ਬਾਬਾ ਹਰਭਗਤ ਸਿੰਘ ਦੀ ਯਾਦ ’ਚ ਕੀਰਤਨ ਸਮਾਗਮ ਹੋਇਆ.
ਲੁਧਿਆਣਾ, 29 ਜਨਵਰੀ (ਸੰਨੀ ਸ਼ਰਮਾ)- ਗੁੁਰਦੁਆਰਾ ਬਾਬਾ ਵਡਭਾਗ ਸਿੰਘ ਨਿਊ ਕੁੰਦਨਪੁਰੀ ਦੇ ਪਰਮ ਸੰਤ ਬਾਬਾ ਹਰਭਗਤ ਸਿੰਘ ਦੀ ਨਿਘੀ ਯਾਦ ਵਿਚ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਸਮਾਗਮ ਹੋਇਆ, ਜਿਸ ਵਿੱਚ ਵੱਡੀ ਗਿਣਤੀ ਸੰਗਤਾਂ ਨੇ ਨਤਮਸਤਕ ਹੋ ਕੇ ਕੀਰਤਨ ਸਰਵਣ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਭਾਈ ਗੁਰਵਿੰਦਰ ਸਿੰਘ ਅਤੇ ਭਾਈ ਕੁਲਦੀਪ ਸਿੰਘ ਲਾਂਬਾ ਦੇ ਜੱਥੇ ਨੇ ਕੀਰਤਨ ਕਰਦਿਆਂ ਆਈਆਂ ਸੰਗਤਾਂ ਨੂੰ ਸੰਤ ਬਾਬਾ ਹਰਭਗਤ ਸਿੰਘ ਜੀ ਦੇ ਜੀਵਨ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਬਾਬਾ ਹਰਭਗਤ ਸਿੰਘ ਜੀ ਦੀ 42ਵੀਂ ਬਰਸੀ ਮੌਕੇ ਗੁਰਦੁਆਰਾ ਬਾਬਾ ਵਡਭਾਗ ਸਿੰਘ ਵਿਖੇ ਬਾਬਾ ਜੀ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਪਰਮ ਸੰਤ ਬਾਬਾ ਹਰਭਗਤ ਸਿੰਘ ਜੀ ਬਸੰਤ ਪੰਚਮੀ ਵਾਲੇ ਦਿਨ 1982 ਵਿੱਚ ਚੋਲਾ ਛੱਡ ਗਏ ਸਨ। ਬਾਬਾ ਹਰਭਗਤ ਸਿੰਘ ਜੀ ਵੱਲੋਂ ਆਪਣਾ ਪੂਰਾ ਜੀਵਨ ਬਾਬਾ ਵਡਭਾਗ ਸਿੰਘ ਦੀ ਭਗਤੀ ਅਤੇ ਸੰਗਤਾਂ ਦੀ ਸੇਵਾ ਵਿੱਚ ਬਤੀਤ ਕੀਤਾ। ਉਨ੍ਹਾਂ ਵੱਲੋਂ ਵੱਡੀ ਗਿਣਤੀ ਵਿੱਚ ਸੰਗਤ ਨੂੰ ਬਾਬਾ ਜੀ ਦੇ ਚਰਨਾਂ ਨਾਲ ਜੋੜਿਆ ਅਤੇ ਉਨ੍ਹਾਂ ਨੂੰ ਗੁਰੂ ਉਪਦੇਸ਼ ਉਤੇ ਚੱਲਣ ਲਈ ਪ੍ਰੇਰਿਤ ਕੀਤਾ ਸੀ। ਉਨ੍ਹਾਂ ਦੀ ਯਾਦ ਵਿੱਚ ਗੁਰਦੁਆਰਾ ਬਾਬਾ ਵਡਭਾਗ ਸਿੰਘ ਵਿਖੇ ਹਰ ਸਾਲ ਸਮਾਗਮ ਕਰਵਾਇਆ ਜਾਂਦਾ ਹੈ, ਜਿਸ ਵਿੱਚ ਲੁਧਿਆਣਾ ਤੋਂ ਇਲਾਵਾ ਦੂਜੇ ਸ਼ਹਿਰਾਂ ਤੋਂ ਵੀ ਸੰਗਤਾਂ ਨਤਮਸਤਕ ਹੁੰਦੀਆਂ ਹਨ। ਇਸ ਮੌਕੇ ਹਜ਼ੂਰੀ ਰਾਗੀ ਜੱਥੇ ਤੋਂ ਇਲਾਵਾ ਪੰਥ ਪ੍ਰਸਿੱਧ ਰਾਗੀ ਤੇ ਢਾਡੀ ਜੱਥਿਆਂ ਵੱਲੋਂ ਕਥਾ ਕੀਰਤਨ ਵਿਚਾਰਾਂ ਨਾਲ ਸਾਂਝ ਪਾਈ। ਸਮਾਗਮ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ।
