ਕੌਂਸਲਰ ਐਕਸ਼ਨ ਮੋਡ 'ਚ - ਇਲਾਕੇ ਵਿੱਚ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਸ਼ੁਰੂ ਕਰਨ ਲਈ ਕਰ ਰਹੇ ਹਨ ਕਮਰਕੱਸੇ .

 

ਲੁਧਿਆਣਾ 19 ਜਨਵਰੀ (ਰਾਕੇਸ਼ ਅਰੋੜਾ) - ਵਾਰਡ ਨੰਬਰ 82 ਦੇ ਕੌਂਸਲਰ ਅਰੁਣ ਸ਼ਰਮਾ ਆਪਣੇ ਵਾਰਡ ਦੀ ਬਿਹਤਰੀ ਲਈ ਹਰਕਤ ਵਿੱਚ ਆ ਗਏ ਹਨ। ਕੌਂਸਲਰ ਅਰੁਣ ਸ਼ਰਮਾ ਨੇ ਵਾਰਡ ਦੇ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਦੇ ਮਕਸਦ ਨਾਲ ਅੱਜ ਇਲਾਕੇ ਦੇ ਵੱਖ-ਵੱਖ ਚੌਕਾਂ ਦੀ ਮਾੜੀ ਹਾਲਤ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਇਸ ਸਬੰਧੀ ਨਿਗਮ ਕਮਿਸ਼ਨਰ ਨੂੰ ਪੱਤਰ ਲਿਖਣ ਦਾ ਦਾਅਵਾ ਕੀਤਾ ਹੈ ਤਾਂ ਜੋ ਇਸ ਅਣਗਹਿਲੀ ਨੂੰ ਨੱਥ ਪਾਈ ਜਾ ਸਕੇ।  ਕੌਂਸਲਰ ਅਰੁਣ ਸ਼ਰਮਾ ਨੇ ਬਾਬਾ ਥਾਨ ਸਿੰਘ ਚੌਕ ਦੇ ਰੱਖ-ਰਖਾਅ ’ਤੇ ਨਗਰ ਨਿਗਮ ਦੀਆਂ ਅੱਖਾਂ ਬੰਦ ਕਰਨ ’ਤੇ ਸਵਾਲ ਉਠਾਏ। ਉਨ੍ਹਾਂ ਦੱਸਿਆ ਕਿ ਇਸ ਚੌਕ ਦੀ ਕਾਇਆ ਕਲਪ ਦਾ ਕੰਮ 2022 ਵਿੱਚ ਸ਼ੁਰੂ ਕੀਤਾ ਗਿਆ ਸੀ ਜਿਸ ਵਿੱਚ ਇੱਕ ਸੁੰਦਰ ਫੁਹਾਰਾ ਵੀ ਲਗਾਇਆ ਗਿਆ ਸੀ। ਪਰ ਬਦਕਿਸਮਤੀ ਨਾਲ ਇਹ ਫੁਹਾਰਾ ਪਿਛਲੇ ਢਾਈ ਸਾਲਾਂ ਤੋਂ ਚਾਲੂ ਨਹੀਂ ਹੋਇਆ। ਜਿਸ ਕਾਰਨ ਇਸ ਦੀ ਮਸ਼ੀਨਰੀ ਵੀ ਖਰਾਬ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਆਸ-ਪਾਸ ਦੇ ਲੋਕਾਂ ਵੱਲੋਂ ਮੇਰੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਇਸ ਫੁਹਾਰੇ ਦੀ ਮੋਟਰ ਤਿੰਨ ਵਾਰ ਬਦਲੀ ਜਾ ਚੁੱਕੀ ਹੈ ਜਦਕਿ ਸਵਾਲ ਇਹ ਹੈ ਕਿ ਜਦੋਂ ਫੁਹਾਰਾ ਚਾਲੂ ਹੀ ਨਹੀਂ ਹੈ ਤਾਂ ਮੋਟਰ ਖਰਾਬ ਕਿਵੇਂ ਹੋ ਗਈ? ਉਨ੍ਹਾਂ ਇਸ ਨੂੰ ਲੋਕਾਂ ਦੇ ਟੈਕਸ ਦੇ ਪੈਸੇ ਦੀ ਬਰਬਾਦੀ ਦੱਸਿਆ।

