੰਜਾਬ ਅੱਤਵਾਦ ਦੀ ਅੱਗ ਵਿੱਚ ਸੜ ਰਿਹਾ ਸੀ ਤਾਂ ਹਿੰਦੂ-ਸਿੱਖ ਏਕਤਾ ਲਈ ਆਵਾਜ਼ ਬੁਲੰਦ ਕਰਨ ਵਾਲੇ ਨਿਡਰ ਆਗੂ ਜੋਗਿੰਦਰ ਪਾਲ ਪਾਂਡੇ 1987 ਦੇ ਅੱਜ ਦੇ ਦਿਨ ਹੀ ਅੱਤਵਾਦੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ। ਅੱਜ ਸਮਾਜ ਦੇ ਵੱਖ-ਵੱਖ ਵਰਗਾਂ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਉਨ੍ਹਾਂ ਦੀ ਬਰਸੀ ਹਿੰਦੂ-ਸਿੱਖ ਏਕਤਾ ਅਤੇ ਭਾਈਚਾਰੇ ਦੀ ਸਾਂਝ ਨੂੰ ਪੀਡਾ ਕਰਨ ਲਈ ਮਨਾਈ ਜਾ ਰਹੀ ਹੈ। ਸ੍ਰੀ ਪਾਂਡੇ ਇਕ ਮਿਹਨਤੀ ਨੇਤਾ ਹੀ ਨਹੀਂ ਸਨ, ਸਗੋਂ ਉਨ੍ਹਾਂ ਦੀ ਅਜਿਹੀ ਸ਼ਖਸੀਅਤ ਵੀ ਸੀ ਕਿ ਲੋਕ ਉਨ੍ਹਾਂ ਨੂੰ ਅੱਜ ਵੀ ਯਾਦ ਕਰਦੇ ਹਨ। ਜਿੱਥੇ ਅੱਜ ਲੋਕ ਆਪੋ-ਆਪਣੀਆਂ ਸਿਆਸੀ ਪਾਰਟੀਆਂ ਨੂੰ ਮੁੱਖ ਰੱਖ ਕੇ ਦੂਜਿਆਂ ਦੇ ਵਿਰੋਧ ਵਿਚ ਲੱਗੇ ਹੋਏ ਹਨ, ਸ੍ਰੀ ਪਾਂਡੇ ਹੀ ਇੱਕ ਅਜਿਹੇ ਆਗੂ ਸਨ ਜੋ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕ ਸੇਵਾ ਵਿੱਚ ਲੱਗੇ ਰਹੇ। ਸਾਰੀਆਂ ਪਾਰਟੀਆਂ ਦੇ ਲੋਕ ਬਿਨਾਂ ਕਿਸੇ ਝਿਜਕ ਦੇ ਉਹਨਾਂ ਦੇ ਘਰ ਆਉਂਦੇ ਸਨ ਅਤੇ ਕਦੇ ਵੀ ਕੋਈ ਕੰਮ ਕਹਿਣ ਤੋਂ ਝਿਜਕਦੇ ਨਹੀਂ ਸਨ।
