ਸੰਵਿਧਾਨ ਬਚਾਓ ਮੋਰਚਾ ਵਲੋਂ ਮੰਗਲਵਾਰ ਨੂੰ ਲੁਧਿਆਣਾ ਬੰਦ ਦਾ ਸੱਦਾ.
*ਬਾਬਾ ਸਾਹਿਬ ਦੀ ਪ੍ਰਤਿਮਾ ਦਾ ਅਪਮਾਨ ਕਰਨ ਵਾਲੇ ਖਿਲਾਫ਼ ਲਾਈ ਜਾਵੇ ਐਨਐਸਏ : ਵਿਜੈ ਦਾਨਵ*
ਲੁਧਿਆਣਾ 27 ਜਨਵਰੀ (ਇੰਦਰਜੀਤ) : ਸੰਵਿਧਾਨ ਬਚਾਓ ਮੋਰਚਾ ਦੀ ਇਕ ਹੰਗਾਮੀ ਮੀਟਿੰਗ ਸਥਾਨਕ ਘਾਟੀ ਮੁਹੱਲਾ ਵਿਖੇ ਹੋਈ। ਇਸ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਐਸ.ਸੀ. ਸਮਾਜ ਦੇ ਆਗੂਆਂ ਵਲੋਂ ਸ਼ਿਰਕਤ ਕੀਤੀ ਗਈ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਵਿਜੈ ਦਾਨਵ ਅਤੇ ਚੌਧਰੀ ਯਸ਼ਪਾਲ ਨੇ ਦੱਸਿਆ ਕਿ ਬੀਤੇ ਦਿਨੀਂ 26 ਜਨਵਰੀ ਗਣਤੰਤਰ ਦਿਵਸ ਮੌਕੇ ਅੰਮ੍ਰਿਤਸਰ ਵਿਚ ਇਕ ਬਹੁਤ ਮੰਦਭਾਗੀ ਘਟਨਾ ਵਾਪਰੀ, ਜਿਥੇ ਇਕ ਵਿਅਕਤੀ ਵਲੋਂ ਜਿਥੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਪ੍ਰਤਿਮਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਉਥੇ ਹੀ ਦੇਸ਼ ਦੇ ਸਭ ਤੋਂ ਸਰਵਉਚ ਗ੍ਰੰਥ ਭਾਰਤੀ ਸੰਵਿਧਾਨ ਨੂੰ ਵੀ ਅੱਗ ਲਾਈ ਗਈ ਜਿਸ ਨਾਲ ਪੂਰੀ ਦੁਨੀਆਂ ਵਿਚ ਡਾ. ਅੰਬੇਡਕਰ ਜੀ ਨੂੰ ਚਾਹੁੰਣ ਵਾਲੇ ਦੇ ਦਿਲਾਂ ਨੂੰ ਬਹੁਤ ਹੀ ਜਿਆਦਾ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਦੇਸ਼ ਵਿਚ ਭਾਰਤੀ ਸੰਵਿਧਾਨ ਲਾਗੂ ਹੋਇਆ ਉਸੇ ਹੀ ਦਿਨ 76ਵੇਂ ਗਣਤੰਤਰ ਦਿਵਸ ਮੌਕੇ ਅਜਿਹੀ ਘਟਨਾ ਹੋਣ ਹੀ ਬਹੁਤ ਹੀ ਮੰਦਭਾਗੀ ਹੈ ਅਤੇ ਇਸ ਘਟਨਾ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਨੀ ਹੀ ਘੱਟ ਹੈ। ਉਨ੍ਹਾਂ ਕਿਹਾ ਕਿ ਲਗਭਗ 4-5 ਘੰਟੇ ਦੀ ਲੰਮੀ ਮੀਟਿੰਗ ਤੋਂ ਬਾਅਦ ਸਾਰੇ ਹੀ ਆਗੂਆਂ ਨਾਲ ਰਾਏ ਕਰਨ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਕਿ ਮੰਗਲਵਾਰ ਨੂੰ ਐਸ.ਸੀ. ਸਮਾਜ ਵਲੋਂ ਲੁਧਿਆਣਾ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਮੰਗਲਵਾਰ ਨੂੰ ਐਸ ਸੀ ਸਮਾਜ ਦੇ ਸਮੂਹ ਆਗੂਆਂ ਵਲੋਂ ਸਥਾਨਕ ਘੰਟਾ ਘਰ ਵਿਖੇ 11 ਵਜੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਨਾਲ ਹੀ ਉਕਤ ਆਗੂਆਂ ਵਲੋਂ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਉਹ ਇਸ ਮੌਕੇ ਬੰਦ ਦੌਰਾਨ ਆਪਣੀਆਂ ਦੁਕਾਨਾਂ ਨੂੰ ਬੰਦ ਰੱਖਣ ਅਤੇ ਬੰਦ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਛੋਟ ਰਹੇਗੀ। ਉਨ੍ਹਾਂ ਵਿਸ਼ੇਸ਼ ਤੌਰ ਤੇ ਮੰਗ ਕਰਦੇ ਹੋਏ ਕਿਹਾ ਕਿ ਉਕਤ ਵਿਅਕਤੀ ਖਿਲਾਫ਼ ਐਨਐਸਏ ਲਗਾ ਕੇ ਉਸਨੂੰ ਡਿਬਰੂਗੜ੍ਹ ਜੇਲ੍ਹ ਭੇਜਿਆ ਜਾਵੇ ਤਾਂ ਜੋ ਕੋਈ ਵੀ ਵਿਅਕਤੀ ਦੁਬਾਰਾ ਅਜਿਹੀ ਘਿਨੌਣੀ ਘਟਨਾ ਨੂੰ ਅੰਜਾਮ ਨਾ ਦੇ ਸਕੇ। ਇਸ ਮੌਕੇ ਆਨੰਦ ਕਿਸ਼ੋਰ, ਬਲਵਿੰਦਰ ਬਿੱਟਾ, ਡਾ. ਗੁਰਵਿੰਦਰ ਅਟਵਾਲ, ਐਡਵੋਕੇਟ ਨਰਿੰਦਰ ਆਦਿਆ, ਬਲਵਿੰਦਰ ਜੱਸੀ, ਡਾ. ਅਰੁਣ ਸਿੱਧੂੂ, ਸ਼ਿਵ ਸੋਨੀ, ਸ਼ੀਤਲ ਆਦਿਵੰਸ਼ੀ, ਰਵੀ ਬਾਲੀ, ਅਜੇਪਾਲ ਦਿਸ਼ਾਵਰ, ਅਮਨ ਬੱਸੀ, ਰਾਜੇਸ਼ ਰਾਜੀ, ਵਿੱਕੀ ਸਹੋਤਾ, ਰਾਜ ਕੁਮਾਰ ਹੈਪੀ, ਅਦਿੱਤਯ ਬੱਗਨ, ਅਰੁਣ ਚੰਡਾਲਿਆ, ਬਾਦਲ ਗਿੱਲ, ਐਡਵੋਕੇਟ ਤੱਕਸ਼ਣ ਬੱਗਣ, ਅਜੇ ਸਭਰਵਾਲ, ਅਸ਼ੋਕ ਦਾਨਵ, ਜਤਿੰਦਰ ਗੋਰਿਆਨ ਵੀ ਹਾਜ਼ਰ ਸਨ।