ਇਸ ਮੌਕੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਚੌਕ ਵਿੱਚ ਪਿਛਲੇ ਕਈ ਸਾਲਾਂ ਤੋਂ ਕੋਈ ਲਾਈਟਾਂ ਨਹੀਂ ਚੱਲ ਰਹੀਆਂ, ਜਦੋਂਕਿ ਇੱਥੇ ਜੋ ਲਾਈਟਾਂ ਲਗਾਈਆਂ ਗਈਆਂ ਸਨ, ਉਹ ਵੀ ਕੁਝ ਸਮਾਂ ਪਹਿਲਾਂ ਹਟਾ ਦਿੱਤੀਆਂ ਗਈਆਂ ਸਨ ਅਤੇ ਹੁਣ ਤੱਕ ਨਵੀਆਂ ਲਾਈਟਾਂ ਨਹੀਂ ਲਗਾਈਆਂ ਗਈਆਂ। ਉਨ੍ਹਾਂ ਕਿਹਾ ਕਿ ਚੌਕ ਦੀ ਇਹ ਹਾਲਤ ਨਾ ਸਿਰਫ਼ ਅਸੁਵਿਧਾਜਨਕ ਹੈ ਸਗੋਂ ਰਾਤ ਸਮੇਂ ਆਵਾਜਾਈ ਲਈ ਵੀ ਖ਼ਤਰਨਾਕ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਸ਼ਿਕਾਇਤ ਕੀਤੀ ਤਾਂ ਸਵੇਰੇ ਹੀ ਚੌਕ ਦੀ ਸਫ਼ਾਈ ਕਰਵਾਈ ਗਈ, ਚੌਕ ਦੀਆਂ ਉੱਖੜੀਆਂ ਹੋਈਆਂ ਟਾਈਲਾਂ ਨੂੰ ਕਾਹਲੀ ਨਾਲ ਪਲਸਤਰ ਕੀਤਾ ਗਿਆ। ਇਸ ਮੌਕੇ ਰਾਜੀਵ ਕਤਨਾ, ਸੌਰਭ ਪਲਟਾ, ਜਸਪ੍ਰੀਤ ਸਿੰਘ, ਮੰਗੀ ਸਿੰਘ, ਰਿੰਕੂ ਕਪੂਰ, ਜਸਪਾਲ ਸਿੰਘ ਤਲਵਾੜ, ਵਿਨੈ ਬੁੱਧੀਰਾਜਾ ਆਦਿ ਸਮੇਤ ਕਈ ਵਾਰਡ ਵਾਸੀ ਹਾਜ਼ਰ ਸਨ।

3 ਨੰਬਰ ਚੌਕ ਦੀ ਦੁਰਦਸ਼ਾ

ਕੌਂਸਲਰ ਨੇ ਦੱਸਿਆ ਕਿ ਥਾਣਾ ਡਿਵੀਜ਼ਨ ਨੰਬਰ 3 ਦੇ ਸਮੁੱਚੇ ਚੌਕ ਵਿੱਚ ਘਾਹ, ਤੂੜੀ ਅਤੇ ਕੂੜੇ ਦੇ ਵੱਡੇ ਢੇਰ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਚੌਕ ਦੇ ਵਿਚਕਾਰ 8 ਲਾਈਟਾਂ ਲੱਗੀਆਂ ਹੋਈਆਂ ਹਨ ਪਰ ਇਨ੍ਹਾਂ ਵਿੱਚੋਂ ਇੱਕ ਵੀ ਕੰਮ ਨਹੀਂ ਕਰ ਰਹੀ। ਇਹ ਚੌਂਕ ਮਾਤਾ ਸ਼੍ਰੀ ਵੈਸ਼ਨੋ ਦੇਵੀ ਮੰਦਿਰ ਦੇ ਸਾਹਮਣੇ ਸਥਿਤ ਹੈ ਜਿੱਥੇ ਅਕਸਰ ਚੌਂਕ ਵਿੱਚ ਸ਼ਰਾਬ ਦੀਆਂ ਖਾਲੀ ਬੋਤਲਾਂ ਪਈਆਂ ਰਹਿੰਦੀਆਂ ਹਨ। ਸ਼ਰਮਾ ਨੇ ਕਿਹਾ ਕਿ ਇਹ ਸਥਿਤੀ ਵਾਰਡ ਵਾਸੀਆਂ ਲਈ ਬੇਹੱਦ ਸ਼ਰਮਨਾਕ ਅਤੇ ਨਾ ਮੰਨਣਯੋਗ ਹੈ। ਉਨ੍ਹਾਂ ਇਨ੍ਹਾਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦਾ ਭਰੋਸਾ ਦਿੱਤਾ।


ਕੌਂਸਲਰ ਅਰੁਣ ਸ਼ਰਮਾ ਨੇ ਦੋਸ਼ ਲਾਇਆ ਕਿ ਉਪਰੋਕਤ ਮਾਮਲੇ ਵਿੱਚ ਕਿਤੇ ਨਾ ਕਿਤੇ ਸਬੰਧਤ ਵਿਭਾਗ ਦੀ ਅਣਗਹਿਲੀ ਹੋਈ ਹੈ ਅਤੇ ਇਸ ਦੀ ਜਾਂਚ ਕਰਵਾਉਣ ਲਈ ਪੱਤਰ ਵੀ ਲਿਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਾਰਡ ਦਾ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਉਨ੍ਹਾਂ ਦੀ ਪਹਿਲ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਿਹੜੇ ਅਧਿਕਾਰੀ ਜਨਤਾ ਦੇ ਟੈਕਸਾਂ ਦੀ ਦੁਰਵਰਤੋਂ ਕਰ ਰਹੇ ਹਨ। ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸ਼ਰਮਾ ਨੇ ਵਾਅਦਾ ਕੀਤਾ ਕਿ ਬਾਬਾ ਥਾਨ ਸਿੰਘ ਚੌਂਕ ਅਤੇ ਨੰਬਰ 3 ਚੌਂਕ ਨੂੰ ਮੁੜ ਤੋਂ ਸੁੰਦਰ ਅਤੇ ਚਮਕਦਾਰ ਬਣਾਉਣ ਲਈ ਨਿਗਮ ਕਮਿਸ਼ਨਰ ਨੂੰ ਪੱਤਰ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਚੌਕਾਂ ਦੀ ਸਫ਼ਾਈ ਅਤੇ ਰੋਸ਼ਨੀ ਦਾ ਪ੍ਰਬੰਧ ਜਲਦੀ ਤੋਂ ਜਲਦੀ ਕੀਤਾ ਜਾਵੇਗਾ ਤਾਂ ਜੋ ਇਲਾਕਾ ਨਿਵਾਸੀਆਂ ਅਤੇ ਆਵਾਜਾਈ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।